*ਸੋਨ ਤਮਗਾ ਜੇਤੂ ਨੂੰ 5 ਲੱਖ, ਚਾਂਦੀ ਲਈ 3 ਅਤੇ ਕਾਂਸਾ ਤਮਗਾ ਜਿੱਤਣ ’ਤੇ ਕੀਤੀ 2 ਲੱਖ ਰੁਪਏ ਦੀ ਨਗਦ ਰਾਸ਼ੀ ਪ੍ਰਦਾਨ
*ਤਮਗਾ ਜੇਤੂ ਖਿਡਾਰੀਆਂ ਨੂੰ ਅਗਲੀਆਂ ਕੌਮੀ ਪੱਧਰ ਖੇਡਾਂ ਦੀ ਤਿਆਰੀ ਲਈ ਹਰ ਮਹੀਨੇ
ਮਿਲਣਗੇ 16 ਹਜ਼ਾਰ ਰੁਪਏ
ਮਾਨਸਾ, 22 ਅਪ੍ਰੈਲ :
ਸੂਬੇ ਅੰਦਰ ਖੇਡਾਂ ਨੂੰ ਪ੍ਰਫੁਲਿਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੌਮੀ ਖੇਡਾਂ ਵਿੱਚ ਤਮਗਾ ਜੇਤੂ ਖਿਡਾਰੀਆਂ ਨੂੰ ਨਗਦ ਇਨਾਮ ਦਿੱਤੇ ਜਾ ਰਹੇ ਹਨ। ਇਸੇ ਤਹਿਤ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਹੋਈਆਂ ਨੈਸ਼ਨਲ ਗੇਮਜ਼-2022 ਵਿੱਚ ਤਮਗੇ ਪ੍ਰਾਪਤ ਕਰਨ ਵਾਲੇ ਸੂਬੇ ਦੇ 141 ਖਿਡਾਰੀਆਂ ਨੂੰ ਚੰਡੀਗੜ੍ਹ ਦੇ 35 ਸੈਕਟਰ ਵਿਖੇ ਸਥਾਪਿਤ ਮਿਊਂਸਿਪਲ ਭਵਨ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਨੇ 5.43 ਕਰੋੜ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੈਸ਼ਨਲ ਗੇਮਜ਼ ਵਿੱਚ ਮਾਨਸਾ ਜ਼ਿਲ੍ਹੇ ਦੇ 5 ਖਿਡਾਰੀਆਂ ਨੇ ਵੀ ਤਮਗੇ ਹਾਸਿਲ ਕੀਤੇ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਖਿਡਾਰੀ ਵਿਜੇਵੀਰ ਨੇ ਸ਼ੂਟਿੰਗ ਵਿੱਚ 2 ਸੋਨ ਤਮਗੇ ਹਾਸਿਲ ਕੀਤੇ ਅਤੇ ਪੰਜਾਬ ਸਰਕਾਰ ਵੱਲੋਂ ਇਸ ਖਿਡਾਰੀ ਨੂੰ 10 ਲੱਖ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ।
ਉਨ੍ਹਾਂ ਦੱਸਿਆ ਕਿ ਖਿਡਾਰੀ ਸਤਨਾਮ ਸਿੰਘ ਨੇ ਰੋਇੰਗ ਖੇਡ ਵਿੱਚ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ ਸੀ, ਜਿਸ ਬਦਲੇ ਉਸਨੂੰ 3 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ। ਇਸੇ ਤਰ੍ਹਾਂ ਅਥਲੈਟਿਕਸ ਵਿੱਚ ਮੰਜੂ ਰਾਣੀ ਵੱਲੋਂ ਚਾਂਦੀ ਦਾ ਤਮਗਾ ਜਿੱਤਣ ’ਤੇ ਉਸਨੂੰ 3 ਲੱਖ ਰੁਪਏ ਦੀ ਨਗਦ ਇਨਾਮ ਰਾਸ਼ੀ ਨਾਲ ਪੁਰਸਕ੍ਰਿਤ ਕੀਤਾ ਗਿਆ। ਕੁਸ਼ਤੀ ਖੇਡ ਵਿੱਚ ਸਾਹਿਲ ਨੇ ਚਾਂਦੀ ਦਾ ਤਮਗਾ ਜਿੱਤਿਆ ਅਤੇ ਉਸਨੂੰ ਵੀ 3 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਕੁਸ਼ਤੀ ਖੇਡ ਵਿੱਚ ਸੰਦੀਪ ਨੂੰ ਕਾਂਸੇ ਦਾ ਤਮਗਾ ਜਿੱਤਣ ’ਤੇ ਪੰਜਾਬ ਸਰਕਾਰ ਵੱਲੋਂ ਊਸਨੂੰ 2 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਸ ਦੌਰਾਨ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਮਾਨ ਨੇ ਐਲਾਨ ਕੀਤਾ ਕਿ ਇਨ੍ਹਾਂ ਜੇਤੂ ਖਿਡਾਰੀਆਂ ਨੂੰ ਅਗਲੀਆਂ ਕੌਮੀ ਪੱਧਰ ਦੀਆਂ ਖੇਡਾਂ ਦੀ ਤਿਆਰੀ ਲਈ ਹਰ ਮਹੀਨੇ 16 ਹਜ਼ਾਰ ਰੁਪਏ ਦਿੱਤੇ ਜਾਣਗੇ, ਤਾਂ ਜੋ ਊਹ ਹੋਰ ਵਧੀਆਂ ਢੰਗ ਨਾਲ ਆਪਣਾ ਅਭਿਆਸ ਜਾਰੀ ਰੱਖਣ ਅਤੇ ਅਗਲੀਆਂ ਹੋਣ ਵਾਲੀਆਂ ਕੌਮੀ ਪੱਧਰ ਦੀਆਂ ਖੇਡਾਂ ਵਿੱਚ ਵੱਧ ਤੋਂ ਵੱਧ ਤਮਗੇ ਹਾਸਿਲ ਕਰ ਸਕਣ।
Boota Singh Basi
President & Chief Editor