ਗੱਤਕਾ ਸੰਸਥਾਵਾਂ ਵੱਲੋਂ ਐਸ.ਜੀ.ਐਫ.ਆਈ. ਪ੍ਰਧਾਨ ਤੇ ਸੰਯੁਕਤ ਸਕੱਤਰ ਦਾ ਖੇਡ ਦੀ ਬਹਾਲੀ ਲਈ ਧੰਨਵਾਦ*
ਚੰਡੀਗੜ, 10 ਅਗਸਤ
ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਅਣਥੱਕ ਯਤਨਾਂ ਸਦਕਾ ਮਾਰਸ਼ਲ ਆਰਟ ਗੱਤਕੇ ਦੀ ਪ੍ਰਫੁੱਲਤਾ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੋਈ ਹੈ ਅਤੇ ਸੱਤ ਸਾਲਾਂ ਦੇ ਵਕਫੇ ਤੋਂ ਬਾਅਦ ਅਗਾਮੀ ਰਾਸ਼ਟਰੀ ਸਕੂਲ ਖੇਡਾਂ ਵਿੱਚ ਗੱਤਕੇ ਨੂੰ ਬਤੌਰ ਖੇਡ ਵਜੋਂ ਮੁੜ੍ਹ ਸ਼ਾਮਲ ਕਰ ਲਿਆ ਗਿਆ ਹੈ। ਇਸ ਮਹੱਤਵਪੂਰਨ ਘਟਨਾਕ੍ਰਮ ਦਾ ਖੁਲਾਸਾ ਅੱਜ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ.) ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ ਅਤੇ ਡਾ. ਦੀਪ ਸਿੰਘ ਜਨਰਲ ਸਕੱਤਰ ਵਿਸ਼ਵ ਗੱਤਕਾ ਫੈਡਰੇਸ਼ਨ ਨੇ ਕੀਤਾ। ਵਧੇਰੇ ਜਾਣਕਾਰੀ ਦਿੰਦੇ ਹੋਏ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ (ਐਸ.ਜੀ.ਐਫ.ਆਈ) ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਭਗਵਤੀ ਸਿੰਘ ਨਾਲ ਇੱਕ ਅਹਿਮ ਮੀਟਿੰਗ ਹੋਈ, ਜੋ ਕਿ ਲਖਨਊ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੇ ਜਾਇੰਟ ਡਾਇਰੈਕਟਰ ਵਜੋਂ ਤਾਇਨਾਤ ਹਨ। ਇਸ ਮੀਟਿੰਗ ਦੌਰਾਨ ਗਰੇਵਾਲ ਨੇ ਉਨ੍ਹਾਂ ਨੂੰ ਇੱਕ ਰਸਮੀ ਬੇਨਤੀ ਪੱਤਰ ਅਤੇ ਗੱਤਕਾ ਖੇਡ ਦੀ ਤਕਨੀਕੀ ਨਿਯਮਾਂਵਲੀ ਵੀ ਪੇਸ਼ ਕੀਤੀ ਜਿਸ ਵਿੱਚ ਆਗਾਮੀ 66ਵੀਆਂ ਕੌਮੀ ਸਕੂਲ ਖੇਡਾਂ ਵਿੱਚ ਗੱਤਕੇ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਉਸ ਮੌਕੇ ਐਸ.ਜੀ.ਐਫ.ਆਈ. ਦੇ ਪ੍ਰਤੀਨਿਧੀ ਨੇ ਗੱਤਕੇ ਨੂੰ ਪ੍ਰਸਤਾਵਿਤ ਖੇਡ ਕੈਲੰਡਰ ਵਿੱਚ ਸ਼ਾਮਲ ਕਰਨ ਲਈ ਵਚਨਬੱਧ ਕੀਤਾ ਸੀ ਜਿਸ ਕਰਕੇ ਗੱਤਕਾ ਖਿਡਾਰੀਆਂ ਅੰਦਰ ਵਿਆਪਕ ਖੁਸ਼ੀ ਅਤੇ ਉਮੀਦ ਦੀ ਕਿਰਨ ਪੈਦਾ ਹੋਈ ਹੈ।
ਹਰਜੀਤ ਸਿੰਘ ਗਰੇਵਾਲ਼ ਤੇ ਡਾ. ਦੀਪ ਸਿੰਘ ਨੇ ਇਸ ਧੰਨਵਾਦੀ ਪ੍ਰਗਟਾਵੇ ਵਿੱਚ ਐਸ.ਜੀ.ਐਫ.ਆਈ. ਦੇ ਪ੍ਰਧਾਨ ਦੀਪਕ ਕੁਮਾਰ ਆਈ.ਏ..ਐਸ. ਅਤੇ ਸੰਯੁਕਤ ਸਕੱਤਰ ਭਗਵਤੀ ਸਿੰਘ ਦੇ ਸਹਿਯੋਗੀ ਯਤਨਾਂ ਲਈ ਤਹਿਦਿਲੋਂ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਰਾਸ਼ਟਰੀ ਮੰਚ ‘ਤੇ ਗੱਤਕੇ ਦੀ ਮੁੜ ਸੁਰਜੀਤੀ ਲਈ ਰਾਹ ਪੱਧਰਾ ਕੀਤਾ ਹੈ। ਗਰੇਵਾਲ ਨੇ ਉਮੀਦ ਜਤਾਈ ਕਿ ਗੱਤਕਾ ਖੇਡ ਦੀ ਹੁਣ ਦੇਸ਼ ਭਰ ਦੇ ਵਿਦਿਅਕ ਅਦਾਰਿਆਂ ਵਿੱਚ ਸ਼ਮੂਲੀਅਤ ਸਦਕਾ ਇਸ ਖੇਡ ਦੇ ਪ੍ਰਸਾਰ ਨੂੰ ਵਧੇਰੇ ਪ੍ਰਫੁੱਲਤ ਕਰਨ ਲਈ ਬਹੁਤ ਲੋੜੀਂਦਾ ਉਤਸ਼ਾਹ ਅਤੇ ਸਵੀਕ੍ਰਿਤੀ ਮਿਲੇਗੀ।
ਰਾਸ਼ਟਰੀ ਸਕੂਲ ਖੇਡਾਂ ਵਿੱਚ ਗੱਤਕੇ ਦੀ ਸ਼ਮੂਲੀਅਤ ਦਾ ਜ਼ਿਕਰ ਕਰਦੇ ਹੋਏ, ਗਰੇਵਾਲ ਤੇ ਡਾ. ਦੀਪ ਸਿੰਘ ਨੇ ਦੱਸਿਆ ਕਿ ਇਸ ਮਾਰਸ਼ਲ ਆਰਟ ਨੂੰ ਸ਼ੁਰੂਆਤ ਵਿੱਚ ਸਾਲ 2012 ਦੌਰਾਨ ਕੌਮੀ ਸਕੂਲ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਸੀ, ਪਰ ਦੋ ਸਾਲਾਂ ਬਾਅਦ ਹੀ ਇਸ ਨੂੰ ਖੇਡ ਕੈਲੰਡਰ ਬਾਹਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਸਾਲ 2015 ਵਿੱਚ, ਐਨ.ਜੀ.ਏ.ਆਈ. ਦੇ ਯਤਨਾਂ ਨਾਲ, ਗੱਤਕੇ ਨੂੰ ਮੁੜ ਨੈਸ਼ਨਲ ਸਕੂਲ ਖੇਡਾਂ ਵਿੱਚ ਬਹਾਲ ਕੀਤਾ ਗਿਆ ਸੀ, ਪਰ ਪੰਜਾਬ ਵਿੱਚ ਖੇਡਾਂ ਦੀ ਮੇਜ਼ਬਾਨੀ ਵਿੱਚ ਤਰਕਸੰਗਤ ਚੁਣੌਤੀਆਂ ਕਾਰਨ ਇੱਕ ਵਾਰ ਫਿਰ ਇਸ ਖੇਡ ਨੂੰ ਬਾਹਰ ਹੋਣ ਦਾ ਸਾਹਮਣਾ ਕਰਨਾ ਪਿਆ।
ਗੱਤਕਾ ਪ੍ਰਮੋਟਰ ਹਰਜੀਤ ਸਿੰਘ ਗਰੇਵਾਲ਼ ਤੇ ਡਾ. ਦੀਪ ਸਿੰਘ ਨੇ ਇਸ ਪ੍ਰਾਪਤੀ ਉੱਤੇ ਖੁਸ਼ੀ ਅਤੇ ਮਾਣ ਦਾ ਪ੍ਰਗਟਾਵਾ ਕਰਦਿਆਂ ਸਾਰੇ ਗੱਤਕਾ ਖਿਡਾਰੀਆਂ ਅਤੇ ਤਕਨੀਕੀ ਅਧਿਕਾਰੀਆਂ ਨੂੰ ਉਨ੍ਹਾਂ ਦੇ ਦ੍ਰਿੜ ਸਮਰਪਣ ਲਈ ਹਾਰਦਿਕ ਵਧਾਈ ਦਿੱਤੀ ਅਤੇ ਵਿਸ਼ਵਾਸ਼ ਦਿਵਾਇਆ ਕਿ ਇਹ ਮਹੱਤਵਪੂਰਨ ਫੈਸਲਾ ਬਿਨਾਂ ਸ਼ੱਕ ਦੇਸ਼ ਵਿੱਚ ਗੱਤਕਾ ਖੇਡ ਦੇ ਵਧਣ-ਫੁੱਲਣ ਦੇ ਰਾਹ ਨੂੰ ਹੋਰ ਉਤਸ਼ਾਹਿਤ ਕਰੇਗਾ।