ਨੈਸ਼ਨਲ ਬੁੱਕ ਟਰੱਸਟ ਦਿੱਲੀ ਦੇ ਸਾਬਕਾ ਡਾਇਰੈਕਟਰ ਡਾ. ਬਲਦੇਵ ਸਿੰਘ ਬੱਧਣ ਜੰਡਿਆਲਾ ਗੁਰੂ ਵਿਖੇ ਸਨਮਾਨਿਤ

0
162

ਮਰਹੂਮ ਨੌਜਵਾਨ ਸ਼ਾਇਰ ਅੰਮ੍ਰਿਤ ਪੰਨੂ ਦੀ ਕਿਤਾਬ “ਸਵੈ ਚਿੰਤਨ” ਲੋਕ ਅਰਪਿਤ
—-
ਜੰਡਿਆਲਾ ਗੁਰੂ, 23 ਅਪ੍ਰੈਲ (ਸ਼ੁਕਰਗੁਜ਼ਾਰ ਸਿੰਘ)- ਨੈਸ਼ਨਲ ਬੁੱਕ ਟਰੱਸਟ ਦਿੱਲੀ ਦੇ ਸਾਬਕਾ ਡਾਇਰੈਕਟਰ ਡਾ. ਬਲਦੇਵ ਸਿੰਘ ਬੱਧਣ ਸਥਾਨਕ ਕਸਬਾ ਜੰਡਿਆਲਾ ਗੁਰੂ ਵਿਖੇ ਉਚੇਚੇ ਤੌਰ ‘ਤੇ ਪਹੁੰਚੇ ਜਿੱਥੇ ਉਹਨਾਂ ਮਰਹੂਮ ਪੰਥਕ ਕਵੀ ਸ. ਤਰਲੋਕ ਸਿੰਘ ਦੀਵਾਨਾ ਜੀ ਦੇ ਗ੍ਰਹਿ ਜੋਤੀਸਰ ਕੋਲੋਨੀ, ਜੰਡਿਆਲਾ ਗੁਰੂ ਵਿਖੇ ਮਰਹੂਮ ਨੌਜਵਾਨ ਸ਼ਾਇਰ ਅੰਮ੍ਰਿਤਪਾਲ ਸਿੰਘ ਪੰਨੂ ਦੀ ਪੁਸਤਕ “ਸਵੈ ਚਿੰਤਨ” ਨੂੰ ਲੋਕ ਅਰਪਿਤ ਕੀਤਾ। ਡਾ. ਬੱਧਣ ਦੇ ਨਾਲ ਨਾਲ ਦਿੱਲੀ ਦੇ ਵਸਨੀਕ ਪੰਥਕ ਕਵੀ ਸ. ਗੁਰਚਰਨ ਸਿੰਘ ਚਰਨ ਜੀ ਵੀ ਇਸ ਪੁਸਤਕ ਲੋਕ ਅਰਪਿਤ ਸਮਾਗਮ ਵਿੱਚ ਸ਼ਾਮਿਲ ਹੋਏ। ਡਾ. ਬੱਧਣ ਨੇ ਦੱਸਿਆ ਕਿ ਕਵੀ ਅੰਮ੍ਰਿਤਪਾਲ ਸਿੰਘ ਇੱਕ ਬਹੁਤ ਹੀ ਸੰਜੀਦਾ ਤੇ ਸਹਿਜ ਕਵੀ ਸੀ ਜੋ ਕਵਿਤਾ ਵਿੱਚ ਹੋਣ ਵਾਲੇ ਸ਼ਬਦਾਂ ਦੀ ਵਰਤੋਂ ਦੇ ਢੰਗ ਤੋਂ ਬਖੂਬੀ ਜਾਣੂ ਸੀ ਅਤੇ ਉਸਦੀ ਇਹ ਕਿਤਾਬ ਆਪਣੇ ਸਿਰਲੇਖ “ਸਵੈਚਿੰਤਨ” ਨਾਲ ਇੰਨਸਾਫ਼ ਕਰਦੀ ਦਿਖਾਈ ਦੇਂਦੀ ਹੈ ਤੇ ਇਸ ਕਿਤਾਬ ਨੂੰ ਪਾਠਕ ਤੇ ਆਮ ਵਰਗ ਦੇ ਹੱਥਾਂ ਤੱਕ ਪਹੁੰਚਾਉਣਾ ਕਵਿਤਾ ਨੂੰ ਪਸੰਦ ਕਰਨ ਵਾਲੇ ਹਰੇਕ ਪਾਠਕ, ਕਵੀ, ਲੇਖਕ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ ਜੋ ਇਸ ਮਰਹੂਮ ਨੌਜਵਾਨ ਸ਼ਾਇਰ ਨੂੰ ਸਦਾ ਹੀ ਅਮਰ ਰੱਖਿਆ ਜਾ ਸਕੇ। ਪੰਥਕ ਕਵੀ ਸ. ਗੁਰਚਰਨ ਸਿੰਘ ਚਰਨ ਜੀ ਨੇ ਕਿਤਾਬ ਵਿਚਲੀ ਸਾਦੀ ਸ਼ਬਦਾਵਲੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਕਿਤਾਬ ਸਮਾਜ ਦੇ ਹਰ ਵਰਗ ਦੇ ਹਾਣ ਦੀ ਹੈ ਤੇ ਬੜੀ ਸੌਖੀ ਸ਼ਬਦਾਵਲੀ ਨਾਲ ਹਰ ਇੱਕ ਸਖਸ਼ ਦੇ ਸਮਝ ਆਉਣ ਵਾਲੀ ਕਵਿਤਾਵਾਂ ਨਾਲ ਲਬਰੇਜ਼ ਹੈ। ਦੁਬਈ ਤੋਂ ਆਏ ਪੰਜਾਬੀ ਗਾਇਕ ਅੰਗ੍ਰੇਜ ਸਿੰਘ ਨੇ ਪੰਨੂ ਦੇ ਜੋਬਨ ਰੁੱਤੇ ਜਾਣ ਦਾ ਦੁੱਖ ਪ੍ਰਗਟ ਕੀਤਾ ਤੇ ਹਾਜ਼ਿਰ ਸਰੋਤਿਆਂ ਨੂੰ ਦੱਸਿਆ ਜਲਦੀ ਹੀ ਦੁਬਈ ਦੇਸ਼ ਵਿੱਚ ਅੰਮ੍ਰਿਤ ਪੰਨੂ ਦੀ ਯਾਦ ਵਿੱਚ ਵਿਸ਼ਾਲ ਸਾਹਿਤਕ ਸਮਾਗਮ ਉਲੀਕਿਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਸਾਹਿਤਕਾਰਾਂ ਨੂੰ ਵੀ ਸੱਦਾ ਪੱਤਰ ਦਿੱਤਾ ਜਾਵੇਗਾ । ਸ. ਤਰਲੋਕ ਸਿੰਘ ਦੀਵਾਨਾ ਜੀ ਦੇ ਸਪੁੱਤਰ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਜੀ ਨੇ ਡਾ. ਬਲਦੇਵ ਸਿੰਘ ਬੱਧਣ ਜੀ ਨੂੰ ਜੀ ਆਇਆਂ ਨੂੰ ਆਖਦਿਆਂ ਜੰਡਿਆਲਾ ਗੁਰੂ ਸ਼ਹਿਰ ਵਿੱਚ ਲਾਇਬ੍ਰੇਰੀ ਬਣਾਉਣ ਦੀ ਬੇਨਤੀ ਕਰਦਿਆਂ ਵਿਚਾਰਾਂ ਦੀ ਸਾਂਝ ਪਾਈ। ਅਖੀਰ ਵਿੱਚ ਡਾ. ਬੱਧਣ ਅਤੇ ਕਵੀ ਚਰਨ ਜੀ ਨੂੰ ਬਾਬਾ ਹਰਭਜਨ ਸਿੰਘ ਜੀ (ਅੰਮ੍ਰਿਤਪਾਲ ਸਿੰਘ ਪੰਨੂ ਦੇ ਪਿਤਾ) ਮੁੱਖ ਸੇਵਾਦਾਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪਿੰਡ ਖੱਬੇ ਰਾਜਪੂਤਾਂ, ਦੁਬਈ ਤੋਂ ਆਏ ਪੰਜਾਬੀ ਗਾਇਕ ਅੰਗ੍ਰੇਜ ਸਿੰਘ, ਭਾਈ ਸੁਖਦੇਵ ਸਿੰਘ ਅਤੇ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਬਚਿੱਤਰ ਸਿੰਘ, ਪ੍ਰੋਫੈਸਰ ਵਨੀਤ ਕੌਰ(ਸ਼੍ਰੀ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਕਾਲਜ,ਸਠਿਆਲਾ), ਹਰਮਨਦੀਪ ਸਿੰਘ (ਲੁਧਿਆਣਾ), ਅਮਰਜੀਤ ਕੌਰ, ਸ਼ਰਨਪ੍ਰੀਤ ਕੌਰ, ਹਰਪ੍ਰੀਤ ਸਿੰਘ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here