ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ
– ਨੌਜਵਾਨ ਖੇਡਾਂ ਨਾਲ ਜੁੜ ਕੇ ਆਪਣਾ ਬਿਹਤਰ ਭਵਿੱਖ ਬਣਾ ਸਕਦੇ ਹਨ – ਈ ਟੀ ਓ
– ਪੰਜਾਬ ਸਰਕਾਰ ਖੇਡਾਂ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕਰ ਰਹੀ ਕੰਮ
– ਕੈਬਨਟ ਮੰਤਰੀ ਨੇ ਤਰਸਿੱਕਾ ਬਲਾਕ ਵਿੱਚ ਕਰਵਾਈ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ
ਅੰਮ੍ਰਿਤਸਰ 7 ਸਤੰਬਰ
ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਨੇ ਜਦੋਂ ਤੋਂ ਸੂਬੇ ਦੀ ਵਾਗਡੋਰ ਸੰਭਾਲੀ ਹੈ ਉਦੋਂ ਤੇ ਹੀ ਖੇਡਾਂ ਨੂੰ ਹੋਰ ਉੱਚਾ ਚੁੱਕਣ ਵਾਸਤੇ ਵਿਸ਼ੇਸ਼ ਯਤਨ ਕੀਤੇ ਗਏ ਹਨ ਅਤੇ ਰਾਜ ਵਿੱਚ ਚੱਲ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਦੇ ਸੁਨਹਿਰੇ ਭਵਿੱਖ ਦਾ ਗਵਾਹ ਬਣਨਗੀਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਨੇ ਤਰਸਿੱਕਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਪੱਧਰੀ ਮੁਕਾਬਲੇ ਸ਼ੁਰੂ ਕਰਨ ਮੌਕੇ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਅਤੇ ਸੂਬੇ ਦੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਵਿੱਚ ਲਿਆਉਣ ਲਈ ਸ਼ੁਰੂ ਕੀਤੀਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਦਾ ਤੀਜਾ ਸੀਜਨ ਇਸ ਗੱਲ ਦਾ ਗਵਾਹ ਹੈ ਕਿ ਸਾਡੇ ਨੌਜਵਾਨ ਵੱਧ ਚੜ ਕੇ ਖੇਡ ਮੈਦਾਨਾਂ ਵਿੱਚ ਆ ਰਹੇ ਹਨ ਅਤੇ ਸੂਬੇ ਦਾ ਨਾਮ ਵਿਸ਼ਵ ਭਰ ਵਿੱਚ ਉੱਚਾ ਕਰ ਰਹੇ ਹਨ।
ਸਰਦਾਰ ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਖੇਡਾਂ ਵਿੱਚ ਵਧੀਆ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਉੱਚ ਪਦਵੀਆਂ ਦੇ ਕੇ ਸਨਮਾਨਿਆ ਹੈ ਅਤੇ ਹੁਣ ਵੀ ਜਿਹੜੇ ਵੀ ਖਿਡਾਰੀ ਸੂਬੇ ਦਾ ਨਾਮ ਦੁਨੀਆਂ ਵਿੱਚ ਰੌਸ਼ਨ ਕਰਨਗੇ ਉਹਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਉੱਚ ਅਹੁਦੇ ਦਿੱਤੇ ਜਾਣਗੇ। ਉਹਨਾਂ ਹੋਰ ਕਿਹਾ ਕਿ ਸਾਡੀ ਸਰਕਾਰ ਨੇ ਬਿਨਾਂ ਕਿਸੇ ਰਿਸ਼ਵਤ ਜਾਂ ਸਿਫਾਰਿਸ਼ ਤੋਂ ਤਕਰੀਬਨ 47 ਹਜਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਜਿਨਾਂ ਵਿੱਚ ਵੱਡੀ ਗਿਣਤੀ ਖਿਡਾਰੀਆਂ ਦੀ ਵੀ ਹੈ। ਉਹਨਾਂ ਹੋਰ ਕਿਹਾ ਕਿ ਅੱਜ ਦੇ ਦੌਰ ਵਿੱਚ ਖੇਡਾਂ ਬਹੁਤ ਜਰੂਰੀ ਹਨ ਕਿਉਂਕਿ ਖੇਡਾਂ ਨਾਲ ਜੁੜ ਕੇ ਹੀ ਸਾਡੇ ਨੌਜਵਾਨ ਸਮਾਜਿਕ ਲਾਣਤਾਂ ਤੋਂ ਦੂਰ ਰਹਿ ਸਕਦੇ ਹਨ।
ਕੈਬਨਟ ਮੰਤਰੀ ਨੇ ਨੌਜਵਾਨ ਪੀੜੀ ਨੂੰ ਪ੍ਰੇਰਤ ਕਰਦਿਆਂ ਕਿਹਾ ਕਿ ਖੇਡਾਂ ਇੱਕ ਅਜਿਹਾ ਖੇਤਰ ਹਨ ਜਿਸ ਨਾਲ ਜੁੜ ਕੇ ਜਿੱਥੇ ਸਮਾਜ ਵਿੱਚ ਫੈਲੀ ਨਸ਼ਿਆਂ ਦੀ ਲਾਹਣਤ ਦਾ ਖਾਤਮਾ ਕੀਤਾ ਜਾ ਸਕਦਾ ਹੈ, ਉਥੇ ਹੀ ਨੌਜਵਾਨ ਆਪਣਾ ਭਵਿੱਖ ਵੀ ਰੌਸ਼ਨ ਕਰ ਸਕਦੇ ਹਨ।
ਇਸ ਮੌਕੇ ਜਿਲਾ ਖੇਡ ਅਫਸਰ ਸੁਖਚੈਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਯਤਨਾਂ ਸਦਕਾ ਅੱਜ ਸਾਡੇ ਪੰਜਾਬੀ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਹੇ ਹਨ । ਉਹਨਾਂ ਕਿਹਾ ਕਿ ਸਰਕਾਰ ਵੱਲੋਂ ਖਿਡਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਦਕਾ ਹੀ ਅੱਜ ਓਲੰਪਿਕ ਖੇਡਾਂ ਵਿੱਚ ਹਾਕੀ ਦੀ ਟੀਮ ਵੱਲੋਂ ਕਾਸੀ ਦਾ ਤਗਮਾ ਜਿੱਤਿਆ ਗਿਆ ਹੈ। ਜਿਸ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਸਰਕਾਰ ਪਿੰਡਾਂ ਵਿੱਚ ਖੇਡ ਸਟੇਡੀਅਮ ਬਣਾ ਰਹੀ ਹੈ ਅਤੇ ਖਿਡਾਰੀਆਂ ਦੀ ਸਹੂਲਤ ਲਈ ਹੋਰ ਇੰਤਜ਼ਾਮ ਵੀ ਕੀਤੇ ਜਾ ਰਹੇ ਹਨ ਤਾਂ ਜੋ ਸਾਡੇ ਨੌਜਵਾਨ ਪੀੜੀ ਖੇਡਾਂ ਦੇ ਖੇਤਰ ਵਿੱਚ ਦਿਨ ਦੂਣੀ ਰਾਤ ਚੌਗਣੀ ਤਰੱਕੀ ਕਰ ਸਕੇ। ਇਸ ਮੌਕੇ ਡੀਐਸਪੀ ਰਵਿੰਦਰ ਸਿੰਘ, ਬਲਾਕ ਪ੍ਰਧਾਨ ਬਲਰਾਜ ਸਿੰਘ, ਗੁਰਜਿੰਦਰ ਸਿੰਘ, ਜਰਮਨ ਸਿੰਘ , ਭੁਪਿੰਦਰ ਸਿੰਘ, ਚੇਅਰਮੈਨ ਛਣਾਕ ਸਿੰਘ, ਗੁਰਮੁਖ ਸਰਜਾ, ਪ੍ਰਿੰਸੀਪਲ ਸਰਕਾਰੀ ਸੀ ਸੇ ਸਕੂਲ ਤਰਸਿੱਕਾ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ— ਤਰਸਿਕਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕਰਦੇ ਹੋਏ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ।
ਅੰਮ੍ਰਿਤਸਰ ਕੇਂਦਰੀ ਜੇਲ ਤੋਂ ਛੇ ਪਾਕਿਸਤਾਨੀ ਕੈਦੀ ਰਿਹਾਅ
ਦੇਰ ਰਾਤ ਪਾਕਿਸਤਾਨ ਦੇ ਹਵਾਲੇ ਕੀਤੇ ਗਏ ਕੈਦੀ- ਹੇਮੰਤ ਸ਼ਰਮਾ
ਅੰਮ੍ਰਿਤਸਰ 7 ਸਤੰਬਰ —ਅੰਮ੍ਰਿਤਸਰ ਕੇਂਦਰੀ ਜੇਲ ਵਿੱਚ ਬੰਦ ਛੇ ਪਾਕਿਸਤਾਨੀ ਕੈਦੀ ਜੋ ਕਿ ਬੀਤੇ ਲੰਮੇ ਸਮੇਂ ਤੋਂ ਦੇਸ਼ ਵਾਪਸੀ ਦੇ ਇੰਤਜ਼ਾਰ ਵਿੱਚ ਸਨ, ਨੂੰ ਬੀਤੇ ਕੱਲ ਰਿਹਾਅ ਕਰ ਦਿੱਤਾ ਗਿਆ। ਜੇਲ ਸੁਪਰਡੈਂਟ ਸ੍ਰੀ ਹਿੰਮਤ ਸ਼ਰਮਾ ਨੇ ਦੱਸਿਆ ਕਿ ਉਕਤ ਕੈਦੀ ਰਿਹਾਅ ਕਰਨ ਲਈ ਭਾਰਤ ਸਰਕਾਰ ਜਰੀਏ ਲਗਾਤਾਰ ਪਾਕਿਸਤਾਨ ਨਾਲ ਸੰਪਰਕ ਬਣਾਇਆ ਗਿਆ, ਜਿੱਥੋਂ ਉਹਨਾਂ ਦੀ ਸ਼ਨਾਖਤ ਹੋਣ ਉਪਰੰਤ ਸਾਰੀ ਕਾਨੂੰਨੀ ਅਤੇ ਕੂਟਨੀਤਿਕ ਜਰੂਰਤਾਂ ਪੂਰੀਆਂ ਕਰਦੇ ਹੋਏ ਕੱਲ ਸਵੇਰੇ ਇੰਨਾ ਕੈਦੀਆਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਗਿਆ।
ਜਿੱਥੋਂ ਪੁਲਿਸ ਨੇ ਇਹਨਾਂ ਨੂੰ ਆਈਸੀਪੀ ਅਟਾਰੀ ਜਰੀਏ ਦੇਰ ਰਾਤ ਪਾਕਿਸਤਾਨ ਦੇ ਹਵਾਲੇ ਕੀਤਾ। ਉਹਨਾਂ ਦੱਸਿਆ ਕਿ ਇਹਨਾਂ ਕੈਦੀਆਂ ਵਿੱਚ ਮੁਹੰਮਦ ਇਖਲਾਕ, ਅੱਲਾ ਬਖਸ਼ ਮਸੀਹ , ਫਕੀਰ ਹੁਸੈਨ, ਅਕਬਰ ਮਸੀਹ, ਤਾਰਕ ਮਹਿਮੂਦ ਅਤੇ ਵਸੀਮ ਇਰਸ਼ਾਦ ਸ਼ਾਮਿਲ ਸਨ। ਉਹਨਾਂ ਦੱਸਿਆ ਕਿ ਇਹ ਸਾਰੇ ਵੱਖ-ਵੱਖ ਕੇਸਾਂ ਵਿੱਚ ਜੇਲ ਵਿੱਚ ਕੈਦ ਸਨ।
ਕੈਪਸ਼ਨ—ਕੇਂਦਰੀ ਜੇਲ ਅੰਮ੍ਰਿਤਸਰ ਤੋਂ ਰਿਹਾਅ ਕੀਤੇ ਗਏ ਛੇ ਪਾਕਿਸਤਾਨੀ ਕੈਦੀ ਵਾਪਸੀ ਮੌਕੇ ਪੁਲਿਸ ਪਾਰਟੀ ਨਾਲ।
ਵਿਧਾਇਕ ਡਾ: ਅਜੇ ਗੁਪਤਾ ਨੇ ਇਲਾਕੇ ਭੱਦਰਕਾਲੀ ਦਾ ਕੀਤਾ ਦੌਰਾ, ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ, ਕਿਹਾ ਜਲਦ ਲੱਭਿਆ ਜਾਵੇਗਾ ਹੱਲ
ਅੰਮ੍ਰਿਤਸਰ, 7 ਸਤੰਬਰ : ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ: ਅਜੇ ਗੁਪਤਾ ਨੇ ਅੱਜ ਭੱਦਰਕਾਲੀ ਇਲਾਕੇ ਦਾ ਦੌਰਾ ਕੀਤਾ। ਭੱਦਰਕਾਲੀ ਇਲਾਕੇ ਦੇ ਲੋਕਾਂ ਨੇ ਵਿਧਾਇਕ ਡਾ: ਗੁਪਤਾ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਲੋਕਾਂ ਦੀਆਂ ਮੁੱਖ ਸ਼ਿਕਾਇਤਾਂ ਇਹ ਸਨ ਕਿ ਪੀਣ ਵਾਲਾ ਪਾਣੀ ਬਹੁਤ ਘੱਟ ਮਾਤਰਾ ਵਿੱਚ ਆ ਰਿਹਾ ਹੈ ਅਤੇ ਜੋ ਵੀ ਪਾਣੀ ਆ ਰਿਹਾ ਹੈ ਉਹ ਵੀ ਗੰਦਾ ਹੈ। ਵਿਧਾਇਕ ਡਾ: ਗੁਪਤਾ ਨੇ ਮੌਕੇ ‘ਤੇ ਮੌਜੂਦ ਨਗਰ ਨਿਗਮ ਦੇ ਓ.ਐਂਡ.ਐੱਮ. ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਕਿ ਆਉਣ ਵਾਲੇ ਦਿਨਾਂ ‘ਚ ਇਸ ਖੇਤਰ ‘ਚ ਨਵਾਂ ਟਿਊਬਵੈੱਲ ਚਾਲੂ ਕੀਤਾ ਜਾਵੇ। ਦੂਸ਼ਿਤ ਪਾਣੀ ਬੰਦ ਕੀਤਾ ਜਾਵੇ ਗੰਦਾ ਪਾਣੀ ਆ ਰਿਹਾ ਹੈ, ਇਸ ਦੇ ਕਾਰਨਾਂ ਦਾ ਵੀ ਪਤਾ ਲਗਾਇਆ ਜਾਣਾ ਚਾਹੀਦਾ ਹੈ ਅਤੇ ਇਸ ਸ਼ਿਕਾਇਤ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਅਗਲੇ ਹਫ਼ਤੇ ਬੁੱਧਵਾਰ ਨੂੰ ਮੁੜ ਇਸ ਖੇਤਰ ਵਿੱਚ ਆਉਣਗੇ, ਦੂਸ਼ਿਤ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਕਿਸੇ ਵੀ ਕੀਮਤ ’ਤੇ ਹੱਲ ਕੀਤਾ ਜਾਵੇ। ਇਲਾਕੇ ਦੇ ਲੋਕਾਂ ਨੇ ਸਫ਼ਾਈ ਵਿਵਸਥਾ ਦੀ ਮਾੜੀ ਹਾਲਤ ਬਾਰੇ ਵੀ ਵਿਧਾਇਕ ਨੂੰ ਜਾਣੂ ਕਰਵਾਇਆ। ਮੌਕੇ ‘ਤੇ ਹੀ ਵਿਧਾਇਕ ਨੇ ਨਗਰ ਨਿਗਮ ਦੇ ਸਿਹਤ ਅਧਿਕਾਰੀ ਡਾ: ਕਿਰਨ ਕੁਮਾਰ ਨੂੰ ਕਿਹਾ ਕਿ ਉਹ ਐਤਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਭੱਦਰਕਾਲੀ ਇਲਾਕੇ ਦਾ ਖੁਦ ਦੌਰਾ ਕਰਨ ਤਾਂ ਜੋ ਇਸ ਇਲਾਕੇ ਦੀ ਸਫ਼ਾਈ ਵਿਵਸਥਾ ਨੂੰ ਪੂਰੀ ਤਰ੍ਹਾਂ ਨਾਲ ਸੁਧਾਰਿਆ ਜਾਵੇ। ਵਿਧਾਇਕ ਡਾ: ਗੁਪਤਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਆਪਣੇ ਵਲੰਟੀਅਰਾਂ ਅਤੇ ਅਧਿਕਾਰੀਆਂ ਨਾਲ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ ਅਤੇ ਉਨ੍ਹਾਂ ਦਾ ਹੱਲ ਲੱਭ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਚਰਨਜੀਤ ਸਿੰਘ, ਵਿਸ਼ਵਾ ਲੂਥਰਾ, ਰਾਹੁਲ ਸੇਠੀ, ਚਿਰਾਗ, ਮਿੱਕੀ ਚੱਢਾ, ਸੰਜੀਵ ਕੁਮਾਰ ਲਾਲੀ, ਨਗਰ ਨਿਗਮ ਦੇ ਅਧਿਕਾਰੀ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ।
ਫੋਟੋ ਕੈਪਸ਼ਨ: ਵਿਧਾਇਕ ਡਾ.ਅਜੈ ਗੁਪਤਾ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ।