To:
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਅੰਮ੍ਰਿਤਸਰ
ਪਰਾਲੀ ਖੇਤਾਂ ਵਿੱਚ ਵਾਹੁਣ ਨਾਲ ਵਧ ਰਿਹਾ ਫਸਲਾਂ ਦਾ ਝਾੜ -ਕਿਸਾਨ ਦਲਬੀਰ ਸਿੰਘ ਪਿਛਲੇ ਚਾਰ ਸਾਲਾਂ ਤੋਂ ਪਰਾਲੀ ਸਾੜੇ ਬਿਨਾਂ ਕਰ ਰਿਹਾ ਖੇਤੀ
ਅੰਮ੍ਰਿਤਸਰ, 6 ਨਵੰਬਰ 2024–
ਜਿੱਥੇ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਸਰਕਾਰਾਂ ਵੱਲੋਂ ਅਧਿਕਾਰੀ ਦਿਨ ਰਾਤ ਇੱਕ ਕਰ ਰਹੇ ਹਨ ਉੱਥੇ ਜਿਲੇ ਦੇ ਕੁੱਝ ਜਾਗਰੂਕ ਕਿਸਾਨ ਅਜਿਹੇ ਵੀ ਹਨ ਜੋ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਖੇਤਾਂ ਵਿੱਚ ਵਾਹ ਕੇ ਕਣਕ ਦੀ ਬਿਜਾਈ ਕਰ ਰਹੇ ਹਨ। ਇਹਨਾਂ ਕਿਸਾਨਾਂ ਦਾ ਮੰਨਣਾ ਹੈ ਕਿ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਲਗਾਤਾਰ ਫਸਲਾਂ ਦਾ ਝਾੜ ਵਧ ਰਿਹਾ ਹੈ। ਪਿੰਡ ਭੁੱਲੇ ਚੱਕ ਨੇੜੇ ਅਜਨਾਲਾ ਦੇ ਕਿਸਾਨ ਦਲਬੀਰ ਸਿੰਘ ਜੋ ਕਿ ਸੁਪਰ ਸੀਡਰ ਨਾਲ ਕਣਕ ਦੀ ਬਜਾਈ ਕਰ ਰਹੇ ਸਨ , ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਪਰਾਲੀ ਨੂੰ ਸਾੜੇ ਬਿਨਾਂ ਕਣਕ ਦੀ ਬਿਜਾਈ ਕਰ ਰਹੇ ਹਨ। ਉਹਨਾਂ ਦੱਸਿਆ ਕਿ ਅਜਿਹਾ ਕਰਨ ਨਾਲ ਸਾਡੀਆਂ ਫਸਲਾਂ ਦੇ ਝਾੜ ਵਿੱਚ ਵਾਧਾ ਹੋਇਆ ਹੈ ਅਤੇ ਜਮੀਨ ਵਾਹਉਣ ਵਿੱਚ ਨਰਮ ਹੋਈ ਹੈ। ਉਹਨਾਂ ਦੱਸਿਆ ਕਿ ਮੈਂ ਇੱਕ ਸਾਲ ਵਿੱਚ ਤਿੰਨ-ਤਿੰਨ ਫਸਲਾਂ ਵੀ ਲੈ ਕੇ ਵੇਖੀਆਂ ਹਨ ਪਰ ਝਾੜ ਆਮ ਲੋਕਾਂ ਨਾਲੋਂ ਵੱਧ ਮਿਲਿਆ ਹੈ। ਇਸ ਸਾਲ ਦੀ ਗੱਲ ਕਰਦੇ ਉਹਨਾਂ ਦੱਸਿਆ ਕਿ ਇਸ ਸਾਲ ਮੈਂ ਕੁਝ ਖੇਤਾਂ ਵਿੱਚ ਕਣਕ ਕੱਟਣ ਤੋਂ ਬਾਅਦ ਪਸ਼ੂਆਂ ਦੇ ਚਾਰੇ ਲਈ ਮੱਕੀ ਬੀਜੀ ਸੀ, ਉਪਰੰਤ ਬਾਸਮਤੀ ਦੀ ਕਾਸ਼ਤ ਕੀਤੀ ਅਤੇ ਹੁਣ ਬਾਸਮਤੀ ਦੀ ਕਟਾਈ ਹੋਣ ਉੱਤੇ ਵੇਖਿਆ ਕਿ ਇਸ ਦਾ ਝਾੜ ਦੂਸਰੇ ਖੇਤਾਂ ਨਾਲੋਂ ਵੱਧ ਆਇਆ। ਉਹਨਾਂ ਦੱਸਿਆ ਕਿ ਤਕਰੀਬਨ ਪੰਜੀ ਕੁਇੰਟਲ ਝਾੜ ਪ੍ਰਤੀ ਏਕੜ ਮਿਲਿਆ ਹੈ। ਉਹਨਾਂ ਨੇ ਕਿਹਾ ਕਿ ਅਜਿਹਾ ਕਰਨ ਲਈ ਮੈਨੂੰ ਖੇਤੀਬਾੜੀ ਵਿਭਾਗ ਨੇ ਪ੍ਰੇਰਿਤ ਕੀਤਾ ਸੀ ਅਤੇ ਮੈਂ ਉਹਨਾਂ ਦੀ ਗੱਲ ਸੁਣ ਕੇ ਇਸ ਨੂੰ ਤਜਰਬੇ ਵਜੋਂ ਕਰਨਾ ਸ਼ੁਰੂ ਕੀਤਾ ਸੀ, ਜਿਸ ਚੰਗੇ ਨਤੀਜੇ ਆਏ।
ਦੱਸਣ ਯੋਗ ਹੈ ਕਿ ਇਸ ਵੇਲੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਜਿਲੇ ਦੇ ਸਾਰੇ ਅਧਿਕਾਰੀ ਕਿਸਾਨਾਂ ਨੂੰ ਪਰਾਲੀ ਦੀ ਅੱਗ ਰੋਕਣ ਲਈ ਉਪਰਾਲੇ ਕਰ ਰਹੇ ਹਨ। ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਖੁਦ ਕਈ ਖੇਤਾਂ ਵਿੱਚ ਪਰਾਲੀ ਤੋਂ ਬਾਅਦ ਕਣਕ ਦੀ ਸਿੱਧੀ ਬਿਜਾਈ ਵੇਖ ਕੇ ਕਿਸਾਨਾਂ ਨੂੰ ਉਤਸ਼ਾਹਤ ਕਰਕੇ ਆਏ ਹਨ। ਸ ਧਾਲੀਵਾਲ ਨੇ ਕਿਹਾ ਕਿ ਵਾਤਾਵਰਨ ਦੀ ਭਲਾਈ ਲਈ ਜਿਹੜਾ ਵੀ ਕਿਸਾਨ ਅੱਗੇ ਆਵੇਗਾ ਸਾਡੀ ਸਰਕਾਰ ਉਸ ਲਈ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ।
ਕੈਪਸ਼ਨ
ਪਰਾਲੀ ਨੂੰ ਸਾੜੇ ਬਿਨਾਂ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਕਿਸਾਨ ਦਲਬੀਰ ਸਿੰਘ।
===—
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ
ਖਾਦ ਦਾ ਕੰਮ ਨਾ ਕਰਦੀਆਂ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਨਾਲ ਲੱਗਦੀਆਂ ਸਹਿਕਾਰੀ ਸਭਾਵਾਂ ਵਿੱਚੋਂ ਖਾਦ ਮੁੱਹਈਆ ਕਰਵਾਈ ਜਾਵੇਗੀ- ਡੀ.ਸੀ.
ਅੰਮ੍ਰਿਤਸਰ, 6 ਨਵੰਬਰ, 2024–
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮੈਡਮ ਸਾਕਸ਼ੀ ਸਾਹਨੀ ਨੇ ਕਿਸਾਨ ਜਥੇਬੰਦੀ, ਖੇਤੀਬਾੜੀ ਵਿਭਾਗ, ਸਹਿਕਾਰਤਾ ਵਿਭਾਗ, ਮਾਰਕਫੈੱਡ ਨਾਲ ਸਾਂਝੀ ਮੀਟਿੰਗ ਕਰਦਿਆਂ ਹਦਾਇਤ ਕੀਤੀ ਕਿ ਜਿਹੜੀਆਂ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਖਾਦ ਮਿਲਣ ਵਿੱਚ ਦਿੱਕਤ ਪੇਸ਼ ਆ ਰਹੀ ਹੈ, ਉਹਨਾਂ ਸਭਾਵਾਂ ਦੇ ਕਲੀਅਰ ਮੈਂਬਰਾਂ ਨੂੰ ਖਾਦ ਮੁੱਹਈਆ ਕਰਵਾਉਣ ਲਈ ਨਾਲ ਲੱਗਦੀਆਂ ਸਹਿਕਾਰੀ ਸਭਾਵਾਂ ਨਾਲ ਜੋੜਿਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਸਬੰਧੀ ਵਿਸ਼ੇਸ਼ ਮੁੱਖ ਸਕੱਤਰ-ਕਮ- ਵਿੱਤੀ ਕਮਿਸ਼ਨਰ, ਸਹਿਕਾਰਤਾ, ਪੰਜਾਬ ਵੱਲੋਂ ਹਿਦਾਇਤਾਂ ਜਾਰੀ ਕਰ ਦਿੱਤੀਆ ਗਈਆਂ ਹਨ। ਉਹਨਾਂ ਦੱਸਿਆ ਕਿ ਸਹਿਕਾਰੀ ਸਭਾਵਾਂ ਦੇ ਡੀ.ਏ.ਪੀ ਖਾਦ ਦੇ ਇੰਡੈਂਟ ਨੂੰ ਮੁੜ ਚੈਕ ਕੀਤਾ ਗਿਆ ਹੈ ਅਤੇ ਲੋੜੀਂਦੀ ਸੋਧ ਕਰਦੇ ਹੋਏ ਸਹਿਕਾਰੀ ਸਭਾਵਾਂ ਦਾ ਇੰਡੈਂਟ ਵਧਾ ਦਿੱਤਾ ਗਿਆ ਹੈ। ਉਹਨਾਂ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਅੰਮ੍ਰਿਤਸਰ ਨੂੰ ਹਿਦਾਇਤ ਕੀਤੀ ਕਿ ਸਹਿਕਾਰੀ ਸਭਾਵਾਂ ਦੇ ਸੋਧੇ ਹੋਏ ਇੰਡੈਂਟ ਤੁਰੰਤ ਖਾਦ ਸਪਲਾਇਰ ਕੰਪਨੀਆਂ ਨੂੰ ਭੇਜੇ ਜਾਣ ਤਾਂ ਜੋ ਸੋਧੇ ਹੋਏ ਇੰਡੈਂਟ ਅਨੁਸਾਰ ਸਹਿਕਾਰੀ ਸਭਾਵਾਂ ਨੂੰ ਖਾਦ ਮੁਹੱਈਆ ਕਰਵਾਈ ਜਾ ਸਕੇ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਤਜਿੰਦਰ ਸਿੰਘ ਅਤੇ ਕਿਸਾਨ ਜਥੇਬੰਦੀ ਦੇ ਨੁਮਾਇੰਦੇ ਵੀ ਹਾਜਰ ਸਨ।
ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਬਿਜਾਈ ਲਈ ਬਾਜਾਰ ਵਿਚ ਉਪਲੱਬਧ ਹੋਰਨਾਂ ਫਾਸਫੇਟਿਕ ਖਾਦਾਂ ਦੀ ਵੀ ਵਰਤੋਂ ਕਰਕੇ ਫਸਲ ਦੀ ਬਿਜਾਈ ਸਮੇਂ ਸਿਰ ਕਰਨ। ਉਹਨਾਂ ਦੱਸਿਆ ਕਿ ਮੌਜੂਦਾ ਸਮੇਂ ਡੀ.ਏ.ਪੀ ਤੋਂ ਇਲਾਵਾ ਟ੍ਰਿਪਲ ਸੁਪਰ ਫਾਸਫੇਟ 46% ਖਾਦ ਵੀ ਕਣਕ ਦੀ ਬਿਜਾਈ ਵਾਸਤੇ ਉਪਲੱਬਧ ਹੈ। ਟ੍ਰਿਪਲ ਸੁਪਰ ਫਾਸਫੇਟ 46% ਖਾਦ ਦੀ ਵਰਤੋਂ ਕਰਦੇ ਹੋਵੇ ਇਸ ਨਾਲ 20 ਕਿਲੋਗ੍ਰਾਮ ਪ੍ਰਤੀ ਏਕੜ ਯੂਰੀਆ ਖਾਦ ਬਿਜਾਈ ਸਮੇਂ ਛੱਟੇ ਨਾਲ ਵਰਤੀ ਜਾ ਸਕਦੀ ਹੈ, ਜਿਸ ਨਾਲ ਡੀ.ਏ.ਪੀ ਖਾਦ ਦੇ ਬਰਾਬਰ ਮਾਤਰਾ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਤੱਤ ਦੀ ਪੂਰਤੀ ਕੀਤੀ ਜਾ ਸਕਦੀ ਹੈ। ਜਾਂ ਬਿਜਾਈ ਸਮੇਂ ਪ੍ਰਤੀ ਏਕੜ 20 ਕਿਲੋਗ੍ਰਾਮ ਯੂਰੀਆ ਖਾਦ ਅਤੇ 155 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ 16% (ਫਾਸਫੋਰਸ) ਖਾਦ ਦੀ ਵਰਤੋਂ ਕਣਕ ਦੀ ਫਸਲ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਤੱਤ ਦੀ ਪੂਰਤੀ ਲਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅੇਨ.ਪੀ.ਕੇ 16-16-16, ਅੇਨ.ਪੀ.ਕੇ 15-15-15, ਅੇਨ.ਪੀ.ਕੇ 12-32-16, 10-26-26 ਅਤੇ ਯੂਰੀਆ ਅਮੋਨੀਅਮ ਫਾਸਫੇਟ 24-24-0, ਅਮੋਨੀਅਮ ਫਾਸਫੇਟ ਸਲਫੇਟ 20-20-0-13 ਦੀ ਵਰਤੋਂ ਵੀ ਕਣਕ ਦੀ ਬਿਜਾਈ ਲਈ ਕੀਤੀ ਜਾ ਸਕਦੀ ਹੈ।
ਕੈਪਸ਼ਨ
ਡੀਏਪੀ ਖਾਦ ਦੇ ਮੁੱਦੇ ਉੱਤੇ ਕਿਸਾਨ ਜਥੇਬੰਦੀਆਂ ਤੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ।
===—
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ
ਸਿਹਤ ਵਿਭਾਗ ਵਲੋਂ ਸਰਦ ਰੁੱਤ ਦੀ ਆਮਦ ਸੰਬਧੀ ਤਿਆਰੀਆਂ ਲਈ ਕੀਤੀ ਗਈ ਅਹਿਮ ਮੀਟਿੰਗ
ਅੰਮ੍ਰਿਤਸਰ 6 ਨਵੰਬਰ 2024 ( )
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੂਸਾਰ ਸਿਵਲ ਸਰਜਨ ਡਾ ਕਿਰਨਦੀਪ ਕੌਰ ਵਲੋਂ ਸਰਦ ਰੁੱਤ ਦੀ ਆਦਮ ਨੂੰ ਮੁੱਖ ਰੱਖਦਿਆਂ, ਸਾਰੀਆਂ ਸਿਹਤ ਸੰਸਥਾਵਾਂ ਵਿੱਚ ਬੱਚਿਆਂ ਅਤੇ ਬਜੁਰਗਾਂ ਦੀ ਸਿਹਤ ਦਾ ਖਾਸ ਧਿਆਨ ਰੱਖਣ ਲਈ ਤਿਆਰੀਆ ਕਰਨ ਸੰਬਧੀ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਣ ਸਾਰੀਆਂ ਸਿਹਤ ਸੰਸਥਾਵਾਂ ਵਿਚ ਮਰੀਜਾਂ ਲਈ ਐਮਰਜੈਂਸੀ ਡਰਗ, ਜਰੂਰੀ ਦਵਾਈਆਂ ਦਾ ਸਟਾਕ, ਗਰਮ ਕੰਬਲ, ਵਾਰਮਰ, ਬਲੋਅਰ, ਹੀਟਰ, ਰੇਡੀਏਂਟ ਵਾਰਮਰ, ਵਾਟਰ ਗੀਜਰ, ਵਾਰਮ ਵਾਟਰ ਡਿਸਪੈਂਸਰ ਅਤੇ ਦਰਵਾਜੇ ਖਿੜਕੀਆਂ ਦੀ ਮੁਰੰਮਤ ਆਦਿ ਦਾ ਜਾਇਜਾ ਲਿਆ। ਇਸ ਮੌਕੇ ਉਹਨਾਂ ਕਿਹਾ ਕਿ ਸਰਦੀ ਦੇ ਮੌਸਮ ਵਿਚ ਬਜੁਰਗ ਅਤੇ ਬੱਚੇ ਦੋਵਾਂ ਦੀ ਹੀ ਸਿਹਤ ਪ੍ਰਭਾਵਿਤ ਹੁੰਦੀ ਹੈ ਕਿਉਕਿ ਉਹ ਬਹੁਤ ਜਲਦ ਠੰਡ ਲਗਣ ਕਾਰਣ ਬੀਮਾਰ ਹੋ ਸਕਦੇ ਹਨ। ਅਜਿਹੇ ਮੌਸਮ ਵਿਚ ਸਾਰੇ ਬਜੁਰਗਾਂ ਖਾਸ ਕਰਕੇ ਜਿਨਾਂ ਨੂੰ ਸ਼ੁਗਰ, ਦਮਾਂ ਜਾਂ ਦਿਲ ਦੀ ਬੀਮਾਰੀਆਂ ਹਨ ਅਤੇ ਨਵ-ਜਨਮੇਂ ਬੱਚਿਆਂ ਨੂੰ ਨਿੱਘਾ ਰੱਖਣਾਂ ਬਹੁਤ ਜਰੂਰੀ ਹੁੰਦਾ ਹੈ। ਇਸਤੋਂ ਇਲਾਵਾ ਸਰਦ ਰੱਤ ਵਿਚ ਖਾਂਸੀ, ਜੁਕਾਮ, ਦਸਤ, ਉਲਟੀ, ਬੁਖਾਰ, ਛਾਤੀ ਦਾ ਰੁਕ ਜਾਣਾਂ, ਸਾਹ ਦੀ ਤਕਲੀਫ, ਨਮੁਨੀਆਂ ਆਦਿ ਦੇ ਮਰੀਜਾਂ ਦੀ ਗਿਣਤੀ ਵੱਧ ਜਾਂਦੀ ਹੈ। ਇਸ ਲਈ ਸਿਹਤ ਵਿਭਾਗ ਨੂੰ ਮਰੀਜਾਂ ਦੀ ਦੇਖ-ਭਾਲ ਅਤੇ ਇਲਾਜ ਲਈ ਤੱਤਪਰ ਰਹਿਣਾਂ ਚਾਹੀਦਾ ਹੈ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ, ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ, ਜਿਲਾ ਟੀਕਾਕਰਣ ਅਫਸਰ ਡਾ ਭਾਰਤੀ ਧਵਨ, ਡੀ.ਡੀ.ਐਚ.ਓ. ਡਾ ਜਗਨਜੋਤ ਕੌਰ, ਜਿਲਾ੍ ਸਿਹਤ ਅਫਸਰ ਡਾ ਜਸਪਾਲ ਸਿੰਘ, ਡੀ.ਐਮ.ਸੀ ਡਾ ਗੁਰਮੀਤ ਕੌਰ, ਜਿਲਾ੍ਹ ਐਪੀਡਿਮੋਲੋਜਿਸਟ ਡਾ ਹਰਜੋਤ ਕੌਰ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ ਅਤੇ ਸਮੂਹ ਸੀਨੀਅਰ ਮੈਡੀਕਲ ਅਫਸਰ ਹਾਜਰ ਸਨ।
ਕੈਪਸ਼ਨ : ਸਿਵਲ ਸਰਜਨ ਡਾ ਕਿਰਨਦੀਪ ਕੌਰ ਸਰਦ ਰੁੱਤ ਦੀ ਆਦਮ ਨੂੰ ਲੈ ਕੇ ਮੈਡੀਕਲ ਅਫਸਰਾਂ ਨਾਲ ਮੀਟਿੰਗ ਕਰਦੇ ਹੋਏ। ===—