* ਪਰਾਲੀ ਨੂੰ ਸਾੜਨਾ, ਆਪਣਾ ਜਮੀਨ ਦੀ ਉਪਜਾਊ ਸ਼ਕਤੀ ਨੂੰ ਸਾੜਨਾ-ਮੁੱਖ ਖੇਤੀਬਾੜੀ ਅਫ਼ਸਰ
* ਪਰਾਲੀ ਪ੍ਰਬੰਧਨ ਲਈ ਸਬਸਿਡੀ ਤੇ ਲਈਆਂ ਮਸ਼ੀਨਾਂ ਹੋਰਨਾਂ ਕਿਸਾਨਾਂ ਨੂੰ ਵੀ ਕਿਰਾਏ ਤੇ ਦਿੱਤੀਆਂ ਜਾਣ
* ਫ਼ਸਲਾਂ ਵਿਚ ਖਾਦਾਂ ਦੀ ਵਰਤੋਂ ਮਿੱਟੀ ਟੈਸਟ ਦੇ ਅਧਾਰ ਤੇ ਹੀ ਕੀਤੀ ਜਾਵੇ- ਡਾ ਹਰਜਿੰਦਰ ਕੌਰ
* ਕਿਹਾ, ਕਿਸਾਨ ਫ਼ਸਲਾਂ ਵਿਚ ਖਾਦਾਂ ਦੀ ਵਰਤੋਂ ਮਿੱਟੀ ਟੈਸਟ ਦੇ ਅਧਾਰ ਤੇ ਪੀ.ਏ.ਯੂ ਜਾਂ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਕਰਨ
ਅੰਮ੍ਰਿਤਸਰ 05 ਨਵੰਬਰ 2024–
ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਨ ਸਬੰਧੀ ਅਤੇ ਖਾਦਾਂ ਦੀ ਵਰਤੋਂ ਕਰਨ ਸਬੰਧੀ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਗਾਤਾਰ ਕਿਸਾਨਾਂ ਨੂੰ ਸਥਾਨਕ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਹੇਠਲੇ ਪੱਧਰ ਉੱਪਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕੁਦਰਤੀ ਸਰੋਤਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ । ਇਸ ਗੱਲ ਦੀ ਜਾਣਕਾਰੀ ਦਿੰਦਿਆ ਖੇਤੀਬਾੜੀ ਵਿਕਾਸ ਅਫ਼ਸਰ ਡਾ ਹਰਜਿੰਦਰ ਕੌਰ ਨੇ ਦੱਸਿਆ ਕਿ ਸਾਨੂੰ ਫ਼ਸਲਾਂ ਵਿਚ ਖਾਦਾਂ ਦੀ ਵਰਤੋਂ ਮਿੱਟੀ ਟੈਸਟ ਦੇ ਅਧਾਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾਂ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਕਰਨੀ ਚਾਹੀਦੀ ਹੈ ਤਾਂ ਜੋ ਬੇਲੋੜੀਆਂ ਖਾਦਾ ਦੀ ਵਰਤੋਂ ਘਟਾਈ ਜਾ ਸਕੇ ਅਤੇ ਬੇਲੋੜੇ ਖਰਚ ਤੋਂ ਬਚਾਇਆ ਜਾ ਸਕੇ ।
ਮੁੱਖ ਖੇਤੀਬਾੜੀ ਅਫ਼ਸਰ ਸ: ਤਜਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਨੂੰ ਸਾੜਨਾ, ਆਪਣਾ ਜਮੀਨ ਦੀ ਉਪਜਾਊ ਸ਼ਕਤੀ ਨੂੰ ਸਾੜਨਾ ਹੈ। ਕਿਸਾਨ ਭਰਾ ਅਜਿਹਾ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਪਰਾਲੀ ਨੂੰ ਜੇਕਰ ਖੇਤ ਵਿਚ ਹੀ ਜਜਬ ਕਰਕੇ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਤਾਂ ਜਮੀਨ ਵਿਚ ਕਾਰਬਨਿਕ ਮਾਦਾ ਵੱਧਦਾ ਹੈ ਅਤੇ ਜਮੀਨ ਦੀ ਤਾਕਤ ਵੱਧਦੀ ਹੈ । ਡਾ. ਸੁਖਚੈਨ ਸਿੰਘ ਖੇਤੀਬਾੜੀ ਅਫ਼ਸਰ ਨੇ ਕਣਕ ਦੀ ਫ਼ਸਲ ਵਿੱਚ ਵੱਡੇ ਪੱਧਰ ਤੇ ਵਰਤੀ ਜਾਂਦੀ ਡੀ.ਏ.ਪੀ. ਖਾਦ ਦੀ ਜਗ੍ਹਾ ਉਸ ਦੇ ਬਦਲਵੇਂ ਸਰੋਤਾਂ ਦੀ ਵਰਤੋਂ ਦੀ ਜਾਣਕਾਰੀ ਦਿੰਦਿਆ ਕਿਹਾ ਕਿ ਕਣਕ ਦੀ ਫ਼ਸਲ ਵਿੱਚ ਡੀ.ਏ.ਪੀ. ਖਾਦ ਮੁੱਖ ਤੌਰ ਤੇ ਫਾਸਫੋਰਸ ਤੱਤ ਦੀ ਪੂਰਤੀ ਲਈ ਵਰਤੀ ਜਾਂਦੀ ਹੈ। ਇਸ ਵਿਚ 46 ਫ਼ੀਸਦੀ ਫਾਸਫੋਰਸ ਦੇ ਨਾਲ-ਨਾਲ 18 ਫ਼ੀਸਦੀ ਨਾਈਟ੍ਰੋਜਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਖਾਦ ਦੇ ਬਦਲ ਵੱਜੋ ਕੁਝ ਹੋਰ ਖਾਦਾਂ ਵੀ ਵਰਤੀਆਂ ਜਾ ਸਕਦੀਆਂ ਹਨ, ਪਰ ਉਨ੍ਹਾਂ ਦੀ ਲੋੜੀਂਦੀ ਮਾਤਰਾ ਡੀ.ਏ.ਪੀ. ਨਾਲੋਂ ਵੱਖਰੀ ਹੋ ਸਕਦੀ ਹੈ। ਇਹੋ ਜਿਹੀ ਇਕ ਖਾਦ ਐਨ.ਪੀ.ਕੇ. (12:32:16) ਹੈ ਜਿਸ ਵਿੱਚ 32 ਫ਼ੀਸਦੀ ਫਾਸਫੋਰਸ, 12 ਫ਼ੀਸਦੀ ਨਾਈਟ੍ਰੋਜਨ ਅਤੇ 16 ਫ਼ੀਸਦੀ ਪੋਟਾਸ਼ੀਅਮ ਤੱਤ ਮੌਜੂਦ ਹੁੰਦੇ ਹਨ। ਇੱਕ ਬੋਰਾ ਡੀ.ਏ.ਪੀ. ਦੀ ਜਗ੍ਹਾ 1.5 ਬੋਰਾ ਐਨ.ਪੀ.ਕੇ. (12:32:16) ਵਰਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਇਸ ਤੋਂ ਇਲਾਵਾ ਸਿੰਗਲ ਸੁਪਰਫਾਸਫੇਟ ਖਾਦ ਦੇ 3 ਬੋਰਿਆਂ ਜਾਂ ਟ੍ਰਿਪਲ ਸੁਪਰਫਾਸਫੇਟ ਖਾਦ ਦੇ ਇੱਕ ਬੋਰੇ ਦੀ ਵਰਤੋਂ ਡੀ.ਏ.ਪੀ. ਖਾਦ ਦੇ ਇੱਕ ਬੋਰੇ ਦੀ ਜਗ੍ਹਾ ਕਰ ਸਕਦੇ ਹਨ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਐਨ.ਪੀ.ਕੇ. (12:32:16), ਡੀ.ਏ.ਪੀ. ਦਾ ਇੱਕ ਬਹੁਤ ਵਧੀਆ ਬਦਲ ਸਾਬਤ ਹੋ ਸਕਦਾ ਹੈ ਕਿਉਂਕਿ ਇਸ ਦੇ 1.5 ਬੋਰੇ ਵਿੱਚ ਡੀ.ਏ.ਪੀ. ਜਿੰਨੇ ਫਾਸਫੋਰਸ ਤੇ ਨਾਈਟ੍ਰੋਜਨ ਤੱਤ ਤਾਂ ਹੁੰਦੇ ਹੀ ਹਨ, ਬਲਕਿ 23 ਕਿਲੋਗ੍ਰਾਮ ਪੋਟਾਸ਼ ਵੀ ਹੁੰਦੀ ਹੈ। ਟ੍ਰਿਪਲ ਸੁਪਰਫਾਸਫੇਟ ਬਾਜ਼ਾਰ ਵਿੱਚ ਉਪਲਬਧ ਇੱਕ ਨਵੀਂ ਖਾਦ ਹੈ ਜਿਸ ਵਿੱਚ ਡੀ.ਏ.ਪੀ. ਦੇ ਬਰਾਬਰ ਫਾਸਫੋਰਸ ਤੱਤ ਦੇ ਨਾਲ-ਨਾਲ ਕੈਲਸ਼ੀਅਮ ਤੱਤ ਵੀ ਮੌਜੂਦ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨ ਸਿੰਗਲ ਸੁਪਰਫਾਸਫੇਟ ਜਾਂ ਟ੍ਰਿਪਲ ਸੁਪਰਫਾਸਫੇਟ ਦੀ ਵਰਤੋਂ ਕਣਕ ਦੀ ਬਿਜਾਈ ਸਮੇਂ ਕਰਦੇ ਹਨ ਤਾਂ ਉਨ੍ਹਾਂ ਨੂੰ 20 ਕਿਲੋ ਯੂਰੀਆ ਪ੍ਰਤੀ ਏਕੜ ਵੀ ਬਿਜਾਈ ਸਮੇਂ ਪਾਉਣਾ ਚਾਹੀਦਾ ਹੈ
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਕਿਸਾਨਾਂ ਨੇ ਵਿਭਾਗ ਦੀ ਸਬਸਿਡੀ ਰਾਹੀਂ ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ਦੀ ਖਰੀਦ ਕੀਤੀ ਹੈ ਉਹ ਇਹ ਮਸ਼ੀਨਾਂ ਆਪਣੀ ਵਰਤੋਂ ਤੋਂ ਬਾਅਦ ਹੋਰ ਕਿਸਾਨਾਂ ਨੂੰ ਕਿਰਾਏ ਤੇ ਵੀ ਦੇਣ ਤਾਂ ਜੋ ਜਿਆਦਾ ਤੋਂ ਜਿਆਦਾ ਪਰਾਲੀ ਸੰਭਾਲੀ ਜਾ ਸਕੇ ਅਤੇ ਮਸ਼ੀਨਾਂ ਦੀ ਵੀ ਵੱਧ ਤੋਂ ਵੱਧ ਵਰਤੋਂ ਕੀਤੀ ਜਾ ਸਕੇ।
ਫਾਈਲ ਫੋਟੋ ਮੁੱਖ ਖੇਤੀਬਾੜੀ ਅਫ਼ਸਰ ਸ: ਤਜਿੰਦਰ ਸਿੰਘ
==–
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ
ਵਿਕਟਰੀ ਰਨ – ਅੰਮ੍ਰਿਤਸਰ ਹਾਫ ਮੈਰਾਥਨ 2024
ਅੰਮ੍ਰਿਤਸਰ 5 ਨਵੰਬਰ 2024 —
ਭਾਰਤੀ ਫੌਜ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੇ ਸਹਿਯੋਗ ਨਾਲ ਵਿਜੇ ਦਿਵਸ 2024 ਮੌਕੇ 24 ਨਵੰਬਰ 2024 ਨੂੰ ਵਿਕਟਰੀ ਰਨ – ਅੰਮ੍ਰਿਤਸਰ ਹਾਫ ਮੈਰਾਥਨ ਦਾ ਆਯੋਜਨ ਕਰ ਰਹੀ ਹੈ। ਇਸ ਈਵੈਂਟ ਦਾ ਉਦੇਸ਼ ਸਿਵਲ ਪ੍ਰਸ਼ਾਸਨ ਅਤੇ ਸਮਾਜ ਨਾਲ ਫੌਜ ਦੇ ਸਬੰਧਾਂ ਨੂੰ ਮਜ਼ਬੂਤਕਰਨਾ ਹੈ ਅਤੇ ਵਿਰਾਸਤੀ ਸ਼ਹਿਰ ਅੰਮ੍ਰਿਤਸਰ ਦੀ ਸੁਰੱਖਿਆ ਵਿੱਚ ਭਾਰਤੀ ਫੌਜ ਦੀ 1965 ਅਤੇ 1971 ਦੀ ਭਾਰਤ-ਪਾਕਿ ਜੰਗ ਵਿੱਚ ਇਸਦੇ ਮਹੱਤਵਪੂਰਨ ਰੋਲ ਨੂੰ ਦਰਸਾਉਣਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ ਸ੍ਰੀਮਤੀ ਗੁਰਸਿਮਰਨ ਕੌਰ ਨੇ ਦੱਸਿਆ ਕਿ ਭਾਰਤੀ ਫੌਜ ਵਲੋਂ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 24 ਨਵੰਬਰ ਨੂੰ 5 ਕਿਲੋਮੀਟਰ, 10 ਕਿਲੋਮੀਟਰ ਅਤੇ 21 ਕਿਲੋਮੀਟਰ ਮੈਰਾਥਨ ਦੀ ਦੌੜ ਕਰਵਾਈ ਜਾ ਰਹੀ ਹੈ। ਇਸਦੇ ਰਜਿਸਟਰੇਸ਼ਨ ਦੀ ਆਖਿਰੀ ਮਿਤੀ 18 ਨਵੰਬਰ 2024 ਹੈ। ਉਨਾਂ ਦੱਸਿਆ ਕਿ ਇਹ ਦੌੜ ਅੰਮ੍ਰਿਤਸਰ ਤੋਂ ਅਟਾਰੀ ਰੂਟ ਤੱਕ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਸਦੀ ਰਜਿਸਟ੍ਰੇਸ਼ਨ: https://www.townscript.com/e/victory-run-amritsar ਉਤੇ ਕੀਤੀ ਜਾ ਸਕਦੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮੇਜਰ ਅਕਸ਼ਤ ਜੋਸ਼ੀ ਦੱਸਿਆ ਕਿ ਇਹ ਦੌੜ ਜੀਵਨ ਦੇ ਸਾਰੇ ਖੇਤਰਾਂ ਤੋਂ ਸਥਾਨਕ ਨਾਗਰਿਕ ਆਬਾਦੀ ਵਿੱਚ ਚੰਗੀ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਲੇਟਫਾਰਮ ਵਜੋਂ ਵੀ ਕੰਮ ਕਰੇਗੀ, ਉਹਨਾਂ ਨੂੰ ਸਰੀਰਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਅਤੇ ਸਮੁੱਚੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਦੇ ਇੱਕ ਸਾਧਨ ਵਜੋਂ ਇੱਕ ਸਰਗਰਮ ਜੀਵਨ ਸ਼ੈਲੀ ਦੀ ਚੋਣ ਕਰਨ ਲਈ ਉਤਸ਼ਾਹਿਤ ਕਰੇਗੀ। ਉਨਾਂ ਦੱਸਿਆ ਕਿ ਇਸ ਹਾਲਫ ਮੈਰਾਥਨ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਨੌਜਵਾਨਾਂ ਨੂੰ ਇਕ ਯਾਦਗਾਰੀ ਟੀ–ਸ਼ਰਟ, ਇੱਕ ਰੇਸ ਮੈਡਲ ਵੀ ਦਿੱਤਾ ਜਾਵੇਗਾ।