ਪਸ਼ੂਧੰਨ ਦੇ ਬੀਮੇ ਦੀ ਰਾਸ਼ੀ ‘ਤੇ 70 ਪ੍ਰਤੀਸ਼ਤ ਤੱਕ ਸਬਸਿਡੀ

0
103
ਪਸ਼ੂਧੰਨ ਦੇ ਬੀਮੇ ਦੀ ਰਾਸ਼ੀ ‘ਤੇ 70 ਪ੍ਰਤੀਸ਼ਤ ਤੱਕ ਸਬਸਿਡੀ

ਪਸ਼ੂਧੰਨ ਦੇ ਬੀਮੇ ਦੀ ਰਾਸ਼ੀ ‘ਤੇ 70 ਪ੍ਰਤੀਸ਼ਤ ਤੱਕ ਸਬਸਿਡੀ
ਦਲਜੀਤ ਕੌਰ
ਸੰਗਰੂਰ, 11 ਜੂਨ, 2024: ਡੇਅਰੀ ਵਿਕਾਸ ਵਿਭਾਗ ਸੰਗਰੂਰ ਦੇ ਡਿਪਟੀ ਡਾਇਰੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਸ਼ੂਪਾਲਕਾਂ ਦੇ ਵਿੱਤੀ ਨੁਕਸਾਨ ਨੂੰ ਘੱਟ ਕਰਨ ਲਈ ਡੇਅਰੀ ਵਿਕਾਸ ਵਿਭਾਗ, ਪੰਜਾਬ ਵਲੋਂ ਰਾਸ਼ਟਰੀ ਪਸ਼ੂਧੰਨ ਮਿਸ਼ਨ ਸਕੀਮ ਅਧੀਨ ਪਸ਼ੂਆਂ (ਮੱਝਾਂ ਅਤੇ ਗਾਵਾਂ) ਦਾ ਸਬਸਿਡੀ ‘ਤੇ ਬੀਮਾ ਕਰਵਾਇਆ ਜਾ ਰਿਹਾ ਹੈ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਪਸ਼ੂਧੰਨ ਦੇ ਬੀਮੇ ਦੀ ਰਾਸ਼ੀ ‘ਤੇ ਅਨੁਸੂਚਿਤ ਜਾਤੀ ਲਾਭਪਾਤਰੀਆਂ ਨੂੰ 70 ਪ੍ਰਤੀਸ਼ਤ ਸਬਸਿਡੀ ਅਤੇ ਜਨਰਲ ਜਾਤੀ ਲਾਭਪਾਤਰੀਆਂ ਨੂੰ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਹ ਸਕੀਮ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੀ ਸਾਂਝੀ ਸਕੀਮ ਹੈ ਜੋ ਪ੍ਰਤੀ ਪਰਿਵਾਰ 1 ਤੋਂ 5 ਪਸ਼ੂਆਂ ਤੱਕ ਹੀ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਵਿੱਚ ਇੱਕ ਪਸ਼ੂ ਦੀ ਕੀਮਤ 70,000 ਰੁਪਏ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਲਾਭਪਾਤਰੀਆਂ ਦੇ ਪਸ਼ੂਆਂ ਦਾ  ਇੱਕ ਸਾਲ ਦਾ ਬੀਮਾ 672 ਰੁਪਏ ਵਿੱਚ ਅਤੇ ਜਨਰਲ ਲਾਭਪਾਤਰੀਆਂ ਦੇ ਪਸ਼ੂਆਂ ਦਾ ਇੱਕ ਸਾਲ ਦਾ ਬੀਮਾ 1120 ਰੁਪਏ ਵਿੱਚ ਕੀਤਾ ਜਾ ਰਿਹਾ ਹੈ।
ਡਿਪਟੀ ਡਾਇਰੈਕਟਰ ਜਸਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪਸ਼ੂਆਂ ਦੀਆਂ ਬਿਮਾਰੀਆਂ ਜਿਵੇਂ ਕਿ ਮੂੰਹਖੁਰ, ਲੰਪੀ ਸਕਿਨ, ਗਲਘੋਟੂ ਆਦਿ ਕਾਰਨ ਕਈ ਵਾਰ ਪਸ਼ੂਆਂ ਦੀ ਮੌਤ ਹੋ ਜਾਂਦੀ ਹੈ ਅਤੇ ਇਨ੍ਹਾਂ ਮੌਤਾਂ ਨਾਲ ਛੋਟੇ ਅਤੇ ਮਾਰਜਿਨਲ ਡੇਅਰੀ ਫਾਰਮਰਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਸਰਕਾਰ ਵਲੋਂ ਪਸ਼ੂਆਂ ਦਾ ਸਮੇਂ ਸਮੇਂ ‘ਤੇ ਟੀਕਾਕਰਨ ਕੀਤਾ ਜਾਂਦਾ ਹੈ ਪਰ ਫਿਰ ਵੀ ਸਰਕਾਰ ਵਲੋਂ ਪਸ਼ੂਧੰਨ ਦੇ ਵਿੱਤੀ ਨੁਕਸਾਨ ਨੂੰ ਘੱਟ ਕਰਨ ਲਈ ਬੀਮੇ ਦੀ ਰਾਸ਼ੀ ਤੇ ਸਬਸਿਡੀ ਦੀ ਸਹੂਲਤ ਵੀ ਦੇ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸਬਸਿਡੀ ਦੀ ਰਾਸ਼ੀ ਵਿੱਚ ਜਨਰਲ ਵਰਗ ਲਈ 50 ਪ੍ਰਤੀਸ਼ਤ  ਅਤੇ ਅਨੁਸੂਚਿਤ ਜਾਤੀਆਂ/ਕਬੀਲਿਆਂ ਨਾਲ ਸਬੰਧਤ ਵਰਗਾਂ ਲਈ 70 ਪ੍ਰਤੀਸ਼ਤ  ਸਬਸਿਡੀ ਕੱਟ ਕੇ ਦੁੱਧ ਉਤਪਾਦਕ ਵੱਲੋਂ ਇਹ ਰਾਸ਼ੀ ਅਦਾ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਲਾਭ ਕੋਈ ਵੀ ਦੁੱਧ ਉਤਪਾਦਕ ਜਿਸਨੇ ਬੈਂਕ ਤੋਂ ਡੇਅਰੀ ਕਰਜ਼ਾ ਲਿਆ ਹੈ ਜਾਂ ਨਹੀਂ ਲਿਆ ਹੈ, ਕੇ.ਸੀ.ਸੀ. ਸਕੀਮ ਲਈ ਹੈ ਜਾਂ ਨਹੀਂ ਲਈ ਹੈ, ਲਾਭ ਲੈ ਸਕਦਾ ਹੈ। ਇਸ ਤੋਂ ਇਲਾਵਾ ਸਿੱਧੇ ਤੌਰ ‘ਤੇ ਡੇਅਰੀ ਦਾ ਕਿੱਤਾ ਕਰਨ ਵਾਲੇ ਵੀ ਕਿਸਾਨ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
ਉਨ੍ਹਾਂ ਦੁੱਧ ਉਤਪਾਦਕਾਂ ਨੂੰ ਸਰਕਾਰ ਦੀ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲੈਣ ਲਈ ਅਪੀਲ ਵੀ ਕੀਤੀ ਅਤੇ ਕਿਹਾ ਕਿ ਬੀਮਾ ਕਰਵਾਉਣ ਲਈ ਫੋਨ ਨੰ. 9779822271 ਜਾਂ 9779400959 ਨਾਲ ਸੰਪਰਕ ਕਰ ਲਿਆ ਜਾਵੇ।

LEAVE A REPLY

Please enter your comment!
Please enter your name here