ਪਾਕਿਸਤਾਨ ’ਚ ਇਤਿਹਾਸਕ ਗੁਰਦੁਆਰਿਆਂ ਦੀ ਸਥਿਤੀ: ਤੱਥ ਤੇ ਸੱਚ (ਪ੍ਰੋ. ਸਰਚਾਂਦ ਸਿੰਘ ਖਿਆਲਾ)

0
11
ਪਾਕਿਸਤਾਨ ’ਚ ਇਤਿਹਾਸਕ ਗੁਰਦੁਆਰਿਆਂ ਦੀ ਸਥਿਤੀ: ਤੱਥ ਤੇ ਸੱਚ (ਪ੍ਰੋ. ਸਰਚਾਂਦ ਸਿੰਘ ਖਿਆਲਾ)

ਪਾਕਿਸਤਾਨ ’ਚ ਇਤਿਹਾਸਕ ਗੁਰਦੁਆਰਿਆਂ ਦੀ ਸਥਿਤੀ: ਤੱਥ ਤੇ ਸੱਚ
(ਪ੍ਰੋ. ਸਰਚਾਂਦ ਸਿੰਘ ਖਿਆਲਾ)
ਪਾਕਿਸਤਾਨੀ ਪੰਜਾਬ ’ਚ ਫਾਰੂਕਾਬਾਦ ਦੇ 125 ਸਾਲ ਪੁਰਾਣੇ ਇਤਿਹਾਸਕ ਗੁਰਦੁਆਰੇ ਨੂੰ ਭੂ-ਮਾਫ਼ੀਆ ਵੱਲੋਂ ਸਥਾਨਕ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਢਾਹੇ ਜਾਣ ਦੀ ਘਟਨਾ ਨੇ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਨੂੰ ਗਹਿਰੀ ਠੇਸ ਪਹੁੰਚਾਈ ਹੈ। ਗੁਰਦੁਆਰੇ ਕੇਵਲ ਪੂਜਾ ਅਸਥਾਨ ਨਹੀਂ, ਸਗੋਂ ਸਿੱਖ ਇਤਿਹਾਸ ਤੇ ਵਿਰਾਸਤੀ ਧ੍ਰੋਹਰ ਹਨ। ਅੱਜ ਕਈ ਇਤਿਹਾਸਕ ਗੁਰਦੁਆਰਿਆਂ ਦੀ ਹੋਂਦ ਖ਼ਤਰੇ ’ਚ ਹਨ, ਹਿੰਦੂ ਮੰਦਰਾਂ ਦੀ ਸਥਿਤੀ ਵੀ ਇਸ ਤੋਂ ਵੱਖਰੀ ਨਹੀਂ , ਇਸੇ ਕਰਕੇ ਸਿੱਖ ਤੇ ਹਿੰਦੂ ਭਾਈਚਾਰੇ ਦੀ ਚਿੰਤਾ ਸੁਭਾਵਿਕ ਹੈ।
ਪਾਕਿਸਤਾਨ ਦੀ ਧਰਤੀ ਸਿੱਖ ਧਰਮ ਦੀ ਉਤਪਤੀ ਅਤੇ ਸ਼ਾਨਦਾਰ ਇਤਿਹਾਸਕ ਵਿਰਾਸਤ ਦਾ ਕੇਂਦਰ ਹੈ। ਵੰਡ ਤੋਂ ਪਹਿਲਾਂ ਇੱਥੇ ਸਿੱਖਾਂ ਦੀ ਸਮਾਜਿਕ, ਧਾਰਮਿਕ ਅਤੇ ਆਰਥਿਕ ਸਥਿਤੀ ਮਜ਼ਬੂਤ ਸੀ, ਪਰ 1947 ਤੋਂ ਬਾਅਦ ਹਾਲਾਤ ਬੁਰੀ ਤਰ੍ਹਾਂ ਬਦਲ ਗਏ। ਤਬਦੀਲੀ ਆਬਾਦੀ ’ਤੇ ਵੀ ਗਹਿਰਾ ਅਸਰ ਪਿਆ। 1941 ਵਿੱਚ ਮੌਜੂਦਾ ਪਾਕਿਸਤਾਨ ਦੇ ਖੇਤਰ ਵਿੱਚ ਸਿੱਖ ਆਬਾਦੀ ਲਗਭਗ 16 ਫ਼ੀਸਦੀ ਸੀ, ਜਦਕਿ 2023 ਦੀ ਮਰਦਮਸ਼ੁਮਾਰੀ ਅਨੁਸਾਰ ਇਹ ਘੱਟ ਕੇ ਕਰੀਬ 16 ਹਜ਼ਾਰ (ਲਗਭਗ 0.01 ਫ਼ੀਸਦੀ) ਰਹਿ ਗਈ ਹੈ।
ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ: ਉਦੇਸ਼ ਅਤੇ ਹਕੀਕਤ
ਦੇਸ਼ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਰਹਿ ਗਏ ਹਿੰਦੂ ਮੰਦਰਾਂ ਅਤੇ ਸਿੱਖ ਗੁਰਦੁਆਰਿਆਂ ਦੀ ਦੇਖਭਾਲ ਲਈ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੀ ਸਥਾਪਨਾ 1960 ਵਿੱਚ ਨਹਿਰੂ–ਲਿਆਕਤ (1950) ਅਤੇ ਪੰਤ–ਮਿਰਜ਼ਾ (1955) ਸਮਝੌਤਿਆਂ ਦੀ ਭਾਵਨਾ ਅਨੁਸਾਰ ਕੀਤੀ ਗਈ ਸੀ, ਜਿਸ ਨੂੰ 1975 ਵਿੱਚ ਸੰਵਿਧਾਨਕ ਸੰਸਥਾ ਦਾ ਦਰਜਾ ਮਿਲਿਆ।
ਸਮਝੌਤਿਆਂ ਦੀ ਰੂਹ ਮੁਤਾਬਕ ਇਸ ਦਾ ਚੇਅਰਮੈਨ ਗੈਰ-ਮੁਸਲਿਮ ਹੋਣਾ ਚਾਹੀਦਾ ਸੀ, ਪਰ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ ਇਹ ਪ੍ਰਬੰਧ ਕਦੇ ਲਾਗੂ ਨਹੀਂ ਹੋਇਆ। ਕੁਝ ਸਾਲ ਪਹਿਲਾਂ ਨਾਮਜ਼ਦ ਗੈਰ-ਮੁਸਲਿਮ ਮੈਂਬਰਾਂ ਨੂੰ ਵੀ ਕੋਈ ਖਾਸ ਭੂਮਿਕਾ ਨਹੀਂ ਮਿਲੀ। ਬੋਰਡ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ ਐਸ ਆਈ ਦੇ ਪ੍ਰਭਾਵ ਅਧੀਨ ਕੰਮ ਕਰਦਾ ਆ ਰਿਹਾ ਹੈ। ਗੁਰਦੁਆਰਿਆਂ ਨਾਲ ਸੰਬੰਧਿਤ ਜ਼ਿਆਦਾਤਰ ਪ੍ਰਸ਼ਾਸਕੀ ਅਤੇ ਸੰਪਤੀ ਸਬੰਧੀ ਅਧਿਕਾਰ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਕੋਲ ਹਨ।
ਬੋਰਡ ਦੀ ਸਾਲਾਨਾ ਆਮਦਨ 2023–24 ਵਿੱਚ 472 ਕਰੋੜ ਰਹੀ। 2024–25 ਵਿੱਚ 565 ਕਰੋੜ ਰੁਪਏ ਦੀ ਆਮਦਨ ਵਿੱਚੋਂ ਕੇਵਲ ਲਗਭਗ 113 ਕਰੋੜ ਰੁਪਏ ਕਾਰਜਸ਼ੀਲ 14 ਮੰਦਰਾਂ ਤੇ 21 ਗੁਰਦੁਆਰਿਆਂ ’ਤੇ ਖ਼ਰਚ ਕੀਤੇ ਗਏ, ਜਦਕਿ ਬਾਕੀ ਰਕਮ ਤਨਖ਼ਾਹਾਂ, ਪੈਨਸ਼ਨਾਂ, ਪ੍ਰਬੰਧਕੀ ਖ਼ਰਚਿਆਂ ਅਤੇ ਹੋਰ ਪ੍ਰਸ਼ਾਸਕੀ ਮੱਦਾਂ ‘ਤੇ ਖ਼ਰਚ ਕੀਤੇ ਗਏ। ਹੋਣ ਦੀ ਜਾਣਕਾਰੀ ਸਾਹਮਣੇ ਆਉਂਦੀ ਹੈ। ਅਧਿਕਾਰਕ ਅੰਕੜਿਆਂ ਅਨੁਸਾਰ ਪਾਕਿਸਤਾਨ ਵਿੱਚ 517 ਗੁਰਦੁਆਰੇ ਅਤੇ 1,130 ਹਿੰਦੂ ਮੰਦਰ ਹਨ।
ਬੋਰਡ ਦੀ ਇਹ ਆਮਦਨ ਵੰਡ ਸਮੇਂ ਛੱਡੀ ਗਈ ਧਾਰਮਿਕ ਅਦਾਰਿਆਂ ਦੇ 1,09,404 ਏਕੜ ਵਾਹੀਯੋਗ ਜ਼ਮੀਨ ਅਤੇ 46,499 ਸ਼ਹਿਰੀ ਸੰਪਤੀਆਂ ਵਿਚੋਂ 75,055 ਏਕੜ ਜ਼ਮੀਨ ਅਤੇ 15,849 ਸ਼ਹਿਰੀ ਯੂਨਿਟਾਂ ਨੂੰ ਲੀਜ਼ ‘ਤੇ ਦੇਣ ਨਾਲ ਹੋਈ । ਇਸ ਸਥਿਤੀ ’ਚ ਬਾਕੀ 34,349 ਏਕੜ ਜ਼ਮੀਨ ਅਤੇ 30,650 ਸ਼ਹਿਰੀ ਯੂਨਿਟਾਂ ਨੂੰ ਲੀਜ਼ ’ਤੇ ਨਹੀਂ ਦਿੱਤੀ ਗਈ ਤਾਂ ਕੀ ਇਹ ਸੰਪਤੀ ਨਜਾਇਜ਼ ਕਬਜ਼ਿਆਂ ਹੇਠ ਹਨ?
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ: ਸੀਮਤ ਅਧਿਕਾਰਾਂ ਵਾਲੀ ਸੰਸਥਾ
ਪਾਕਿਸਤਾਨ ’ਚ ਗੁਰਦੁਆਰਿਆਂ ਦੇ ਪ੍ਰਬੰਧ ਸੰਬੰਧੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਵੀ ਮੌਜੂਦ ਹੈ। ਜਿਸ ਦੀ ਸਥਾਪਨਾ 1999 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਸਮਾਨਾਂਤਰ ਇੱਕ ਪ੍ਰਬੰਧਕੀ ਢਾਂਚੇ ਵਜੋਂ ਕੀਤੀ ਗਈ। ਪਰ ਇਸ ਦੇ ਪ੍ਰਧਾਨ ਸਮੇਤ 13 ਮੈਂਬਰ ਪਾਕਿਸਤਾਨ ਸਰਕਾਰ ਵੱਲੋਂ ਹੀ ਨਾਮਜ਼ਦ ਕੀਤੇ ਜਾਂਦੇ ਹਨ।
ਕਮੇਟੀ ਦੀ ਭੂਮਿਕਾ ਮੁੱਖ ਤੌਰ ‘ਤੇ ਕਾਰਜਸ਼ੀਲ ਗੁਰਦੁਆਰਿਆਂ ਦੀਆਂ ਗੋਲਕਾਂ ਵਿੱਚ ਪ੍ਰਾਪਤ ਭੇਟਾਵਾਂ ਦਾ ਪ੍ਰਬੰਧ, ਗੁਰੂ ਕਾ ਲੰਗਰ, ਕੜਾਹ ਪ੍ਰਸ਼ਾਦ, ਯਾਤਰੀਆਂ ਲਈ ਰਿਹਾਇਸ਼ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ ਗ੍ਰੰਥੀ ਸਿੰਘਾਂ, ਰਾਗੀ ਜਥਿਆਂ ਅਤੇ ਹੋਰ ਸੇਵਾਦਾਰਾਂ ਦੇ ਮਾਣ-ਭੱਤਿਆਂ ਦਾ ਪ੍ਰਬੰਧ ਕਰਨ ਤੱਕ ਸੀਮਤ ਹੈ। ਜਿਸ ਨੇ ਪਿਛਲੇ 26 ਸਾਲਾਂ ਦੌਰਾਨ ਇਕ ਵਾਰ ਵੀ ਆਪਣੇ ਸਾਲਾਨਾ ਬਜਟ ਜਾਂ ਆਮਦਨ-ਖ਼ਰਚ ਦੇ ਵੇਰਵੇ ਜਨਤਕ ਨਹੀਂ ਕੀਤਾ ਹੈ। ਤਾਂ ਹੀ ਇਸ ਦੀ ਵਿੱਤੀ ਪਾਰਦਰਸ਼ਤਾ ਅਤੇ ਜਵਾਬਦੇਹੀ ਬਾਰੇ ਸਵਾਲ ਉੱਠਦੇ ਰਹੇ ਹਨ।
ਇਸ ਤੋਂ ਇਲਾਵਾ ‘ਪੰਜਾਬੀ ਸੰਗਤ’ ਨਾਮ ਦੀ ਇੱਕ ਸੰਸਥਾ ਵੀ ਸਰਗਰਮ ਹੈ, ਜੋ ਅਖੰਡ ਪਾਠ ਅਤੇ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਨਾਲ ਤਾਲਮੇਲ ਦਾ ਕੰਮ ਕਰਦੀ ਹੈ। ਪਰ ਇਹ ਆਪਣੇ ਆਕਾਵਾਂ ਦੇ ਇਸ਼ਾਰੇ ’ਤੇ ਧਾਰਮਿਕ ਸੇਵਾ ਤੋਂ ਵੱਧ ਗੁਰਪੁਰਬਾਂ ਅਤੇ ਯਾਤਰਾਵਾਂ ਦੌਰਾਨ ਖਾਲਿਸਤਾਨ-ਸਮਰਥਕ ਰਾਜਨੀਤਿਕ ਪ੍ਰਚਾਰ ਨੂੰ ਉਤਸ਼ਾਹਿਤ ਕਰਦੀ ਹੈ।

ਧਾਰਮਿਕ ਵਿਰਾਸਤ ‘ਤੇ ਕਥਿਤ ਹਮਲੇ ਅਤੇ ਵਧਦੇ ਵਿਵਾਦ
ਭਾਵੇਂ ਪਾਕਿਸਤਾਨ ਦੇ ਸੰਵਿਧਾਨ ਦੀ ਧਾਰਾ 20 ਗੈਰ-ਮੁਸਲਮਾਨਾਂ ਨੂੰ ਧਾਰਮਿਕ ਆਜ਼ਾਦੀ ਦੀ ਗਾਰੰਟੀ ਦਿੰਦੀ ਹੈ, ਪਰ ਵਿਹਾਰਕ ਤੌਰ ’ਤੇ ਉਨ੍ਹਾਂ ਨੂੰ ਇਹ ਹੱਕ ਹਾਸਲ ਨਹੀਂ ਹਨ। ਦੋ ਸਾਲ ਪਹਿਲਾਂ ਬਰਤਾਨਵੀ ਫ਼ੀਲਡ ਆਰਮੀ ਦੇ ਸਿੱਖ ਫ਼ੌਜੀਆਂ ਦੇ ਇੱਕ ਵਫ਼ਦ ਨਾਲ ਮੁਲਾਕਾਤ ਦੌਰਾਨ ਤਤਕਾਲੀ ਪਾਕਿਸਤਾਨੀ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਰਤਾਰਪੁਰ ਲਾਂਘੇ ਦਾ ਹਵਾਲਾ ਦਿੰਦਿਆਂ ਧਾਰਮਿਕ ਆਜ਼ਾਦੀ ਅਤੇ ਸਦਭਾਵਨਾ ਪ੍ਰਤੀ ਪਾਕਿਸਤਾਨ ਦੀ ’ਵਚਨਬੱਧਤਾ’ ਦਾ ਦਾਅਵਾ ਕੀਤਾ ਸੀ। ਪਰ ਦੂਜੇ ਪਾਸੇ ਸਰਹੱਦੀ ਖੇਤਰਾਂ ਦੇ ਕਈ ਗੁਰਧਾਮਾਂ ਤੱਕ ਪਾਕਿਸਤਾਨੀ ਸਿੱਖਾਂ ਦੀ ਪਹੁੰਚ ਤਾਂ ਦੂਰ ਉਨ੍ਹਾਂ ਨੂੰ ’ਦੁਸ਼ਮਣ ਦੀ ਜਾਇਦਾਦ’ ਤਕ ਕਰਾਰ ਦਿਤਾ ਗਿਆ ਹੋਵੇ ਤਾਂ ਇਨਾਂ ਦਾਅਵਿਆਂ ਦੇ ਕੀ ਅਰਥ ਰਹਿ ਜਾਂਦੇ ਹਨ? ਇਤਿਹਾਸਕ ਗੁਰਦੁਆਰਿਆਂ, ਮੰਦਰਾਂ ਅਤੇ ਉਨ੍ਹਾਂ ਨਾਲ ਸੰਬੰਧਿਤ ਸੰਪਤੀਆਂ ’ਤੇ ਕਬਜ਼ਿਆਂ, ਦੁਰਵਰਤੋਂ ਅਤੇ ਅਣਗਹਿਲੀ ਲਗਾਤਾਰ ਸਾਹਮਣੇ ਆਉਂਦੀ ਰਹੀ। ਕਈ ਮਾਮਲਿਆਂ ਵਿੱਚ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਸਾਬਕਾ ਚੇਅਰਮੈਨ ਸਦੀਕ-ਉਲ-ਫ਼ਾਰੂਕ ਸਮੇਤ ਹੋਰਨਾਂ ’ਤੇ ਭੂ-ਮਾਫ਼ੀਆ ਦੀ ਮਦਦ ਕਰਨ ਕਾਰਨ ਬੋਰਡ ਦੀ ਭੂਮਿਕਾ ਵੀ ਕਈ ਵਾਰ ਸਵਾਲਾਂ ਦੇ ਘੇਰੇ ਵਿੱਚ ਰਹੀ। ਕਈ ਵਾਰ ਮਾਮਲੇ ਪਾਕਿਸਤਾਨ ਦੀ ਸੰਸਦ ਅਤੇ ਸੁਪਰੀਮ ਕੋਰਟ ਤੱਕ ਪਹੁੰਚੇ ਹਨ।
ਅਪ੍ਰੈਲ 2024 ਵਿੱਚ ਸੰਸਦ ਮੈਂਬਰ ਸੇਜਰਾ ਅਲੀ ਖ਼ਾਨ ਨੇ ਸ੍ਰੀ ਨਨਕਾਣਾ ਸਾਹਿਬ ਨਾਲ ਸੰਬੰਧਿਤ ਲਗਭਗ 20 ਏਕੜ ਜ਼ਮੀਨ ਦੇ ਮਾਮਲੇ ਵਿੱਚ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੀ ਜਾਂਚ ਦੀ ਮੰਗ ਕੀਤੀ। ਇਸ ਤੋਂ ਬਾਅਦ ਫ਼ਰਵਰੀ 2025 ਵਿੱਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ ਧਾਰਮਿਕ ਮੰਤਰਾਲੇ ਨੇ ਬੋਰਡ ਦਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ।
ਤਾਜ਼ਾ ਮਾਮਲਿਆਂ ਵਿੱਚ ਮੰਡੀ ਚੂੜਕਾਣਾ ਦੇ 125 ਸਾਲ ਪੁਰਾਣੇ ਗੁਰਦੁਆਰਾ ਸਿੰਘ ਸਭਾ ਨੂੰ ਜਬਰੀ ਢਾਹੇ ਜਾਣ ਅਤੇ ਕੁਝ ਵਕਤ ਪਹਿਲਾਂ ਸਿੱਖ ਰਾਜ ਸਮੇਂ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਐਬਟਾਬਾਦ) ਨੂੰ ਬੋਰਡ ਦੇ ਅਧਿਕਾਰੀ ਵੱਲੋਂ ਵੇਚੇ ਜਾਣਾ ਸ਼ਾਮਲ ਹੈ। ਇਸ ਤੋਂ ਪਹਿਲਾਂ 2017 ਵਿੱਚ ਕਟਾਸ ਰਾਜ ਦੇ ਲਗਭਗ 1,500 ਸਾਲ ਪੁਰਾਣੇ ਸ਼੍ਰੀ ਰਾਮ ਅਤੇ ਹਨੂਮਾਨ ਮੰਦਰਾਂ ਦੀਆਂ ਕੀਮਤੀ ਮੂਰਤੀਆਂ ਗ਼ਾਇਬ ਹੋਣ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ। 2014 ਵਿੱਚ ਡੇਰਾ ਇਸਮਾਈਲ ਖ਼ਾਨ ਦਾ ਇਤਿਹਾਸਕ ਕਾਲੀ ਬਾਰੀ ਮੰਦਰ ਤਾਜ ਹੋਟਲ ਵਿੱਚ ਤਬਦੀਲ ਕਰ ਦਿੱਤਾ ਗਿਆ।
ਲਾਹੌਰ ਦੇ ਡੇਰਾ ਸਾਹਿਬ ਕੰਪਲੈਕਸ ਸਥਿਤ ਗੁਰਦੁਆਰਾ ਬੇਬੇ ਨਾਨਕੀ ਨਾਲ ਸੰਬੰਧਿਤ ਲਗਭਗ 800 ਕਰੋੜ ਰੁਪਏ ਮੁੱਲ ਦੀ ਜ਼ਮੀਨ ਨੂੰ ਰਿਹਾਇਸ਼ੀ ਕਾਲੋਨੀ ਕੱਟਣ ਦੇ ਨਾਂ ’ਤੇ ਖ਼ੁਰਦ-ਬੁਰਦ ਕਰ ਦਿੱਤਾ ਗਿਆ, ਜਦਕਿ 2019 ਵਿੱਚ ਨੈਰੋਵਾਲ ਦੇ ਸਦੀਆਂ ਪੁਰਾਣੇ ਨਾਨਕ ਮਹਿਲ ਦਾ ਇੱਕ ਹਿੱਸਾ ਢਾਹ ਕੇ ਉਸ ਦੇ ਕੀਮਤੀ ਦਰਵਾਜ਼ੇ ਅਤੇ ਖਿੜਕੀਆਂ ਵੇਚੇ ਜਾਣ ਦੇ ਮਾਮਲੇ ਸਾਹਮਣੇ ਆਏ। ਸਾਲ 2011 ਵਿੱਚ ਚੂਨਾ ਮੰਡੀ, ਲਾਹੌਰ ਸਥਿਤ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਅਸਥਾਨ ਨੇੜੇ ਗੁਰਦੁਆਰਾ ਦੀਵਾਨਖਾਨਾ ਸੁੰਦਰ ਦੀ ਜ਼ਮੀਨ ਵੇਚੇ ਜਾਣ ਤੋਂ ਬਾਅਦ ਉਸ ਦੀ ਹੋਂਦ ਹੀ ਮਿਟ ਗਈ। ਰਾਵਲਪਿੰਡੀ ਦੇ ਰਾਜਾ ਬਜ਼ਾਰ ਸਥਿਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਕੰਪਲੈਕਸ ਬੁੱਚੜਖ਼ਾਨੇ, ਮੀਟ ਦੀਆਂ ਦੁਕਾਨਾਂ ਅਤੇ ਹੋਰ ਵਪਾਰਕ ਵਰਤੋਂ ਦਾ ਸ਼ਿਕਾਰ ਹੋਣਾ ਸਿੱਖ ਹਿਰਦਿਆਂ ਨੂੰ ਵਲੂੰਧਰਨ ਦਾ ਕਾਰਨ ਕਿਵੇਂ ਨਾ ਬਣਦਾ?
ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਵਾਇਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਹਲਾ ਮੰਡੀ (ਸਾਹੀਵਾਲ) ਨੂੰ ਪੁਲੀਸ ਥਾਣੇ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ। ਗੁਰਦੁਆਰਾ ਬਾਬੇ ਦੀ ਬੇਰ (ਸਿਆਲਕੋਟ), ਗੁਰਦੁਆਰਾ ਭਾਈ ਲਾਲੋ ਜੀ (ਤਤਲੇਆਂਨੀ), ਗੁਰਦੁਆਰਾ ਬਾਬਾ ਜਮੀਅਤ ਸਿੰਘ (ਲਾਹੌਰ), ਸ਼ਹੀਦ ਭਾਈ ਤਾਰੂ ਸਿੰਘ ਦੀ ਸਮਾਧ ਕੋਲ ( ਲਾਹੌਰ) ਅਤੇ ਗੁਰਦੁਆਰਾ ਪਾਤਸ਼ਾਹੀ ਛੇਵੀਂ (ਅਮਰ ਸਿੱਧੂ) ਵਿਖੇ ਨਜਾਇਜ਼ ਕਬਜ਼ਿਆਂ ਦੇ ਮਕਸਦ ਨਾਲ ਪੀਰਾਂ ਦੀਆਂ ਥਾਵਾਂ ਬਣਾ ਦਿੱਤੀਆਂ ਗਈਆਂ ਹਨ। ਗੁਰਦੁਆਰਾ ਕਰਮ ਸਿੰਘ ਆਹਲੂਵਾਲੀਆ ਪਹਿਲਾਂ ਪੁਲੀਸ ਥਾਣੇ ਵਜੋਂ ਵਰਤਿਆ ਜਾਂਦਾ ਰਿਹਾ ਅਤੇ ਮੌਜੂਦਾ ਮੁਰੰਮਤ ਦੌਰਾਨ ਇਸ ਦੇ ਇਤਿਹਾਸ ਨਾਲ ਛੇੜਛਾੜ ਕੀਤੀ ਗਈ। ਜ਼ਿਲ੍ਹਾ ਕਸੂਰ ਦੇ ਪਿੰਡ ਦਫ਼ਤੂਹ ਦਾ ਇਤਿਹਾਸਕ ਗੁਰਦੁਆਰਾ, ਲਾਹੌਰ ਦੇ ਪਿੰਡ ਮਾਣਕ ਦਾ ਗੁਰਦੁਆਰਾ, ਇਸਲਾਮਾਬਾਦ ਨੇੜੇ ਕਨੇਹਾ ਦਾ ਗੁਰਦੁਆਰਾ ਅਤੇ ਪਿੰਡ ਕੁਰੀ ਦੀ ਇਤਿਹਾਸਕ ਸਿੱਖ ਬਾਰਾਂਦਰੀ ਪੂਰੀ ਤਰਾਂ ਢਹਿ-ਢੇਰੀ ਹੋਣ ਜਾ ਰਹੀ ਹੈ। ਕਸੂਰ ਦੇ ਫੂਲਨਗਰ ਸਥਿਤ ਗੁਰਦੁਆਰਾ ਭਾਈ ਫੇਰੂ, ਮੰਡੀ ਬਹਾਉੱਦੀਨ ਦੇ ਪਿੰਡ ਮੰਗਟ ਦਾ ਗੁਰਦੁਆਰਾ ਭਾਈ ਬੰਨੂ, ਜੈਸੁਖ ਦਾ ਗੁਰਦੁਆਰਾ ਕੇਹਰ ਸਿੰਘ, ਗੁਰਦੁਆਰਾ ਅਜੀਤਸਰ, ਉਕਾੜਾ ਦਾ ਦਰਬਾਰ ਬਾਬਾ ਸ੍ਰੀ ਚੰਦ, ਗੁਰਦੁਆਰਾ ਮਾਮੇਸਰ, ਛੋਟਾ ਨਣਕਿਆਣਾ, ਗੁਰਦੁਆਰਾ ਥੰਮ੍ਹ ਸਾਹਿਬ (ਕਸੂਰ), ਗੁਰਦੁਆਰਾ ਬਾਬਾ ਗੁਰਬਖ਼ਸ਼ ਸਿੰਘ (ਨੈਨਾਕੋਟ), ਗੁਰਦੁਆਰਾ ਟਾਹਲੀ ਸਾਹਿਬ ਅਤੇ ਗੁਰਦੁਆਰਾ ਰਾਮਪੁਰ ਖ਼ੁਰਦ ’ਤੇ ਕਥਿਤ ਕਬਜ਼ੇ ਕਰਕੇ ਪਸ਼ੂ ਬੰਨ੍ਹੇ ਜਾਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ।
ਇਸੇ ਤਰ੍ਹਾਂ ਗੁਰਦੁਆਰਾ ਸ਼ਹੀਦ ਗੰਜ ਭਾਈ ਮਨੀ ਸਿੰਘ (ਲਾਹੌਰ), ਗੁਰਦੁਆਰਾ ਸਿੰਘ ਸਭਾ (ਚਕਵਾਲ), ਗੁਰਦੁਆਰਾ ਸਮਾਧ ਭਾਈ ਥਾਨ ਸਿੰਘ (ਅਟਕ), ਗੁਰਦੁਆਰਾ ਬਲਾਕ ਨੰਬਰ–2 (ਸਰਗੋਧਾ), ਗੁਰਦੁਆਰਾ ਖੂਹ ਭਾਈ ਲਾਲੋ ਜੀ (ਐਮਨਾਬਾਦ), ਗੁਰਦੁਆਰਾ ਕਿਲ੍ਹਾ ਸ਼ੇਖ਼ੂਪੁਰਾ, ਗੁਰਦੁਆਰਾ ਚੁਬੱਚਾ ਸਾਹਿਬ, ਗੁਰਦੁਆਰਾ ਲਹੂ ਦਾ ਸਾਹਿਬ, ਗੁਰਦੁਆਰਾ ਕਿਲ੍ਹਾ ਸਾਹਿਬ (ਹਾਫ਼ਿਜ਼ਾਬਾਦ), ਗੁਰਦੁਆਰਾ ਸ੍ਰੀ ਟਿੱਬਾ ਨਾਨਕਸਰ ਸਾਹਿਬ (ਪਾਕਪਟਨ) ਅਤੇ ਹਰੀ ਸਿੰਘ ਨਲਵਾ ਵੱਲੋਂ ਉਸਾਰਿਆ ਮਾਨਸਹੇਰਾ ਸਥਿਤ ਗੁਰਦੁਆਰਾ ਸਾਹਿਬ ਵੀ ਅਣਗਹਿਲੀ, ਨਾਜਾਇਜ਼ ਕਬਜ਼ਿਆਂ ਜਾਂ ਮੁਰੰਮਤ ਦੀ ਉਡੀਕ ’ਚ ਹੈ। ਗੁੱਜਰਾਂਵਾਲਾ ਦੀ ਮੱਛੀ ਮੰਡੀ ਵਿੱਚ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ, ਸੁਰੱਖਿਅਤ ਸਮਾਰਕ ਐਲਾਨੇ ਜਾਣ ਦੇ ਬਾਵਜੂਦ, ਖੰਡਰ ਬਣ ਰਹੀ ਹੈ।
ਬਾਰਡਰ ਨੇੜੇ ਖੰਡਿਤ ਹੋ ਰਹੇ ਗੁਰਦੁਆਰੇ
ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਅਨੇਕ ਇਤਿਹਾਸਕ ਗੁਰਦੁਆਰੇ ਵੀ ਅਣਗਹਿਲੀ ਕਾਰਨ ਖੰਡਰ ਬਣਦੇ ਜਾ ਰਹੇ ਹਨ। ਲਾਹੌਰ ਦੇ ਪਿੰਡ ਜਾਹਮਣ ਵਿੱਚ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਰੋੜੀ ਸਾਹਿਬ  ਮੀਂਹ ਕਾਰਨ ਪਿਛਲੇ ਸਾਲ ਢਹਿ ਚੁੱਕਾ ਹੈ।  ਸਰਹੱਦ ਨੇੜੇ ਕਰਤਾਰਪੁਰ ਸਾਹਿਬ ਕੋਲ ਹੁਦੀਆਰਾ ਦਾ ਗੁਰਦੁਆਰਾ ਪਾਤਸ਼ਾਹੀ ਛੇਵੀਂ, ਪਿੰਡ ਖੜਕ ਦਾ ਗੁਰਦੁਆਰਾ ਬੇਰ ਸਾਹਿਬ ਪਾਤਸ਼ਾਹੀ ਛੇਵੀਂ, ਪਢਾਣਾ ਦਾ ਗੁਰਦੁਆਰਾ ਛੇਵੀਂ ਪਾਤਸ਼ਾਹੀ, ਢਿਲਵਾਂ ਦਾ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ, ਬਰਕੀ ਰੋਡ ਦਾ ਗੁਰਦੁਆਰਾ ਲਹੁੜਾ ਸਾਹਿਬ (ਪਹਿਲੀ ਪਾਤਸ਼ਾਹੀ), ਮਨਿਹਾਲਾ (ਸਾਧਾਂਵਾਲੀ) ਦਾ ਗੁਰਦੁਆਰਾ ਪਾਤਸ਼ਾਹੀ ਛੇਵੀਂ, ਰਾਮਪੁਰ ਖ਼ੁਰਦ ਦਾ ਗੁਰਦੁਆਰਾ ਪਾਤਸ਼ਾਹੀ ਛੇਵੀਂ, ਪਿੰਡ ਝੱਲੀਆਂ ਦਾ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਕੰਗਣਪੁਰ ਦਾ ਗੁਰਦੁਆਰਾ ਮਾਲ ਜੀ ਸਾਹਿਬ, ਕਾਦੀਵਿੰਡ ਵਿਖੇ ਗੁਰੂ ਅਮਰਦਾਸ ਜੀ ਨਾਲ ਸੰਬੰਧਿਤ ਗੁਰਦੁਆਰਾ, ਤਰਗੇ ਦੀਆਂ ਇਤਿਹਾਸਕ ਯਾਦਗਾਰਾਂ, ਵਜ਼ੀਰਾਬਾਦ ਦਾ ਗੁਰਦੁਆਰਾ ਸ੍ਰੀ ਗੁਰੂ ਕੋਠਾ ਸਾਹਿਬ, ਤਰਗੀ ਨੇੜੇ ਗੁਰੂ ਰਾਮਦਾਸ ਜੀ ਨਾਲ ਸੰਬੰਧਿਤ ਗੁਰਦੁਆਰਾ ਝਾੜੀ ਸਾਹਿਬ ਖੰਡਿਤ ਹੋ ਕੇ ਅਲੋਪ ਹੋਣ ਕਿਨਾਰੇ ਹਨ।
ਮਕਬੂਜ਼ਾ ਕਸ਼ਮੀਰ (ਪੀਓਕੇ) ਦੀਆਂ ਤਹਿਸੀਲਾਂ ਨਲੂਛੀ ਅਤੇ ਭਿੰਬਰ ਦੇ ਪਿੰਡ ਅਲੀਬੇਗ ਵਿੱਚ ਸਥਿਤ ਛੇਵੀਂ ਪਾਤਸ਼ਾਹੀ ਨਾਲ ਸੰਬੰਧਿਤ ਗੁਰਦੁਆਰੇ ਸੇਵਾ-ਸੰਭਾਲ ਦੀ ਘਾਟ ਕਾਰਨ ਤਰਸਯੋਗ ਹਾਲਤ ਵਿੱਚ ਹਨ। ਪਾਕਿਸਤਾਨ ਵਾਲੇ ਪਾਸੇ ਸਰਹੱਦ ਨਾਲ ਲੱਗਦੇ ਲਗਭਗ 100 ਇਤਿਹਾਸਕ ਗੁਰਦੁਆਰੇ ਅਜਿਹੀ ਹੀ ਅਣਗਹਿਲੀ ਦਾ ਸ਼ਿਕਾਰ ਹਨ। ਕਈ ਥਾਵਾਂ ’ਤੇ ਸਥਾਨਕ ਲੋਕਾਂ ਨੇ ਉਨ੍ਹਾਂ ਵਿੱਚ ਮਾਲ-ਡੰਗਰ ਬੰਨ੍ਹੇ ਹੋਏ ਹਨ, ਪਰ ਇਨ੍ਹਾਂ ਗੁਰਧਾਮਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਪ੍ਰਭਾਵਸ਼ਾਲੀ ਯਤਨ ਨਹੀਂ ਕੀਤੇ ਗਏ।
ਮੰਦਰ ਤੇ ਗੁਰਦੁਆਰੇ ਧਾਰਮਿਕ ਆਸਥਾ ਦਾ ਹੀ ਨਹੀਂ, ਸਗੋਂ ਵਿਸ਼ਵ ਸਭਿਆਚਾਰਕ ਵਿਰਾਸਤ, ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਸਵਾਲ ਵੀ ਹੈ। ਇਸ ਲਈ ਪਾਕਿਸਤਾਨ ਸਰਕਾਰ ਨੂੰ ਚਾਹੀਦਾ ਹੈ ਕਿ ਇਨਾਂ ਅਸਥਾਨਾਂ ਦੀ ਸੰਭਾਲ, ਨਾਜਾਇਜ਼ ਕਬਜ਼ਿਆਂ ਅਤੇ ਬੇਨਿਯਮੀਆਂ ਦੀ ਨਿਰਪੱਖ ਜਾਂਚ, ਧਾਰਮਿਕ ਸੰਪਤੀਆਂ ਦੇ ਪਾਰਦਰਸ਼ੀ ਪ੍ਰਬੰਧ ਅਤੇ ਘੱਟ-ਗਿਣਤੀ ਭਾਈਚਾਰਿਆਂ ਦੇ ਸੰਵਿਧਾਨਕ ਅਧਿਕਾਰਾਂ ਦੀ ਪ੍ਰਭਾਵਸ਼ਾਲੀ ਸੁਰੱਖਿਆ ਯਕੀਨੀ ਬਣਾਏ, ਤਾਂ ਜੋ ਇਹ ਅਨਮੋਲ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਸੁਰੱਖਿਅਤ ਰਹਿ ਸਕੇ।
( — ਪ੍ਰੋ. ਸਰਚਾਂਦ ਸਿੰਘ ਖਿਆਲਾ , ਬੁਲਾਰਾ, ਭਾਜਪਾ ਪੰਜਾਬ )  ਮੋਬਾਈਲ: 9781355522

LEAVE A REPLY

Please enter your comment!
Please enter your name here