ਇਸਲਾਮਾਬਾਦ -ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀਰਵਾਰ ਨੂੰ ਦੇਸ਼ ਦੀ ਖੁਫ਼ੀਆ ਏਜੰਸੀ ਆਈਐੱਸਆਈ ਦੇ ਮੁਖੀ ਲੈਫ਼ਟੀਨੈਂਟ ਜਨਰਲ ਫੈਜ਼ ਹਮੀਦ ਦੇ ਨਾਲ ਕਾਬੁਲ ਪਹੁੰਚੇ। ਕਾਬੁਲ ਵਿਚ ਉਹ ਤਾਲਿਬਾਨ ਦੀ ਅਗਵਾਈ ਵਾਲੀ ਅਫ਼ਗਾਨਿਸਤਾਨ ਦੀ ਅੰਤਰਿਮ ਸਰਕਾਰ ਨਾਲ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਅਨੁਸਾਰ ਇਸ ਦੌਰੇ ਦੌਰਾਨ ਪਾਕਿਤਸਾਨੀ ਵਫ਼ਦ ਅਫ਼ਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਆਮਿਰ ਖਾਨ ਮੁੱਤਕੀ ਨਾਲ ਗੱਲਬਾਤ ਕਰੇਗਾ ਅਤੇ ਕਾਬੁਲ ਵਿਚ ਅੰਤ੍ਰਿਮ ਸਰਕਾਰ ਦੇ ਆਗੂਆਂ ਤੇ ਅਫ਼ਗਾਨਿਸਤਾਨ ਦੇ ਹੋਰ ਆਗੂਆਂ ਨਾਲ ਮੁਲਾਕਾਤ ਕਰੇਗਾ। ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਮੁੱਤਕੀ ਵੱਲੋਂ ਪਾਕਿਸਤਾਨੀ ਵਫ਼ਦ ਦਾ ਸਵਾਗਤ ਕੀਤਾ ਗਿਆ। ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਦੋਵੇਂ ਦੇਸ਼ਾਂ ਵਿਚਾਲੇ ਹੋਣ ਵਾਲੀ ਇਹ ਗੱਲਬਾਤ ਹਰ ਤਰ੍ਹਾਂ ਦੇ ਦੁਵੱਲੇ ਸਬੰਧਾਂ ਨੂੰ ਕਵਰ ਕਰੇਗੀ ਅਤੇ ਵੱਖ-ਵੱਖ ਖੇਤਰਾਂ ਵਿਚ ਤਾਲਮੇਲ ਵਧਾਉਣ ਸਬੰਧੀ ਤਰੀਕਿਆਂ ਤੇ ਸਰੋਤਾਂ ’ਤੇ ਕੇਂਦਰਿਤ ਹੋਵੇਗੀ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਵਿਦੇਸ਼ ਮੰਤਰੀ ਵੱਲੋਂ ਖਿੱਤੇ ਦੀ ਸ਼ਾਂਤੀ ਤੇ ਸਥਿਰਤਾ ਸਬੰਧੀ ਮੁੱਦਿਆਂ ’ਤੇ ਪਾਕਿਸਤਾਨ ਦਾ ਦ੍ਰਿਸ਼ਟੀਕੋਣ ਵੀ ਸਾਂਝਾ ਕੀਤਾ ਜਾਵੇਗਾ। ਵਿਦੇਸ਼ ਦਫ਼ਤਰ ਅਨੁਸਾਰ ਵਿਦੇਸ਼ ਮੰਤਰੀ ਦਾ ਦੌਰਾ ਪਾਕਿਸਤਾਨ ਦੀ ਅਫ਼ਗਾਨ ਲੋਕਾਂ ਨੂੰ ਲਗਾਤਾਰ ਸਮਰਥਨ ਦੇਣ, ਦੋਵੇਂ ਦੇਸ਼ਾਂ ਦੇ ਵਪਾਰਕ ਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦਾ ਆਪਸ ਵਿਚ ਮੇਲਜੋਲ ਵਧਾਉਣ ਸਬੰਧੀ ਇਕਸਾਰ ਨੀਤੀ ਨੂੰ ਦਰਸਾਉਂਦਾ ਹੈ।
Boota Singh Basi
President & Chief Editor