ਪਾਬੰਦੀਸ਼ੁਦਾ ਨਦੀਨਨਾਸ਼ਕ ਗਲਾਈਫੋਸੇਟ ਵੇਚਣ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ : ਮੁੱਖ ਖੇਤੀਬਾੜੀ ਅਫਸਰ

0
220

ਅੰਮ੍ਰਿਤਸਰ 11 ਅਗਸਤ 2023–

ਮੁੱਖ ਖੇਤੀਬਾੜੀ ਅਫਸਰ ਸ. ਜਤਿੰਦਰ ਸਿੰਘ ਗਿੱਲ ਦੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਹੁਕਮਾਂ ਰਾਂਹੀ ਸਾਲ 2018 ਤੋਂ ਘਾਹ ਮਾਰਨ ਵਾਲੀ ਨਦੀਨਨਾਸ਼ਕ ਦਵਾਈ ਗਲਾਈਫੋਸੇਟ ਦੀਆਂ ਸਾਰੀਆਂ ਫਾਰਮੂਲੇਸ਼ਨ ਦੀ ਵਿਕਰੀ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਅੰਤਰਰਾਸ਼ਟਰੀ ਖੋਜ ਵਿੱਚ ਇਹ ਸਾਬਿਤ ਹੋਇਆ ਹੈ ਕਿ ਇਸ ਰਸਾਇਣ ਦੇ ਸੰਪਰਕ ਵਿੱਚ ਆਉਣ ਨਾਲ ਕੈਂਸਰ ਵਰਗੇ ਭਿਆਨਕ ਰੋਗ ਹੋ ਸਕਦੇ ਹਨ। ਇਸਦੇ ਬਦਲ ਵਜੋਂ ਘਾਹ ਮਾਰਨ ਵਾਲੇ ਰਸਾਇਣ ਬਜਾਰ ਵਿੱਚ ਉਪਲੱਬਧ ਹਨ। ਇਸ ਲਈ ਸਮੂਹ ਨਦੀਨਨਾਸ਼ਕ ਕੰਪਨੀਆਂ, ਡਿਸਟਰੀਬਿਊਟਰਾਂ ਅਤੇ ਡੀਲਰਾਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਗਲਾਈਫੋਸੇਟ ਨਦੀਨਨਾਸ਼ਕ ਦੀ ਸਪਲਾਈ ਅਤੇ ਵਿਕਰੀ ਪੰਜਾਬ ਰਾਜ ਵਿੱਚ ਨਾ ਕੀਤੀ ਜਾਵੇ।

ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਟਾਂ, ਖਾਲਾਂ ਜਾਂ ਰਸਤਿਆਂ ਤੇ ਘਾਹ ਦੀ ਸਪਰੇਅ ਲਈ ਗਲੂਫੋਸੀਨੇਟ ਅਮੋਨੀਅਮ 13.5% ਐਸ.ਐਲ ਜਾਂ ਪੈਰਾਕੁਏਟ ਡਾਈਕਲੋਰਾਈਡ 24% ਐਸ.ਐਲ ਰਸਾਇਣ ਦੀ ਵਰਤੋਂ ਕੀਤੀ ਜਾਵੇ ਅਤੇ ਆਨਲਾਈਨ ਟਰੇਡਿੰਗ ਕੰਪਨੀਆਂ ਰਾਂਹੀ ਗਲਾਈਫੋਸੇਟ ਜਾਂ ਕੋਈ ਵੀ ਹੋਰ ਖੇਤੀ ਰਸਾਇਣ ਦੀ ਖਰੀਦ ਨਾ ਕੀਤੀ ਜਾਵੇ ਕਿਉਂਕਿ ਇਹਨਾਂ ਦੇ ਮਿਆਰ ਅਤੇ ਗੁਣਵੱਤਾ ਸਬੰਧੀ ਕੋਈ ਜਾਣਕਾਰੀ ਉਪਲੱਬਧ ਨਹੀ ਹੁੰਦੀ ।

ਇਸ ਤੋਂ ਇਲਾਵਾ 10 ਕੀਟਨਾਸ਼ਕ ਅਤੇ ਉੱਲੀਨਾਸ਼ਕ ਜਹਿਰਾਂ ਐਸੀਫੇਟ, ਬੁਪਰੋਫੇਜਿਨ, ਕਲੋਰਪਾਈਰੀਫਾਸ, ਹੈਕਸਾਕੋਨਾਜ਼ੋਲ, ਪ੍ਰੋਪੀਕੋਨਾਜ਼ੋਲ, ਥਾਇਆਮੈਥੋਕਸਮ, ਪ੍ਰੋਫੀਨੋਫਾਸ, ਇਮਿਡਾਕਲੋਪਰਿੱਡ, ਕਾਰਬੈਂਡਾਜਿਮ ਅਤੇ ਟਰਾਈਸਾਈਕਲਾਜ਼ੋਲ 1 ਅਗਸਤ ਤੋਂ 60 ਦਿਨਾਂ ਲਈ ਬਾਸਮਤੀ ਦੀ ਫਸਲ ਲਈੇ ਵਿਕਰੀ, ਡਿਸਟਰੀਬਿਊਸ਼ਨ ਅਤੇ ਵਰਤੋਂ ਕਰਨ ਤੇ ਵੀ ਪਾਬੰਦੀ ਲਗਾਈ ਗਈ ਹੈ। ਜਿਲ੍ਹੇ ਵਿੱਚ ਮਿਆਰੀ ਖੇਤੀ ਇੰਨਪੁਟਸ ਦੀ ਵਿਕਰੀ ਯਕੀਨੀ ਬਣਾਉਣ ਲਈ ਫਲਾਇੰਗ ਸਕੁਐਡ ਦਾ ਗਠਨ ਕੀਤਾ ਗਿਆ ਹੈ ਜਿਸ ਵੱਲੋਂ ਸਮੇਂ-ਸਮੇਂ ਤੇ ਡੀਲਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੇਕਰ ਕੋਈ ਵੀ ਵਿਅਕਤੀ ਪੰਜਾਬ ਸਰਕਾਰ ਦੇ ਉਕਤ ਹੁਕਮਾਂ ਦੀ ਉਲੰਘਣਾਂ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਇੰਨਸੈਕਟੀਸਾਈਡ ਐਕਟ 1968 ਅਤੇ ਇੰਨਸੈਕਟੀਸਾਈਡ ਰੂਲਜ਼ 1971 ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਅਮਰਜੀਤ ਸਿੰਘ ਬੱਲ (ਸਹਾਇਕ ਪੌਦਾ ਸੁਰੱੱਖਿਆ ਅਫਸਰ), ਗੁਰਪ੍ਰੀਤ ਸਿੰਘ ਔਲਖ, ਖੇਤੀਬਾੜੀ ਵਿਕਾਸ ਅਫਸਰ (ਪੀਪੀ), ਰਸ਼ਪਾਲ ਸਿੰਘ ਬੰਡਾਲਾ ਖੇਤੀਬਾੜੀ ਵਿਕਾਸ ਅਫਸਰ (ਬੀਜ), ਗੁਰਪ੍ਰੀਤ ਸਿੰਘ ਬਾਠ ਖੇਤੀਬਾੜੀ ਵਿਕਾਸ ਅਫਸਰ (ਇੰਨਫੋਰਸਮੈਂਟ), ਅਤੇ ਪਰਜੀਤ ਸਿੰਘ ਔਲਖ ਖੇਤੀਬਾੜੀ ਵਿਕਾਸ ਅਫਸਰ (ਟੀਏ) ਹਾਜਰ ਸਨ।

LEAVE A REPLY

Please enter your comment!
Please enter your name here