ਪਿੰਡ ਕਰਮੂੰਵਾਲਾ ਵਿਖੇ 4 ਨਾਮਵਰ ਕਲੱਬਾਂ ਦਰਮਿਆਨ ਕਬੱਡੀ ਟੂਰਨਾਮੈਂਟ ਅੱਜ
ਜੇਤੂ ਅਤੇ ਉੱਪ ਜੇਤੂ ਟੀਮਾਂ ਨੂੰ ਦਿੱਤੀ ਜਾਵੇਗੀ ਕ੍ਰਮਵਾਰ 81 ਹਜ਼ਾਰ ਅਤੇ 71 ਰੁਪਏ ਦੀ ਨਗਦ ਰਾਸ਼ੀ
ਦਸਤਾਰ ਸਜਾਉਣ ਅਤੇ ਗੁਰਬਾਣੀ ਕੰਠ ਦੇ ਵੀ ਕਰਵਾਏ ਜਾਣਗੇ ਮੁਕਾਬਲੇ
ਚੋਹਲਾ ਸਾਹਿਬ/ਤਰਨਤਾਰਨ,15 ਫਰਵਰੀ 2025
ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਤਾਰਾ ਸਿੰਘ ਜੀ ਸੰਪਰਦਾਇ ਕਾਰ ਸੇਵਾ ਸਰਹਾਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਨਜ਼ਦੀਕੀ ਪਿੰਡ ਕਰਮੂੰਵਾਲਾ ਵਿਖੇ 16 ਫਰਵਰੀ ਦਿਨ ਐਤਵਾਰ ਨੂੰ ਦਸਤਾਰ ਸਜਾਉਣ ਅਤੇ ਗੁਰਬਾਣੀ ਕੰਠ ਦੇ ਮੁਕਾਬਲੇ ਕਰਵਾਏ ਜਾਣ ਤੋਂ ਇਲਾਵਾ ਕਬੱਡੀ ਟੂਰਨਾਮੈਂਟ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਚੈਨ ਸਿੰਘ ਰੰਧਾਵਾ,ਸਵਿੰਦਰ ਸਿੰਘ ਪ੍ਰਧਾਨ ਕਰਮੂੰਵਾਲਾ ਅਤੇ ਮਨਜੀਤ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਦੇ ਜੰਮਪਲ ਅਤੇ ਐਨਆਰਆਈ ਸਾਥੀਆਂ ਗੁਰਮੇਲ ਸਿੰਘ ਕਰਮੂੰਵਾਲਾ,ਅਰਸ਼ ਜਰਮਨੀ ਅਤੇ ਅੰਮ੍ਰਿਤਪਾਲ ਸਿੰਘ ਕਰਮੂੰਵਾਲਾ ਦੇ ਵਿਸ਼ੇਸ਼ ਸਹਿਯੋਗ ਸਦਕਾ ਸਮੂਹ ਨਗਰ ਨਿਵਾਸੀਆਂ ਵੱਲੋਂ ਇਹ ਸਮਾਗਮ ਕਰਵਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ 16 ਫਰਵਰੀ ਦਿਨ ਐਤਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਦਸਤਾਰ ਸਜਾਉਣ ਅਤੇ ਗੁਰਬਾਣੀ ਕੰਠ ਦੇ ਮੁਕਾਬਲੇ ਕਰਵਾਏ ਜਾਣਗੇ।ਇਸੇ ਦਿਨ ਸ਼ਾਮ ਨੂੰ ਕਬੱਡੀ ਦੇ ਚਾਰ ਨਾਮਵਰ ਕਲੱਬ ਜਿੰਨਾ ਵਿੱਚ ਬਾਬਾ ਤਾਰਾ ਸਿੰਘ ਕਬੱਡੀ ਕਲੱਬ ਕਰਮੂੰਵਾਲਾ,ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ,ਬਾਬਾ ਬਿਧੀ ਚੰਦ ਕਬੱਡੀ ਕਲੱਬ ਸੁਰ ਸਿੰਘ ਅਤੇ ਗੁਰੂ ਅਰਜਨ ਦੇਵ ਕਬੱਡੀ ਕਲੱਬ ਚੋਹਲਾ ਸਾਹਿਬ ਦਰਮਿਆਨ ਕਬੱਡੀ ਦੇ ਫਸਵੇਂ ਮੁਕਾਬਲੇ ਹੋਣਗੇ।ਜੇਤੂ ਅਤੇ ਉਪ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 81 ਹਜਾਰ ਰੁਪਏ ਅਤੇ 71 ਹਜਾਰ ਰੁਪਏ ਦੀ ਨਗਦ ਰਾਸ਼ੀ ਤੋਂ ਇਲਾਵਾ ਵਿਸ਼ੇਸ਼ ਕੱਪਾਂ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸ ਤੋਂ ਇਲਾਵਾ ਪਿੰਡ ਦੇ ਜੰਮਪਲ ਪ੍ਰਸਿੱਧ ਕਬੱਡੀ ਖਿਡਾਰੀ ਅੰਮ੍ਰਿਤ ਕਰਮੂਵਾਲਾ ਨੂੰ ਐਨਆਰਆਈ ਸਾਥੀਆਂ ਵੱਲੋਂ ਬੁਲਟ ਮੋਟਰਸਾਈਕਲ ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।ਸਮਾਗਮ ਦੇ ਪ੍ਰਬੰਧਕਾਂ ਨੇ ਦੱਸਿਆ ਕਬੱਡੀ ਟੂਰਨਾਮੈਂਟ ਦੇ ਮੁੱਖ ਮਹਿਮਾਨ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਸਾਬਕਾ ਜਨਰਲ ਸਕੱਤਰ ਐਸਜੀਪੀਸੀ ਹੋਣਗੇ ਜੋ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨਗੇ।ਉਨ੍ਹਾਂ ਨੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਧਾਰਮਿਕ ਸਮਾਗਮਾਂ ਅਤੇ ਖੇਡ ਮੇਲੇ ਵਿੱਚ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ।