ਪਿੰਡ ਕਿੱਲਿਆਂ ਵਾਲੀ ਵਿਖੇ 10 ਕਰੋੜ ਦੀ ਲਾਗਤ ਨਾਲ ਤਿਆਰ ਹੋ ਰਿਹਾ ਹੈ ਮੱਛੀ ਪੂੰਗ ਫਾਰਮ: ਲਾਲਜੀਤ ਸਿੰਘ ਭੁੱਲਰ

0
167

“ਵਧੀਆ ਗੁਣਵੱਤਾ ਵਾਲੇ ਮੱਛੀ ਪੂੰਗ ਦੀ ਉਪਲਬਧਤਾ ਦਾ ਹੋਵੇਗਾ ਵਿਸਥਾਰ, ਕਿਸਾਨਾਂ ਦੀ ਵਧੇਗੀ ਆਮਦਨ”

ਚੰਡੀਗੜ੍ਹ, 2 ਮਾਰਚ:

ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿੱਚ ਮੱਛੀ ਪਾਲਣ ਅਤੇ ਝੀਂਗਾ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ।

ਪਿੰਡ ਕਿੱਲਿਆਂ ਵਾਲੀ ਵਿਖੇ 10 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਸਰਕਾਰੀ ਮੱਛੀ ਪੂੰਗ ਫਾਰਮ ਦਾ ਦੌਰਾ ਕਰਨ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਮੱਛੀ ਪੂੰਗ ਫਾਰਮ ਦਾ ਕੰਮ ਆਖ਼ਰੀ ਪੜਾਅ ਵਿਚ ਹੈ ਅਤੇ ਜਲਦ ਇਸ ਨੂੰ ਪੂਰਾ ਕਰਕੇ ਇਸ ਨੂੰ ਕਿਸਾਨਾਂ ਤੇ ਮੱਛੀ ਪਾਲਕਾਂ ਦੀ ਭਲਾਈ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਵਿਭਾਗ ਨੂੰ ਹਦਾਇਤ ਕੀਤੀ ਕਿ ਨਿਰਮਾਣ ਕਾਰਜਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਲਗਾਤਾਰ ਚੌਕਸੀ ਰੱਖੀ ਜਾਵੇ।

ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸੂਬੇ ਵਿੱਚ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਇਹ ਮੱਛੀ ਪੂੰਗ ਫਾਰਮ ਸਹਾਈ ਸਿੱਧ ਹੋਵੇਗਾ ਅਤੇ ਇੱਥੋਂ ਕਿਸਾਨਾਂ ਨੂੰ ਵਧੀਆ ਗੁਣਵੱਤਾ ਵਾਲਾ ਪੂੰਗ ਮਿਲਣ ਦੇ ਨਾਲ-ਨਾਲ ਤਕਨੀਕੀ ਜਾਣਕਾਰੀ ਵੀ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਮੱਛੀ ਪਾਲਣ ਅਤੇ ਝੀਂਗਾ ਪਾਲਣ ਦੀਆਂ ਅਥਾਹ ਸੰਭਾਵਨਾਵਾਂ ਹਨ ਅਤੇ ਖੇਤੀ ਦੇ ਸਹਾਇਕ ਕਿੱਤਿਆਂ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ।

ਉਨ੍ਹਾਂ ਅਬੋਹਰ ਸ਼ਹਿਰ ਦੇ ਮੁੱਖ ਬੱਸ ਅੱਡੇ ਦੇ ਨਿਰਮਾਣ ਲਈ 2.91 ਕਰੋੜ ਰੁਪਏ ਦੀ ਰਕਮ ਜਲਦ ਜਾਰੀ ਕਰਨ ਦਾ ਐਲਾਨ ਵੀ ਕੀਤਾ ਅਤੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਘਾਟ ਨਹੀਂ ਆਉਣ ਦੇਵੇਗੀ।

ਇਸ ਤੋਂ ਪਹਿਲਾਂ ਹਲਕਾ ਆਪ ਆਗੂ ਸ੍ਰੀ ਕੁਲਦੀਪ ਕੁਮਾਰ ਦੀਪ ਕੰਬੋਜ ਨੇ ਕੈਬਨਿਟ ਮੰਤਰੀ ਨੂੰ ਜੀ ਆਇਆਂ ਆਖਿਆ ਅਤੇ ਇਲਾਕੇ ਦੀਆਂ ਮੰਗਾਂ ਕੈਬਨਿਟ ਮੰਤਰੀ ਦੇ ਸਨਮੁਖ ਰੱਖੀਆਂ। ਪਾਰਟੀ ਦੇ ਸੀਨੀਅਰ ਆਗੂ ਸ੍ਰੀ ਉਪਕਾਰ ਸਿੰਘ ਜਾਖੜ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।

LEAVE A REPLY

Please enter your comment!
Please enter your name here