ਪੀ.ਐਸ.ਪੀ.ਸੀ.ਐਲ ਵੱਲੋਂ 9 ਸਤੰਬਰ ਨੂੰ ਰਿਕਾਰਡ 3427 ਲੱਖ ਯੂਨਿਟ ਬਿਜਲੀ ਦੀ ਸਪਲਾਈ- ਹਰਭਜਨ ਸਿੰਘ ਈ.ਟੀ.ਓ

0
95

ਅਗਸਤ ਤੇ ਸਤੰਬਰ ਵਿੱਚ ਘੱਟ ਮੀਂਹ ਕਾਰਨ ਬਿਜਲੀ ਦੀ ਮੰਗ ਵਿੱਚ ਹੋਇਆ ਵਾਧਾ

ਕਿਹਾ, ਪੀ.ਐਸ.ਪੀ.ਸੀ.ਐਲ. ਵੱਲੋਂ ਲੋੜੀਂਦੀ ਬਿਜਲੀ ਸਪਲਾਈ ਦੇਣ ਲਈ ਮੁਕੰਮਲ ਪ੍ਰਬੰਧ

ਚੰਡੀਗੜ੍ਹ, 10 ਸਤੰਬਰ

ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਨੇ 09 ਸਤੰਬਰ ਨੂੰ ਰਿਕਾਰਡ 3427 ਲੱਖ ਯੂਨਿਟ (ਐਲ.ਯੂ) ਬਿਜਲੀ ਸਪਲਾਈ ਕੀਤੀ ਜਦੋਂਕਿ ਪੂਰਾ ਦਿਨ ਬਿਜਲੀ ਦੀ ਮੰਗ ਲਗਭਗ 14,400 ਮੈਗਾਵਾਟ ਰਹੀ।

ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਇਸ ਸਾਲ ਮੌਨਸੂਨ ਤੋਂ ਪਹਿਲਾਂ 23 ਜੂਨ ਨੂੰ ਸਭ ਤੋਂ ਵੱਧ ਬਿਜਲੀ ਸਪਲਾਈ 3425 ਲੱਖ ਯੂਨਿਟ ਰਹੀ ਸੀ। ਉਨ੍ਹਾਂ ਕਿਹਾ ਕਿ ਅਗਸਤ ਮਹੀਨੇ ਦੌਰਾਨ 63 ਫੀਸਦੀ ਘੱਟ ਬਾਰਿਸ਼ ਅਤੇ ਸਤੰਬਰ ਮਹੀਨੇ ਵਿੱਚ ਹੁਣ ਤੱਕ ਨਾਮਾਤਰ ਮੀਂਹ ਪੈਣ ਕਾਰਨ ਬਿਜਲੀ ਦੀ ਮੰਗ ਖੇਤੀਬਾੜੀ, ਘਰੇਲੂ ਅਤੇ ਵਪਾਰਕ ਵਰਗਾਂ ਦੇ ਖਪਤਕਾਰਾਂ ਦੇ ਮਾਮਲੇ ਵਿੱਚ ਖਾਸ ਕਰਕੇ ਕਾਫੀ ਵੱਧ ਗਈ ਹੈ।

ਉਨ੍ਹਾਂ ਇਹ ਕਹਿੰਦਿਆਂ ਕਿ ਪੀ.ਐਸ.ਪੀ.ਸੀ.ਐਲ. ਦੁਆਰਾ ਕੀਤੇ ਗਏ ਢੁਕਵੇਂ ਪ੍ਰਬੰਧਾਂ ਕਾਰਨ ਪੰਜਾਬ ਵਿੱਚ ਖਪਤਕਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ ਨੂੰ ਬਿਨਾਂ ਕਿਸੇ ਕਟੌਤੀ ਦੇ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ, ਇਸ ਗੱਲ ਤੇ ਜੋਰ ਦਿੱਤਾ ਕਿ ਝੋਨੇ ਦੀ ਫਸਲ ਨੂੰ ਧਿਆਨ ਵਿੱਚ ਰੱਖਦਿਆਂ ਖੇਤੀਬਾੜੀ ਖੇਤਰ ਨੂੰ ਨਿਯਮਤ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਸਾਲ 2023 ਦੇ ਬਿਜਲੀ ਖਪਤ ਦੇ ਅੰਕੜਿਆਂ ਦੀ ਸਾਲ 2022 ਨਾਲ ਤੁਲਨਾ ਕਰਦਿਆਂ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਦੌਰਾਨ ਸੂਬੇ ਵਿੱਚ ਗਰਮੀ ਅਤੇ ਹੁੰਮਸ ਕਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਬਿਜਲੀ ਦੀ ਖਪਤ 8 ਫੀਸਦੀ ਤੋਂ 12 ਫੀਸਦੀ ਵੱਧ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਵੱਧ ਤੋਂ ਵੱਧ ਮੰਗ 14,500 ਮੈਗਾਵਾਟ ਤੋਂ 15,000 ਮੈਗਾਵਾਟ ਦੀ ਰਿਕਾਰਡ ਰੇਂਜ ਵਿੱਚ ਰਹੀ ਹੈ।

ਬਿਜਲੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀ.ਐਸ.ਪੀ.ਸੀ.ਐਲ. ਖਪਤਕਾਰਾਂ ਖਾਸ ਕਰਕੇ ਕਿਸਾਨਾਂ ਦੀ ਲੋੜ ਅਨੁਸਾਰ ਬਿਜਲੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਮੁਕੰਮਲ ਪ੍ਰਬੰਧ ਕੀਤੇ ਗਏ ਹਨ।

LEAVE A REPLY

Please enter your comment!
Please enter your name here