ਪੁਣਛ: ਅਤਿਵਾਦੀਆਂ ਨਾਲ ਮੁਕਾਬਲੇ ‘ਚ ਪੰਜ ਫ਼ੌਜੀ ਸ਼ਹੀਦ

0
453

* ਜਾਨ ਗੁਆਉਣ ਵਾਲਿਆਂ ‘ਚ ਇਕ ਜੇ ਸੀ ਓ ਵੀ ਸ਼ਾਮਲ
ਜੰਮੂ-ਜੰਮੂ ਕਸ਼ਮੀਰ ਦੇ ਪੁਣਛ ਜਿਲ੍ਹੇ ‘ਚ ਘੁਸਪੈਠ ਖਿਲਾਫ਼ ਚਲਾਈ ਗਈ ਕਾਰਵਾਈ ਦੌਰਾਨ ਅਤਿਵਾਦੀਆਂ ਨਾਲ ਹੋਏ ਗਹਿਗੱਚ ਮੁਕਾਬਲੇ ‘ਚ ਇਕ ਜੂਨੀਅਰ ਕਮਿਸ਼ਨਡ ਅਫ਼ਸਰ (ਜੇਸੀਓ) ਸਮੇਤ ਪੰਜ ਜਵਾਨ ਸ਼ਹੀਦ ਹੋ ਗਏ। ਰੱਖਿਆ ਤਰਜਮਾਨ ਨੇ ਦੱਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਖ਼ੁਫ਼ੀਆ ਸੂਹ ਮਿਲਣ ਮਗਰੋਂ ਸੂਰਨਕੋਟ ਦੇ ਡੇਰਾ ਕੀ ਗਲੀ ‘ਚ ਇਕ ਪਿੰਡ ਨੇੜੇ ਤੜਕੇ ਕਾਰਵਾਈ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਉਥੇ ਲੁਕੇ ਹੋਏ ਅਤਿਵਾਦੀਆਂ ਨੇ ਫ਼ੌਜੀਆਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਇਕ ਜੇਸੀਓ ਅਤੇ ਚਾਰ ਹੋਰ ਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਸਾਰੇ ਪੰਜ ਜਵਾਨਾਂ ਨੂੰ ਨੇੜਲੇ ਫ਼ੌਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਜਿਥੇ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਉਹ ਦਮ ਤੋੜ ਗਏ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਪੁਖ਼ਤਾ ਸੂਹ ਸੀ ਕਿ ਕੰਟਰੋਲ ਰੇਖਾ ਪਾਰ ਕਰਨ ਤੋਂ ਬਾਅਦ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਦਾ ਇਕ ਗੁੱਟ ਚਾਮਰੇਰ ਦੇ ਜੰਗਲਾਂ ‘ਚ ਮੌਜੂਦ ਹੈ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਨੂੰ ਬਚ ਕੇ ਭੱਜਣ ਨਾ ਦੇਣ ਲਈ ਇਲਾਕੇ ਦੀ ਘੇਰਾਬੰਦੀ ਲਈ ਹੋਰ ਜਵਾਨਾਂ ਨੂੰ ਭੇਜਿਆ ਗਿਆ ਹੈ। ਤਰਜਮਾਨ ਨੇ ਸ਼ਾਮ ਨੂੰ ਕਿਹਾ ਕਿ ਅਤਿਵਾਦੀਆਂ ਨਾਲ ਮੁਕਾਬਲਾ ਜਾਰੀ ਹੈ। ਉਨ੍ਹਾਂ ਕਿਹਾ ਕਿ ਜਵਾਨਾਂ ’ਤੇ ਹਮਲੇ ਮਗਰੋਂ ਅਤਿਵਾਦੀ ਰਾਜੌਰੀ ਜਿਲ੍ਹੇ ਦੇ ਭੰਗਈ ਪਿੰਡ ‘ਚ ਪਹੁੰਚ ਗਏ ਜਿਥੇ ਉਨ੍ਹਾਂ ਨਾਲ ਮੁਕਾਬਲਾ ਜਾਰੀ ਹੈ। ਇਸ ਤੋਂ ਪਹਿਲਾਂ ਅੱਜ ਅਨੰਤਨਾਗ ਅਤੇ ਬਾਂਦੀਪੋਰਾ ਜਿਲਿ੍ਹਆਂ ‘ਚ ਮੁਕਾਬਲਿਆਂ ਦੌਰਾਨ ਦੋ ਦਹਿਸ਼ਤਗਰਦ ਹਲਾਕ ਹੋ ਗਏ ਜਦ ਕਿ ਇਕ ਪੁਲੀਸ ਕਰਮੀ ਜ਼ਖ਼ਮੀ ਹੋ ਗਿਆ।

LEAVE A REPLY

Please enter your comment!
Please enter your name here