ਪੁਰਾਣੀ ਪੈਨਸ਼ਨ ਦਾ ਹੱਕ ਮੰਗਣ ਆਏ ਮੁਲਾਜ਼ਮਾਂ ‘ਤੇ ਪਾਣੀ ਦੀਆਂ ਬੁਛਾੜਾਂ, ਧੱਕਾ-ਮੁੱਕੀ ਅਤੇ ਲਾਠੀਆਂ ਵਰ੍ਹਾਈਆਂ

0
220

* ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡੇ ਵਿਖੇ ਸੂਬਾ ਪੱਧਰੀ ਪੈਨਸ਼ਨ ਅਧਿਕਾਰ ਮਹਾਂ-ਰੈਲੀ
ਮੋਰਿੰਡਾ, (ਦਲਜੀਤ ਕੌਰ ਭਵਾਨੀਗੜ੍ਹ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਲੰਘੇ ਦਿਨ ਦਾਣਾ ਮੰਡੀ ਮੋਰਿੰਡਾ ਵਿਖੇ ਸੂਬਾ ਪੱਧਰੀ ਪੈਨਸ਼ਨ ਅਧਿਕਾਰ ਮਹਾਂ-ਰੈਲੀ ਕੀਤੀ ਗਈ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਪੰਜਾਬ ਭਰ ‘ਚੋਂ ਵੱਡੀ ਗਿਣਤੀ ਵਿੱਚ ਪੁਰਾਣੀ ਪੈਨਸ਼ਨ ਦਾ ਹੱਕ ਮੰਗਣ ਆਏ ਮੁਲਾਜ਼ਮਾਂ ਤੇ ਇਸ ਮੌਕੇ ਪ੍ਰਸ਼ਾਸਨ ਵੱਲੋਂ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਅਤੇ ਧੱਕਾ-ਮੁੱਕੀ ਕੀਤੀ ਗਈ। ਇਸੇ ਦੌਰਾਨ ਪੁਲਸ ਵੱਲੋਂ ਮੁਲਾਜ਼ਮਾਂ ‘ਤੇ ਪਾਣੀ ਦੀਆਂ ਬੁਛਾੜਾਂ ਦੇ ਨਾਲ-ਨਾਲ ਲਾਠੀਆਂ ਵੀ ਮਾਰੀਆਂ ਗਈਆਂ। ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਚੰਨੀ ਦੀ ਕੋਠੀ ਵੱਲ ਨੂੰ ਰੋਸ਼ ਪ੍ਰਦਰਸਨ ਕਰਦਿਆਂ ਮਾਰਚ ਜਾਰੀ ਰੱਖਿਆ ਗਿਆ। ਇਸੇ ਦੌਰਾਨ ਮੁਲਾਜ਼ਮਾਂ ਦੇ ਸੰਘਰਸ਼ ਨੂੰ ਤੇਜ਼ ਹੁੰਦਾ ਵੇਖ ਪ੍ਰਸ਼ਾਸਨ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਦੇ ਆਗੂਆਂ ਦੀ 10 ਦਸੰਬਰ ਨੂੰ ਪ੍ਰਿੰਸੀਪਲ ਸਕੱਤਰ ਨਾਲ ਮੀਟਿੰਗ ਤੈਅ ਕਰਵਾ ਕੇ ਮੁਲਾਜ਼ਮਾਂ ਨੂੰ ਸ਼ਾਂਤ ਕਰਵਾਇਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ, ਕੋ-ਕਨਵੀਨਰ ਜਗਸੀਰ ਸਿੰਘ ਸਹੋਤਾ, ਅਜੀਤ ਪਾਲ ਸਿੰਘ ਜੱਸੋਵਾਲ ਨੇ ਕਿਹਾ ਕਿ ਠਾਠਾਂ ਮਾਰਦਾ ਇਕੱਠ ਇਸ ਗੱਲ ਦਾ ਗਵਾਹ ਹੈ ਕਿ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਪੰਜਾਬ ਦਾ ਮੁਲਾਜਮ ਵਰਗ ਕਿਸ ਕਦਰ ਨਾਰਾਜ਼ ਹੈ। ਇਸ ਰੈਲੀ ਤੋਂ ਬਾਅਦ ਕਾਂਗਰਸ ਸਰਕਾਰ ਨੂੰ ਸਪਸ਼ਟ ਸੰਕੇਤ ਹੈ ਕਿ ਨਵੀਂ ਪੈਨਸ਼ਨ ਸਕੀਮ ਮੁਲਾਜ਼ਮਾਂ ਨੂੰ ਮਨਜ਼ੂਰ ਨਹੀਂ। ਆਗੂਆਂ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਆਪਣੇ ਪਣੇ ਚੋਣ ਮੈਨੀਫੈਸਟੋ ਵਿੱਚ ਐੱਨ ਪੀ ਐੱਸ ਮੁਲਾਜਮਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ। ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਸਾਡੀ ਇਸ ਇੱਕੋ ਇੱਕ ਮੰਗ ਨੂੰ ਲੈ ਕੇ ਸਰਕਾਰ ਨੇ ਗੰਭੀਰਤਾ ਨਹੀਂ ਦਿਖਾਈ। ਲੋਕ ਮੁੱਦਿਆਂ ਤੇ ਕਾਂਗਰਸ ਸਰਕਾਰ ਦੁਆਰਾ ਲਾਰਾ ਲਾਉਣ ਤੋਂ ਡੰਗ ਟਪਾਉਣ ਦੀ ਨੀਤੀ ਅਪਣਾ ਕੇ ਵੋਟਾਂ ਲੈਣ ਦੀ ਫਿਤਰਤ ਨੂੰ ਨੰਗਾ ਕਰਨ ਲਈ ਸਾਨੂੰ ਇਹ ਪੈਨਸ਼ਨ ਅਧਿਕਾਰ ਮਹਾਂ ਰੈਲੀ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡੇ ਰੱਖਣੀ ਪਈ। ਜੇ ਸਰਕਾਰ ਸਾਡੀ ਇਹ ਮੰਗ ਨਹੀਂ ਮੰਨਦੀ ਤਾਂ ਇਸ ਵਾਰ ਲੋਕਾਂ ਵਿੱਚ ਆ ਕੇ ਇਹਨਾਂ ਵਿਧਾਇਕਾਂ ਨੂੰ ਵੋਟਾਂ ਮੰਗਣੀਆਂ ਮੁਸ਼ਕਲ ਕਰ ਦੇਵਾਂਗੇ। ਇਸ ਮੌਕੇ ਆਗੂਆਂ ਕਰਮਜੀਤ ਸਿੰਘ ਤਾਮਕੋਟ, ਲਖਵਿੰਦਰ ਸਿੰਘ ਭੌਰ, ਜਸਵਿੰਦਰ ਸਿੰਘ ਜੱਸਾ ਨੇ ਸਰਕਾਰ ਨੂੰ ਵੰਗਾਰਦਿਆਂ ਕਿਹਾ ਕਿ ਸਾਡਾ ਟੀਚਾ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸਰਕਾਰ ਵੱਲੋਂ ਦਿੱਤੀ ਗਈ ਫੈਮਲੀ ਪੈਨਸ਼ਨ ਸਾਡੀ ਮੰਗ ਦਾ ਅੰਸ ਮਾਤਰ ਹੈ। ਅਸੀਂ ਅਪਣੇ ਟੀਚੇ ਦੀ ਪ੍ਰਾਪਤੀ ਤੱਕ ਲੜਦੇ ਰਹਾਂਗੇ। ਆਗੂਆਂ ਜਰਨੈਲ ਸਿੰਘ ਪੱਟੀ ਜਨਰਲ ਸਕੱਤਰ ਅਤੇ ਸੂਬਾ ਜ਼ਾਇੰਟ ਸਕੱਤਰ ਬਿਕਰਮਜੀਤ ਸਿੰਘ ਕੱਦੋਂ ਨੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਐੱਨ.ਪੀ.ਐੱਸ ਅਧੀਨ ਆਉਂਦੇ ਦੋ ਲੱਖ ਕਰਮਚਾਰੀਆਂ ਦਾ ਬੁਢਾਪਾ ਰੁਲਦਾ ਨਜਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਐੱਨ ਪੀ ਐੱਸ ਸਕੀਮ ਦੇ ਮਾੜੇ ਨਤੀਜੇ ਸਾਹਮਣੇ ਆ ਰਹੇ ਹਨ ਇਹਨਾਂ ਤੋਂ ਸਬਕ ਲੈਂਦਿਆਂ ਪੰਜਾਬ ਸਰਕਾਰ ਤੁਰੰਤ ਪੁਰਾਣੀ ਪੈਨਸ਼ਨ ਬਹਾਲ ਕਰਕੇ ਪੂਰੇ ਭਾਰਤ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਕਰਨ ਵਾਲੀ ਪਹਿਲੀ ਸਰਕਾਰ ਬਣੇ। ਪੂਰੇ ਭਾਰਤ ਦੇ ਮੁਲਾਜ਼ਮ ਇਹ ਦੇਖ ਰਹੇ ਹਨ ਕਿ ਕਿਸ ਸਿਆਸੀ ਪਾਰਟੀ ਦੀ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਪਹਿਲ ਕਦਮੀ ਕਰਦੀ ਹੈ। ਪੱਛਮੀ ਬੰਗਾਲ ਵਿੱਚ ਦੀ ਸਰਕਾਰ ਸਪੱਸ਼ਟ ਉਦਾਹਰਣ ਹੈ ਉੱਥੇ ਦੁਬਾਰਾ ਉਹੀ ਸਰਕਾਰ ਲੋਕਾਂ ਨੇ ਚੁਣੀ ਹੈ। ਇਸ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਕੋ-ਕਨਵੀਨਰ ਸੰਜੀਵ ਧੂਤ, ਗੁਰਦੀਪ ਚੀਮਾ, ਸੰਤ ਸੇਵਕ ਸਿੰਘ ਸਰਕਾਰੀਆ, ਗੁਰਦਿਆਲ ਸਿੰਘ ਮਾਨ, ਹਰਪ੍ਰੀਤ ਸਿੰਘ ਬਰਾੜ, ਗੁਰਸ਼ਰਨ ਸਿੰਘ ਰਾਊਆਲ, ਲਵਪ੍ਰੀਤ ਸਿੰਘ ਰੋੜਾਂਵਾਲੀ, ਗੁਰਤੇਜ ਸਿੰਘ ਖਹਿਰਾ, ਸਰਬਜੀਤ ਸਿੰਘ ਪੂਨਾਵਾਲਾ, ਦਰਸ਼ਨ ਸਿੰਘ ਆਲੀਸ਼ੇਰ, ਪਰਮਿੰਦਰਪਾਲ ਸਿੰਘ, ਦੀਦਾਰ ਸਿੰਘ ਮੁੱਦਕੀ, ਗੁਲਾਬ ਸਿੰਘ, ਸੋਹਨਲਾਲ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਗੁਰਵਿੰਦਰਪਾਲ ਸਿੰਘ ਖੇੜੀ, ਰਜਨੀਸ਼ ਕੁਮਾਰ, ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਚਾਹਲ, ਡੀਟੀਐੱਫ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਬੀਐਡ ਫਰੰਟ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ, ਆਈ ਟੀ ਸੈੱਲ ਤੋਂ ਸੱਤ ਪ੍ਰਕਾਸ਼, ਹਰਪ੍ਰੀਤ ਉੱਪਲ, ਸ਼ਿਵਪ੍ਰੀਤ ਪਟਿਆਲਾ, ਬਲਜੀਤ ਸਿੰਘ ਸੇਖਾ ਸਕੂਲ ਲਾਇਬ੍ਰੇਰੀ ਯੁਨੀਅਨ, ਬਲਜੀਤ ਸਿੰਘ ਸਲਾਣਾ ਐੱਸ ਸੀ ਬੀ ਸੀ ਯੁਨੀਅਨ ਹਾਜ਼ਰ ਸਨ।

LEAVE A REPLY

Please enter your comment!
Please enter your name here