ਪੁਰਾਤਨ ਪਰੰਪਰਾ ਦੇ ਅਨੁਸਾਰ ਸ੍ਰੀ ਰਾਮਲੀਲਾ ਗੰਗੂਵਾਲ ਦੇ ਕਲਾਕਾਰ ਮਾਤਾ ਨੈਣਾ ਦੇਵੀ ਜੀ ਦੇ ਦਰਬਾਰ ਵਿੱਚ ਹੋਏ ਨਤਮਸਤਕ
ਸ਼੍ਰੀ ਅਨੰਦਪੁਰ ਸਾਹਿਬ ( 13th Oct 2024 )
ਸ੍ਰੀ ਰਾਮਲੀਲਾ ਗੰਗੂਵਾਲ ਦੇ ਕਲਾਕਾਰ ਰਾਮਲੀਲਾ ਦੇ ਰੰਗਮੰਚ ‘ਤੇ 10 ਦਿਨ ਆਪਣੀ ਭੂਮਿਕਾ ਨਿਭਾਅ ਕੇ ਨਵਰਾਤਿਆਂ ਅਤੇ ਦੁਸਹਿਰੇ ਦਾ ਤਿਉਹਾਰ ਮਨਾਉਣ ਤੋਂ ਬਾਅਦ ਮਾਤਾ ਨੈਣਾ ਦੇਵੀ ਜੀ ਦੇ ਦਰਬਾਰ ਵਿੱਚ ਨਤਮਸਤਕ ਹੋਏ ਅਤੇ ਇਸ ਸਾਰੇ ਸ਼ੁਭ ਕਾਰਜ ਦੇ ਸਹੀ ਢੰਗ ਨਾਲ਼ ਨੇਪਰੇ ਚੜ੍ਹਨ ਲਈ ਮਾਤਾ ਰਾਣੀ ਜੀ ਦਾ ਧੰਨਵਾਦ ਕੀਤਾ। ਸ਼੍ਰੀ ਰਾਮਲੀਲਾ ਗੰਗੂਵਾਲ ਦੀ ਇਹ ਪਰੰਪਰਾ ਪਿਛਲੇ ਲਗਭਗ 75 ਸਾਲ ਤੋਂ ਚਲੀ ਆ ਰਹੀ ਹੈ ਤੇ ਕਲਾਕਾਰ ਆਪਣੇ ਇਸ 10 ਦਿਨ ਦੇ ਅਭਿਨੈ/ ਰੋਲ ਦੇ ਸਮੇਂ ਦੇ ਦੌਰਾਨ ਆਪਣੀ ਸ਼ਰਧਾ ਸਦਕਾ ਪੂਰਨ ਤੌਰ ‘ਤੇ ਸਾਦਾ ਤੇ ਬ੍ਰਹਮਚਾਰਿਆ ਜੀਵਨ ਬਤੀਤ ਕਰਦੇ ਹਨ ਅਤੇ ਧਰਤੀ/ਭੂਮੀ ‘ਤੇ ਹੀ ਸੌਂਦੇ ਹਨ ਤੇ ਕਈ ਕਲਾਕਾਰ ਤਾਂ ਅੰਨ ਆਦਿ ਵੀ ਗ੍ਰਹਿਣ ਨਹੀਂ ਕਰਦੇ ਅਤੇ ਦੁਸਹਿਰੇ ਤੋਂ ਦੂਸਰੇ ਦਿਨ ਮਾਤਾ ਨੈਣਾ ਦੇਵੀ ਜੀ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਆਪਣੀ ਦਿਨਚਰਿਆ / ਰੋਜ਼ਾਨਾ ਜੀਵਨ ਪਹਿਲਾਂ ਵਾਂਗ ਆਰੰਭ ਕਰਦੇ ਹਨ। ਸਾਰੇ ਕਲਾਕਾਰਾਂ ਨੇ ਮਾਤਾ ਨੈਣਾ ਦੇਵੀ ਜੀ ਦਾ ਸ਼ੁਕਰਾਨਾ ਕੀਤਾ ਤੇ ਇਹ ਦੁਆ ਕੀਤੀ ਕਿ ਮਾਤਾ ਰਾਣੀ ਸਭ ਨੂੰ ਤੰਦਰੁਸਤੀ ਦੇਵੇ , ਜਿਨਾਂ ਦੀ ਕਿਰਪਾ ਦੇ ਨਾਲ਼ ਸ੍ਰੀ ਰਾਮਲੀਲਾ ਗੰਗੂਵਾਲ 2024 ਦਾ ਸਮੁੱਚਾ ਕਾਰਜ – ਉਤਸਵ ਸਹੀ , ਬਹੁਤ ਵਧੀਆ ਤੇ ਸ਼ਾਂਤਮਈ ਢੰਗ ਦੇ ਨਾਲ਼ ਨੇਪਰੇ ਚੜ੍ਹਿਆ। ਉਨ੍ਹਾਂ ਨੇ ਸਾਰਿਆਂ ਦਾ ਦਿਲੋਂ ਬਹੁਤ – ਬਹੁਤ ਧੰਨਵਾਦ ਕੀਤਾ। ਇਸ ਮੌਕੇ ਸਤੀਸ਼ ਕੁਮਾਰ , ਗੌਰਵ ਕਪਿਲਾ , ਸ੍ਰੀ ਰਾਮਾਡ੍ਰਾਮਾਟਿੱਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਦੇ ਡਾਇਰੈਕਟਰ ਅਜੇ ਕੁਮਾਰ , ਹੇਮੰਤ ਕੁਮਾਰ , ਨਵੀਨ ਕੁਮਾਰ , ਮੇਘਰਾਜ ਕੌਸ਼ਲ , ਸੋਮਨਾਥ ਸੋਨੂ , ਮਾਸਟਰ ਸੰਜੀਵ ਧਰਮਣੀ ਤੇ ਹੋਰ ਕਈ ਕਲਾਕਾਰ ਤੇ ਭਗਤ ਜਨ ਹਾਜ਼ਰ ਸਨ।