ਪੁਲਿਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੈਮਿਸਟ ਦੀਆਂ ਦੁਕਾਨਾਂ ’ਤੇ ਅਚਨਚੇਤ ਛਾਪੇਮਾਰੀ

0
322

* ਇੱਕ ਦੁਕਾਨ ’ਤੇ ਨਸ਼ੀਲੀਆਂ ਗੋਲੀਆਂ ਬਰਾਮਦ, ਕੇਸ ਦਰਜ਼
ਸੰਗਰੂਰ, (ਦਲਜੀਤ ਕੌਰ ਭਵਾਨੀਗੜ੍ਹ)-ਐੱਸ.ਐੱਸ.ਪੀ ਸ਼੍ਰੀ ਸਵਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲਾ ਸੰਗਰੂਰ ਪੁਲਿਸ ਵੱਲੋਂ ਨਸ਼ਿਆਂ ਦੀ ਵਿਕਰੀ ਤੇ ਤਸਕਰੀ ਰੋਕਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਬੀਤੇ ਦਿਨ ਪੁਲਿਸ ਤੇ ਸਿਹਤ ਵਿਭਾਗ ਦੀਆਂ ਸਾਂਝੀਆਂ ਟੀਮਾਂ ਨੇ ਕੈਮਿਸਟ ਦੀਆਂ ਦੁਕਾਨਾਂ ’ਤੇ ਅਚਨਚੇਤ ਛਾਪਾਮਾਰੀ ਕੀਤੀ। ਇਸ ਦੌਰਾਨ ਇਨਾਂ ਟੀਮਾਂ ਨੂੰ ਇੱਕ ਕੈਮਿਸਟ ਸ਼ਾਪ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਦਵਾਈ ਵਿਕਰੇਤਾ ਖਿਲਾਫ਼ ਐਫ.ਆਈ.ਆਰ ਦਰਜ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸ਼੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਦਵਾਈਆਂ ਦੀ ਵਿਕਰੀ ਦੀ ਆੜ ਵਿੱਚ ਨਸ਼ੀਲੀਆਂ ਗੋਲੀਆਂ ਦੀ ਵਿਕਰੀ ਕਰਨ ਵਾਲੇ ਕੈਮਿਸਟਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਜੇਕਰ ਜ਼ਿਲੇ ਦੇ ਕਿਸੇ ਵੀ ਨਾਗਰਿਕ ਕੋਲ ਕਿਸੇ ਦਵਾਈ ਵਿਕਰੇਤਾ ਦੁਆਰਾ ਕੀਤੀ ਜਾ ਰਹੀ ਅਜਿਹੀ ਗੈਰ ਕਾਨੂੰਨੀ ਗਤੀਵਿਧੀ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਕੰਟਰੋਲ ਰੂਮ ’ਤੇ ਇਸ ਦੀ ਸੂਚਨਾ ਦੇ ਸਕਦਾ ਹੈ। ਐੱਸ.ਐੱਸ.ਪੀ ਨੇ ਦੱਸਿਆ ਕਿ ਅੱਜ ਐੱਸ.ਪੀ (ਡੀ) ਪਲਵਿੰਦਰ ਸਿੰਘ ਚੀਮਾ ਅਤੇ ਡੀ.ਐਸ.ਪੀ ਹੰਸਰਾਜ ਦੀ ਅਗਵਾਈ ਹੇਠ ਪੁਲਿਸ ਵਿਭਾਗ ਦੇ ਸੀ.ਆਈ.ਏ ਅਤੇ ਕਰਾਈਮ ਬਰਾਂਚ ਦੀ ਵਿਸ਼ੇਸ਼ ਟੀਮ ਅਤੇ ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰਾਂ ’ਤੇ ਆਧਾਰਿਤ ਟੀਮ ਵੱਲੋਂ ਸੰਗਰੂਰ ਅਤੇ ਸੁਨਾਮ ਊਧਮ ਸਿੰਘ ਵਾਲਾ ਦੀਆਂ ਕੈਮਿਸਟ ਦੁਕਾਨਾਂ ’ਤੇ ਅਚਨਚੇਤ ਛਾਪਾਮਾਰੀ ਕੀਤੀ ਗਈ। ਉਨਾਂ ਦੱਸਿਆ ਕਿ ਨਸ਼ੀਲੀਆਂ ਦਵਾਈਆਂ ਜਾਂ ਨਸ਼ੀਲੇ ਸੀਰਪ ਵੇਚਣ ਵਾਲੇ ਕੈਮਿਸਟ ਅਜਿਹਾ ਕਰਕੇ ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਰਹੇ ਹਨ ਅਤੇ ਜੇਕਰ ਕੋਈ ਵੀ ਕੈਮਿਸਟ ਅਜਿਹੀ ਗੈਰ ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਐਸ.ਪੀ ਸ਼੍ਰੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਵਿਸ਼ੇਸ ਜਾਂਚ ਟੀਮਾਂ ਵੱਲੋਂ ਕ੍ਰਾਈਮ ਬਰਾਂਚ ਦੇ ਇੰਸਪੈਕਟਰ ਦੀਪਇੰਦਰ ਸਿੰਘ, ਸੀਆਈਏ ਇੰਸਪੈਕਟਰ ਅਮਰਦੀਪ ਸਿੰਘ ਦੀ ਅਗਵਾਈ ਹੇਠ ਲੌਂਗੋਵਾਲ ਮੈਡੀਕਲ ਸਟੋਰ ਸੰਗਰੂਰ, ਰਾਮਾ ਸ਼ਿਨਾ ਮੈਡੀਕਲ ਸਟੋਰ ਸੰਗਰੂਰ ਅਤੇ ਮਿੱਤਲ ਮੈਡੀਕੋਸ ਸੁਨਾਮ ਵਿਖੇ ਅਚਨਚੇਤ ਛਾਪਾਮਾਰੀ ਕਰਦਿਆਂ ਇਨਾਂ ਦੁਕਾਨਾਂ ਵਿੱਚ ਉਪਲਬਧ ਦਵਾਈਆਂ ਤੇ ਬਿੱਲ ਸਮੇਤ ਹੋਰ ਰਿਕਾਰਡ ਦੀ ਜਾਂਚ ਪੜਤਾਲ ਕੀਤੀ ਗਈ। ਉਨਾਂ ਦੱਸਿਆ ਕਿ ਜਾਂਚ ਪੜਤਾਲ ਦੌਰਾਨ ਮਿੱਤਲ ਮੈਡੀਕੋਸ ਤੋਂ ਕਰੀਬ 4000 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਜਿਸ ਤੋਂ ਬਾਅਦ ਸਬੰਧਤ ਦੁਕਾਨਦਾਰ ਦੇ ਖਿਲਾਫ਼ ਪੁਲਿਸ ਸਟੇਸ਼ਨ ਸਿਟੀ ਸੁਨਾਮ ਵਿਖੇ ਐਫ.ਆਈ.ਆਰ ਨੰਬਰ 216 ਅਧੀਨ ਧਾਰਾ 22/61/85 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ।

LEAVE A REPLY

Please enter your comment!
Please enter your name here