ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦੇ ਵਿਰੋਧ ਦਾ ਐਲਾਨ

0
280

 28, 29 ਤੇ 30 ਦਸੰਬਰ ਨੂੰ ਦਿੱਤੇ ਜਾਣਗੇ ਤਹਿਸੀਲਾਂ ਅੱਗੇ ਧਰਨੇ
ਚੰਡੀਗੜ੍ਹ, (ਦਲਜੀਤ ਕੌਰ ਭਵਾਨੀਗੜ੍ਹ) -ਕਾਂਗਰਸ ਸਰਕਾਰ ਦੀ ਵਾਅਦਾ ਖਿਲਾਫੀ ਤੋਂ ਰੋਹ ਵਿੱਚ ਆਏ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ 17 ਦਸੰਬਰ ਤੋਂ 27 ਦਸੰਬਰ ਤੱਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਖਿਲਾਫ਼ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕਰਨ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਕਸ਼ਮੀਰ ਸਿੰਘ ਘੁੱਗਸੋਰ ਦੀ ਪ੍ਰਧਾਨਗੀ ਹੇਠ ਹੋਈ ਸਾਂਝੇ ਮਜ਼ਦੂਰ ਮੋਰਚੇ ਦੀ ਮੀਟਿੰਗ ਦੌਰਾਨ ਲਿਆ ਗਿਆ। ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਮੱਖਣ ਸਿੰਘ ਰਾਮਗੜ੍ਹ, ਗੁਰਨਾਮ ਸਿੰਘ ਦਾਊਦ, ਸੰਜੀਵ ਮਿੰਟੂ, ਲਛਮਣ ਸਿੰਘ ਸੇਵੇਵਾਲਾ, ਕੁਲਵੰਤ ਸਿੰਘ ਸੇਲਬਰਾਹ ਤੇ ਤਰਸੇਮ ਪੀਟਰ ਨੇ ਜ਼ਾਰੀ ਕੀਤੇ ਬਿਆਨ ਰਾਹੀਂ ਦੱਸਿਆ ਕਿ 17 ਤੋਂ 27 ਦਸੰਬਰ ਤੱਕ ‘‘ਕਾਂਗਰਸ ਦੀ ਵਾਅਦਾ ਖਿਲਾਫੀ ਵਿਰੁੱਧ ਰੋਸ ਮੁਹਿੰਮ’’ ਤਹਿਤ ਪਿੰਡ-ਪਿੰਡ ਵਿਸ਼ਾਲ ਰੈਲੀਆਂ ਤੇ ਮੁਜ਼ਾਹਰੇ ਕੀਤੇ ਜਾਣਗੇ ਅਤੇ ਪਿੰਡਾਂ ਤੇ ਕਸਬਿਆਂ ‘ਚ ਆਉਣ ਵਾਲੇ ਕਾਂਗਰਸੀ ਮੁੱਖ ਮੰਤਰੀ, ਮੰਤਰੀਆਂ ਤੇ ਵਿਧਾਇਕਾਂ ਵਿਰੁੱਧ ਕਾਲ਼ੇ ਝੰਡਿਆਂ ਨਾਲ ਰੋਸ ਵਿਖਾਵੇ ਕੀਤੇ ਜਾਣਗੇ। ਉਹਨਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਦੇਣ, ਮਜ਼ਦੂਰ ਘਰਾਂ ‘ਚੋਂ ਪੁੱਟੇ ਬਿਜਲੀ ਦੇ ਮੀਟਰ ਜੋੜਨ, ਦਲਿਤਾਂ ‘ਤੇ ਜ਼ਬਰ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸਿੱਟ ਦਾ ਗਠਨ ਕਰਨ, ਰਾਸ਼ਨ ਡਿਪੂਆਂ ਰਾਹੀਂ ਕਣਕ ਤੋਂ ਇਲਾਵਾ ਹੋਰ ਜ਼ਰੂਰੀ ਵਸਤਾਂ ਕੰਟਰੋਲ ਰੇਟ ‘ਤੇ ਦੇਣ ਅਤੇ ਮਾਈਕਰੋਫਾਈਨਾਸ ਕੰਪਨੀਆਂ ਵੱਲੋਂ ਕਰਜ਼ੇ ਬਦਲੇ ਮਜ਼ਦੂਰ ਔਰਤਾਂ ਨੂੰ ਜ਼ਲੀਲ ਕਰਨ ਤੇ ਘਰੇਲੂ ਸਮਾਨ ਦੀ ਕੁਰਕੀ ਉਤੇ ਸਖ਼ਤੀ ਨਾਲ ਰੋਕ ਲਾਉਣ ਵਰਗੇ ਕਿਸੇ ਵੀ ਐਲਾਨ ਉਤੇ ਅਮਲ ਨਹੀਂ ਹੋਇਆ। ਉਹਨਾਂ ਮੁੱਖ ਮੰਤਰੀ ਉਤੇ ਮਜ਼ਦੂਰ ਵਰਗ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ 36 ਹਜ਼ਾਰ ਪਰਿਵਾਰਾਂ ਨੂੰ ਪਲਾਟ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਜਦੋਂ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਮੁਤਾਬਕ ਅਜ਼ੇ ਤੱਕ ਮਹਿਜ਼ 4396 ਪਰਿਵਾਰਾਂ ਨੂੰ ਸਿਰਫ ਸਨਦਾ ਹੀ ਜ਼ਾਰੀ ਕੀਤੀਆਂ ਗਈਆਂ ਹਨ। ਮੀਟਿੰਗ ਵਿੱਚ ਹਾਜ਼ਰ ਮਜ਼ਦੂਰ ਆਗੂ ਦਰਸ਼ਨ ਨਾਹਰ, ਹਰਮੇਸ਼ ਮਾਲੜੀ, ਬਲਦੇਵ ਸਿੰਘ ਨੂਰਪੁਰੀ ਤੇ ਕਸ਼ਮੀਰ ਸਿੰਘ ਘੁੱਗਸੋਰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਜ਼ਮੀਨੀ ਹੱਦਬੰਦੀ ਸਬੰਧੀ ਕਾਨੂੰਨ ਤੋਂ ਵਾਧੂ ਜ਼ਮੀਨਾਂ ਰੱਖਣ ਵਾਲੇ ਮਾਲਕਾਂ ਦੀ ਸ਼ਨਾਖਤ ਕਰਨ ਸਬੰਧੀ ਪੱਤਰ ਜ਼ਾਰੀ ਕਰਕੇ ਤੁਰੰਤ ਵਾਪਸ ਲੈਣਾ ਵੀ ਸਾਬਤ ਕਰਦਾ ਹੈ ਕਿ ਮੁੱਖ ਮੰਤਰੀ ਮਜ਼ਦੂਰਾਂ ਨੂੰ ਸਿਰਫ਼ ਲਾਰਿਆਂ ਨਾਲ ਵਰਚਾਉਣਾ ਚਾਹੁੰਦੇ ਹਨ ਅਤੇ ਅਸਲ ਸੇਵਾ ਜਗੀਰਦਾਰਾਂ ਤੇ ਧਨਾਢਾਂ ਦੀ ਕਰ ਰਹੇ ਹਨ। ਉਹਨਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਕਾਂਗਰਸ ਦੀ ਵਾਅਦਾ ਖਿਲਾਫੀ ਵਿਰੁੱਧ ਰੋਸ ਮੁਹਿੰਮ ‘ਚ ਪਰਿਵਾਰਾਂ ਸਮੇਤ ਸ਼ਾਮਲ ਹੋਣ। ਇਸ ਮੌਕੇ ਮਾਨਸਾ ਜਿਲ੍ਹੇ ਦੇ ਪਿੰਡ ਮੌਜੋ ਕਲਾ ਦੇ ਮਜ਼ਦੂਰ ਪਰਿਵਾਰ ਦਾ ਗੇਟ ਬੰਦ ਕਰਨ ਦੀ ਕਾਰਵਾਈ ਦੀ ਨਿੰਦਾ ਕਰਦਿਆਂ ਮਜ਼ਦੂਰ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਵੀ ਕੀਤੀ।

LEAVE A REPLY

Please enter your comment!
Please enter your name here