ਪੇਂਡੂ ਮਜ਼ਦੂਰ ਯੂਨੀਅਨ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਮੋਦੀ ਦੀ ਆਮਦ ‘ਤੇ ਕਾਲ਼ੇ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ ਆਗੂਆਂ ਦੇ ਘਰੀਂ ਪੁਲਿਸ ਛਾਪੇਮਾਰੀਆਂ ਦੇ ਬਾਵਜੂਦ ਰੋਸ ਪ੍ਰਦਰਸ਼ਨ

0
151
 ਪੇਂਡੂ ਮਜ਼ਦੂਰ ਯੂਨੀਅਨ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ  ਮੋਦੀ ਦੀ ਆਮਦ ‘ਤੇ ਕਾਲ਼ੇ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ
ਆਗੂਆਂ ਦੇ ਘਰੀਂ ਪੁਲਿਸ ਛਾਪੇਮਾਰੀਆਂ ਦੇ ਬਾਵਜੂਦ ਰੋਸ ਪ੍ਰਦਰਸ਼ਨ
ਦਲਜੀਤ ਕੌਰ
ਕਰਤਾਰਪੁਰ, 24 ਮਈ, 2024: ਜਲੰਧਰ ਵਿਖੇ ਭਾਜਪਾ ਆਗੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਮੌਕੇ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਨੂੰ ਸਖ਼ਤੀ ਨਾਲ ਰੋਕਣ ਲਈ ਅਣ-ਐਲਾਨੀ ਐਮਰਜੈਂਸੀ ਲਗਾ ਕੇ ਜ਼ਿਲ੍ਹਾ ਜਲੰਧਰ ਨੂੰ ਪੂਰੀ ਤਰ੍ਹਾਂ ਸੀਲ ਕਰਨ ਅਤੇ ਥਾਂ ਥਾਂ ਆਗੂਆਂ, ਕਾਰਕੁਨਾਂ ਦੇ ਘਰੀਂ ਲੰਘੀ ਰਾਤ ਤੋਂ ਸ਼ੁਰੂ ਹੋ ਕੇ ਅੱਜ ਸਾਰਾ ਦਿਨ ਵਾਰ ਵਾਰ ਛਾਪੇਮਾਰੀਆਂ ਦੇ ਬਾਵਜੂਦ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਇਸਤਰੀ ਜਾਗ੍ਰਿਤੀ ਮੰਚ ਵਲੋਂ ਮੋਦੀ ਦੀ ਆਮਦ ਮੌਕੇ ਹਰ ਹਾਲ ਵਿਰੋਧ ਕਰਨ ਦੇ ਤਹੱਈਏ ਅਨੁਸਾਰ ਮਿੱਥੇ ਸਮੇਂ ‘ਤੇ ਬਾਅਦ ਦੁਪਹਿਰ 3:30 ਵਜੇ ਪਿੰਡਾਂ ਤੋਂ ਕਾਲ਼ੇ ਝੰਡੇ ਲੈ ਕੇ ਚਾਲੇ ਪਾਏ ਤਾਂ ਕਾਫ਼ਲੇ ਨੂੰ ਧੱਕਾਮੁੱਕੀ ਕਰਦੇ ਹੋਏ ਭਾਰੀ ਪੁਲਿਸ ਫੋਰਸ ਨੇ ਅੰਮ੍ਰਿਤਸਰ-ਜਲੰਧਰ ਹਾਈਵੇਅ ਉੱਪਰ ਜੰਗ ਏ ਆਜ਼ਾਦੀ ਯਾਦਗਾਰ ਦੇ ਸਾਹਮਣੇ ਅੱਗੇ ਵੱਧਣ ਤੋਂ ਰੋਕ ਲਿਆ ਤਾਂ ਮਜ਼ਬੂਰਨ ਪ੍ਰਦਰਸ਼ਨਕਾਰੀਆਂ ਨੇ ਉੱਥੇ ਹੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਜੋ ਸ਼ਾਮ 7 ਵਜੇ ਤੱਕ ਜਾਰੀ ਰਿਹਾ। ਇਸ ਮੌਕੇ ਦੇਸ਼ ਦੇ ਮੌਜੂਦਾ ਸੰਵਿਧਾਨ ਨੂੰ ਬਦਲ ਕੇ ਮਨੂੰ-ਸਮਰਿਤੀ ਲਾਗੂ ਕਰਨ ਲਈ ਯਤਨਸ਼ੀਲ ਭਾਜਪਾ ਨੂੰ ਹਰਾਓਣ ਤੇ ਭਾਜਪਾ ਨੂੰ ਭਜਾਉਣ ਦਾ ਸੱਦਾ ਵੀ ਦਿੱਤਾ ਗਿਆ।
ਇਸ ਮੌਕੇ ਆਗੂਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਆਮਦ ਮੌਕੇ ਹੋਣ ਵਾਲੇ ਵਿਰੋਧ ਨੂੰ ਅਸਫ਼ਲ ਬਣਾਉਣ ਲਈ ਜਲੰਧਰ ਦਿਹਾਤੀ ਦੀ ਪੁਲਿਸ ਵਲੋਂ ਡੀਐੱਸਪੀ ਕਰਤਾਰਪੁਰ ਦੀ ਅਗਵਾਈ ਹੇਠ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਦੇ ਘਰਾਂ ਵਿੱਚ ਅੱਜ ਤੜਕਸਾਰ ਕਈ ਥਾਣਿਆਂ ਦੀ ਪੁਲਿਸ ਫੋਰਸ ਨੇ ਛਾਪੇਮਾਰੀ ਕੀਤੀ ਪ੍ਰੰਤੂ ਉਹ ਪੁਲਿਸ ਹੱਥ ਨਹੀਂ ਆਏ।
ਦਰਮਿਆਨੀ ਰਾਤ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ ਤਰਸੇਮ ਸਿੰਘ ਬੰਨੇਮੱਲ ਤੇ ਪੇਂਡੂ ਮਜ਼ਦੂਰ ਯੂਨੀਅਨ ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ ਦੇ ਘਰੀਂ ਵੀ ਛਾਪੇਮਾਰੀ ਕੀਤੀ ਗਈ ਅਤੇ ਕਰਤਾਰਪੁਰ ਦੀ ਪੇਂਡੂ ਮਜ਼ਦੂਰ ਆਗੂ ਬਲਵਿੰਦਰ ਕੌਰ ਦਿਆਲਪੁਰ ਦੇ ਘਰ ਛਾਪੇਮਾਰੀ ਕਰਕੇ ਉਸਦਾ ਮੋਬਾਇਲ ਫ਼ੋਨ ਜ਼ਬਤ ਕੀਤਾ ਗਿਆ ਅਤੇ ਯੂਨੀਅਨ ਆਗੂ ਸਰਬਜੀਤ ਕੌਰ ਕੁੱਦੋਵਾਲ ਦੇ ਘਰ ਵੀ ਛਾਪੇਮਾਰੀ ਕੀਤੀ ਗਈ। ਸਾਰੇ ਆਗੂ ਪਹਿਲਾਂ ਹੀ ਰੂਪੋਸ਼ ਹੋ ਗਏ ਸਨ।
ਉਨ੍ਹਾਂ ਕਿਹਾ ਕਿ ਐਨੇਂ ਵੱਡੇ ਫਾਸ਼ੀਵਾਦੀ ਤਾਨਾਸ਼ਾਹ ਨਰਿੰਦਰ ਮੋਦੀ ਦੀ ਆਮਦ ਦੇ ਵਿਰੋਧ ਨੂੰ ਅਸਫ਼ਲ ਕਰਨ ਲਈ ਪੁਲਿਸ ਅਜਿਹਾ ਕਰ ਸਕਦੀ ਹੈ,ਦੇ ਮੱਦੇਨਜ਼ਰ ਪੇਂਡੂ ਮਜ਼ਦੂਰ ਤੇ ਕਿਰਤੀ ਕਿਸਾਨ ਆਗੂ ਪਹਿਲਾਂ ਹੀ ਰੂ-ਪੋਸ਼ ਹੋ ਗਏ ਸਨ।
ਇਸ ਮੌਕੇ ਕਾਫ਼ਲੇ ਦੀ ਅਗਵਾਈ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸਥਾਨਕ ਆਗੂ ਬਲਵਿੰਦਰ ਕੌਰ ਦਿਆਲਪੁਰ, ਸਰਬਜੀਤ ਕੌਰ ਅਤੇ ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾ ਪ੍ਰੈੱਸ ਸਕੱਤਰ ਜਸਵੀਰ ਕੌਰ ਜੱਸੀ ਤੇ ਬਲਵਿੰਦਰ ਕੌਰ ਘੁੱਗ ਨੇ ਕੀਤੀ।
ਇਸ ਮੌਕੇ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਮੋਦੀ ਦੀ ਆਮਦ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਲੰਧਰ ਸਥਿਤ ਸੂਬਾ ਦਫ਼ਤਰ ਨੂੰ ਤੜਕਸਾਰ ਤੋਂ ਹੀ ਸੀਲ ਕਰਨ, ਉੜਾਪੜ ਵਿਖੇ ਸੈਂਕੜੇ ਕਿਸਾਨਾਂ, ਮਜ਼ਦੂਰਾਂ, ਔਰਤਾਂ ਨੂੰ ਔੜ ਪੁਲਿਸ ਵਲੋਂ ਗ੍ਰਿਫ਼ਤਾਰ ਕਰਨ ਅਤੇ ਕਰਤਾਰਪੁਰ ਪੁਲਿਸ ਵਲੋਂ ਆਗੂਆਂ ਦੇ ਘਰੀਂ ਅੱਜ ਸਾਰਾ ਦਿਨ ਵਾਰ-ਵਾਰ ਛਾਪੇਮਾਰੀਆਂ ਕਰਨ ਤੇ ਯੂਨੀਅਨ ਆਗੂ ਬਲਵਿੰਦਰ ਕੌਰ ਦਾ ਫ਼ੋਨ ਜ਼ਬਤ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਪੁਲਿਸ਼ ਕਾਰਵਾਈ ਨੂੰ ਫਾਸ਼ੀਵਾਦੀ ਤਾਨਾਸ਼ਾਹੀ ਕਰਾਰ ਦਿੱਤਾ ਗਿਆ।

LEAVE A REPLY

Please enter your comment!
Please enter your name here