ਪੇਂਡੂ ਮਜ਼ਦੂਰ ਯੂਨੀਅਨ ਵਲੋਂ ਐੱਸ ਕੇ ਐੱਮ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ
ਦਲਜੀਤ ਕੌਰ
ਚੰਡੀਗੜ੍ਹ/ਜਲੰਧਰ, 19 ਅਕਤੂਬਰ, 2024: ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਨੇ ਚੰਡੀਗੜ੍ਹ ਅਤੇ ਸੂਬੇ ਦੇ ਕਈ ਹਿੱਸਿਆਂ ਵਿੱਚ ਮਿਹਨਤ ਨਾਲ ਪਾਲੀ ਝੋਨੇ ਦੀ ਫ਼ਸਲ ਨੂੰ ਸੰਭਾਲਣ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਏ ਸੰਘਰਸ਼ ਦੀ ਹਮਾਇਤ ਕਰਦਿਆਂ ਪੇਂਡੂ ਮਜ਼ਦੂਰਾਂ ਨੂੰ ਸੰਘਰਸ਼ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਜਨਰਲ ਸਕੱਤਰ ਅਵਤਾਰ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਦੁਸ਼ਮਣਾਂ ਵਾਂਗ ਪੇਸ਼ ਆਉਣ ਕਾਰਨ ਪੰਜਾਬ ਦਾ ਖੇਤੀਬਾੜੀ ਸੈਕਟਰ ਬੁਰੀ ਤਰ੍ਹਾਂ ਸੰਕਟ ਵਿੱਚ ਫਸ ਗਿਆ ਹੈ। ਜਿੱਥੇ ਅੱਜ ਕਿਸਾਨ ,ਸ਼ੈਲਰ ਮਾਲਕ, ਆੜਤੀਏ, ਹਾਕਮਾ ਦੀ ਬੇਰੁਖੀ ਦਾ ਸ਼ਿਕਾਰ ਹੋ ਰਹੇ ਹਨ। ਉੱਥੇ 8 ਲੱਖ ਤੋਂ ਵੱਧ ਮਜ਼ਦੂਰ ਮੰਡੀਆਂ ਵਿੱਚ ਫਸਲ ਦੀ ਸਾਂਭ ਸੰਭਾਲ ਲਈ ਪਹੁੰਚੇ ਮਜ਼ਦੂਰ ਵੀ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਮੰਡੀਆਂ ਵਿੱਚੋਂ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ। ਮਜ਼ਦੂਰ ਮੰਡੀਆਂ ਵਿੱਚ ਵਿਹਲੇ ਬੈਠੇ ਹਨ। ਉਧਾਰ ਦੀ ਖੁਰਾਕੀ ਉਹਨਾਂ ਨੂੰ ਕਰਜ਼ਿਆਂ ਦੀ ਪੰਡ ਵਿੱਚ ਦੱਬ ਦਵੇਗੀ। ਜੇ ਕੇਂਦਰ ਤੇ ਸੂਬਾ ਸਰਕਾਰ ਨੇ ਆਪਣਾ ਰੁੱਖ ਨਾ ਬਦਲਿਆ, ਤਾਂ ਮਜ਼ਦੂਰ ਮੰਡੀਆਂ ਵਿੱਚੋਂ ਖਾਲੀ ਪੱਲਾ ਝਾੜ ਕੇ ਘਰਾਂ ਨੂੰ ਮੁੜਨ ਲਈ ਮਜਬੂਰ ਹੋਣਾਗੇ। ਜਿਸ ਦਾ ਸਭ ਤੋਂ ਵੱਧ ਪ੍ਰਭਾਵ ਖੇਤੀ ਸੈਕਟਰ ਤੇ ਪਵੇਗਾ। ਉਹਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਦੋਨੋਂ ਡਬਲਟੀਓ ਦੀਆਂ ਨੀਤੀਆਂ ਤਹਿਤ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਖੇਤੀ ਸੈਕਟਰ ਤੋਂ ਬਾਹਰ ਕੱਢਣ ਦੇ ਰਾਹ ਤੁਰੇ ਹੋਏ ਹਨ, ਤਾਂ ਕਿ ਸਾਮਰਾਜੀ ਸ਼ਕਤੀਆਂ ਦੇ ਹਿੱਤ ਪੂਰੇ ਜਾ ਸਕਣ।