ਮਾਨਸਾ (ਸਾਂਝੀ ਸੋਚ ਬਿਊਰੋ) -ਪੈਨ ਇੰਡੀਆ ਕੰਪੈਨ ਮੁਹਿੰਮ, ਜੋ 2 ਅਕਤੂਬਰ ਤੋਂ ਲੈ ਕੇ 14 ਨਵੰਬਰ 2021 ਤੱਕ ਚੱਲਣੀ ਹੈ, ਦੇ ਤਹਿਤ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਮਾਈ ਭਾਗੋ ਗਰਲਜ਼ ਕਾਲਜ, ਰੱਲਾ ਵਿਖੇ ਸ਼ਾਂਤੀਪੂਰਵਕ ਮਾਰਚ ਦਾ ਆਯੋਜਨ ਸ਼ੈਸ਼ਨ ਜੱਜ ਸ਼੍ਰੀਮਤੀ ਨਵਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤਾ ਗਿਆ। ਇਸ ਸ਼ਾਂਤੀਮਾਰਚ ਦੀ ਅਗਵਾਈ ਮਾਨਯੋਗ ਅਡੀਸ਼ਨਲ ਸੈਸ਼ਨ ਜੱਜ ਸ਼੍ਰੀਮਤੀ ਮਨਜੋਤ ਕੌਰ ਅਤੇ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ਼੍ਰੀਮਤੀ ਸ਼ਿਲਪਾ ਵਰਮਾ ਵੱਲੋਂ ਕੀਤੀ ਗਈ। ਇਸ ਮਾਰਚ ਵਿਚ ਵੱਖ ਵੱਖ ਕਲਾਸਾਂ ਅਤੇ ਕੋਰਸਾਂ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਇਹ ਮਾਰਚ ਮਾਈ ਭਾਗੋ ਰੱਲਾ ਤੋਂ ਸ਼ੁਰੂ ਹੋ ਕੇ ਰੱਲਾ ਬੱਸ ਸਟੈਂਡ ਰਾਹੀਂ ਰੱਲਾ ਪਿੰਡ ਵਿਚ ਆ ਕੇ ਸਮਾਪਤ ਹੋਇਆ। ਇਸ ਮਾਰਚ ਦਾ ਉਦੇਸ਼ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਚਲ ਰਹੀਆਂ ਸੇਵਾਵਾਂ ਬਾਰੇ ਪਿੰਡ ਦੇ ਲੋਕਾਂ ਨੂੰ ਜਾਣਕਾਰੀ ਦੇਣਾ ਸੀ। ਇਸ ਮੌਕੇ ਬੋਲਦਿਆਂ ਐਡੀਸ਼ਨਲ ਸੈਸ਼ਨ ਜੱਜ ਸ਼੍ਰੀਮਤੀ ਮਨਜੋਤ ਕੌਰ ਨੇ ਵਿਦਿਆਰਥਣਾਂ ਨੂੰ ਜ਼ਿੰਦਗੀ ਵਿਚ ਵਾਪਰ ਰਹੀਂਆਂ ਘਟਨਾਵਾਂ ਤੋਂ ਸੁਚੇਤ ਰਹਿਣ, ਆਪਣੇ ਹੱਕਾਂ ਲਈ ਆਵਾਜ ਬੁਲੰਦ ਕਰਨ ਅਤੇ ਲੜਕੀਆਂ ਨਾਲ ਸਬੰਧਤ ਕਾਨੂੰਨ ਦੀ ਜਾਣਕਾਰੀ ਲੈਣ ਦੀ ਸਲਾਹ ਦਿੱਤੀ। ਇਸ ਮੌਕੇ ਉਨ੍ਹਾਂ ਵਿਦਿਆਰਥਣਾਂ ਨੂੰ ਕਿਹਾ ਕਿ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਹਰ ਵਰਗ, ਹਰ ਘਰ ਅਤੇ ਹਰ ਸ਼ਹਿਰ ਦੇ ਹਰ ਕੋਨੇ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਕਿ ਗਰੀਬ ਅਤੇ ਲੋੜਵੰਦ ਲੋਕ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਲੈ ਸਕਣ। ਇਸ ਮਾਰਚ ਵਿਚ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਰਿਟੇਨਰ ਐਡਵੋਕੇਟ ਸ਼ਾਮਲ ਹੋਏ। ਇਸ ਤੋਂ ਇਲਾਵਾ ਇਸ ਮੌਕੇ ਪ੍ਰਿੰਸੀਪਲ ਮਾਈ ਭਾਗੋ ਗਰਲਜ਼ ਕਾਲਜ ਰੱਲਾ, ਕਾਲਜ ਕਮੇਟੀ ਦੇ ਆਹੁਦੇਦਾਰ, ਲੈਕਚਰਾਰ, ਹਾਜਰ ਸਨ। ਇਸ ਮੌਕੇ ਕਾਲਜ ਕਮੇਟੀ ਵੱਲੋਂ ਮੁੱਖ ਮਹਿਮਾਨ ਐਡੀਸ਼ਨਲ ਸੈਸ਼ਨ ਜੱਜ ਸ਼੍ਰੀਮਤੀ ਨਵਜੋਤ ਕੌਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Boota Singh Basi
President & Chief Editor