ਪ੍ਰਕਾਸ਼ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ

0
343

ਲਾਹੌਰ ਸ਼ਹਿਰ ਦੇ ਦਿੱਲੀ ਦਰਵਾਜ਼ੇ ਦੇ ਅੰਦਰ ਪੁਰਾਣੀ ਕੋਤਵਾਲੀ ਚੌਂਕ ਪਾਸ ਚੂਨਾ ਮੰਡੀ ‘ਚ ਮੌਜੂਦ ਸਤਿਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਅਸਥਾਨ ਉਹੀ ਮੁਕੱਦਸ ਅਸਥਾਨ ਹੈ, ਜਿਥੇ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਭਾਈ ਹਰਦਾਸ ਦਾਸ ਜੀ ਦੇ ਘਰ, ਮਾਤਾ ਦਯਾਵੰਤੀ ਜੀ ਦੀ ਕੁੱਖੋਂ 25 ਅੱਸੂ ਸੰਮਤ 1591 ਨੂੰ (ਕਈ ਲੇਖਕਾਂ ਨੇ 26 ਅੱਸੂ ਵੀ ਲਿਖਿਆ ਹੈ) ਹੋਇਆ।ਸਤਿਗੁਰਾਂ ਨੇ ਉਮਰ ਦੇ ਪਹਿਲੇ ਸੱਤ ਸਾਲ ਇਥੇ ਹੀ ਗੁਜ਼ਾਰੇ।

ਗੁਰੂ ਜੀ ਦਾ ਪਿਤਾ-ਪੁਰਖੀ ਮਕਾਨ ਬਹੁਤ ਛੋਟਾ ਸੀ, ਬਾਅਦ ‘ਚ ਗੁਰੂ ਅਰਜਨ ਦੇਵ ਜੀ ਨੇ ਇਸ ਅਸਥਾਨ ਦੀ ਉਸਾਰੀ ਕਰਵਾਈ।ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਦਾਤਾਰ ਕੌਰ ਨਕੈਣ ਨੇ ਆਪਣੇ ਸਪੁੱਤਰ ਖੜਕ ਸਿੰਘ ਦੇ ਜਨਮ ਦੀ ਖੁਸ਼ੀ ‘ਚ ਇਸ ਯਾਦਗਾਰੀ ਅਸਥਾਨ ’ਤੇ ਨਵੀਂ ਇਮਾਰਤ ਬਣਾਉਣ ਦੀ ਇੱਛਾ ਪ੍ਰਗਟ ਕੀਤੀ।ਮਹਾਰਾਣੀ ਦੀ ਇੱਛਾ ਪੂਰਤੀ
ਲਈ ਮਹਾਰਾਜਾ ਨੇ ਚੁਫੇਰੇ ਕਾਜ਼ੀਆਂ ਦੇ ਮਕਾਨ ਖਰੀਦ ਕੇ ਉੱਥੇ ਇਕ ਵਿਸ਼ਾਲ ਇਮਾਰਤ ਦਾ ਨਿਰਮਾਣ ਕਰਵਾਇਆ ਅਤੇ ਇਸ ਅਸਥਾਨ ਦੇ ਨਾਂਅ ਜਾਗੀਰ ਵੀ ਲਗਾਈ।

ਇਸ ਗੁਰਦੁਆਰੇ ਦਾ ਨਕਸ਼ਾ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਨਾਲ ਕਾਫੀ ਮਿਲਦਾ ਜੁਲਦਾ ਹੈ।ਪੱਛਮ ਵੱਲ ਖੁੱਲ੍ਹਾ ਵੇਹੜਾ ਹੈ।ਨਿਸ਼ਾਨ ਸਾਹਿਬ ਦਖਣ-ਪੱਛਮ ਕੋਨੇ ‘ਚ ਹੈ। ਸਿੰਘ ਸਭਾ ਲਹਿਰ ਦਾ ਆਰੰਭ ਇਸੇ ਅਸਥਾਨ ਤੋਂ ਹੋਇਆ ਸੀ।ਦੇਸ਼ ਦੀ ਵੰਡ ਤੱਕ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਰਿਹਾ, ਪਰ ਉਸ ਦੇ ਲਗਭਗ 60 ਵਰ੍ਹੇ ਬਾਅਦ ਤੱਕ ਕਿਸੇ ਨੇ ਇਸ ਅਸਥਾਨ ਦੀ ਸਾਰ ਨਹੀਂ ਲਈ ਸਾਲ 2005 ਤੱਕ ਇਸ ਅਸਥਾਨ ਦੀ ਹਾਲਤ ਕਾਫੀ ਤਰਸਯੋਗ ਬਣੀ ਰਹੀ, ਜਿਸ ਦੇ ਬਾਅਦ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਵਲੋਂ ਇਸ ਦੀ ਨਵ-ਉਸਾਰੀ ਦਾ ਕੰਮ ਆਰੰਭਿਆ ਗਿਆ, ਜੋ ਹੁਣ ਮੁਕੰਮਲ ਹੋ ਚੁੱਕਿਆ ਹੈ। ਇਸ ਅਸਥਾਨ ਦੇ ਨਾਂਅ ਮਹਾਰਾਜਾ ਰਣਜੀਤ ਸਿੰਘ ਵਲੋਂ ਲਗਾਈ ਸਾਰੀ ਜਾਇਦਾਦ ਖੁਰਦ-ਬੁਰਦ ਹੋ ਗਈ ਹੈ।

LEAVE A REPLY

Please enter your comment!
Please enter your name here