ਪ੍ਰਧਾਨ ਮੰਤਰੀ ਮੋਦੀ ਨੇ ਹੀ ਜੂਨ ’84 ਬਾਰੇ ਸਿੱਖ ਮਾਨਸਿਕਤਾ ਦੀ ਤਰਜਮਾਨੀ ਕੀਤੀ।

0
34

ਪ੍ਰਧਾਨ ਮੰਤਰੀ ਮੋਦੀ ਨੇ ਹੀ ਜੂਨ ’84 ਬਾਰੇ ਸਿੱਖ ਮਾਨਸਿਕਤਾ ਦੀ ਤਰਜਮਾਨੀ ਕੀਤੀ।
(ਪ੍ਰੋ. ਸਰਚਾਂਦ ਸਿੰਘ ਖਿਆਲਾ)
ਜੂਨ 1984 ’ਚ ਮਰਹੂਮ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਬਲਿਊ ਸਟਾਰ ਓਪਰੇਸ਼ਨ ਦੇ ਨਾਮ ’ਤੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤੇ ਜਾਣ ਦਾ ਸਿੱਖ ਜਗਤ ਨੂੰ ਪੀੜਾ ਕਿਉਂ ਨਾ ਹੋਵੇ? ਇਹ ਉਹ ਅਸਥਾਨ ਹੈ ਜਿਸ ਨੂੰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਸਮੇਂ ਚਰਨ ਛੋਹ ਬਖ਼ਸ਼ੀ। ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਜਾਂਦੇ ਸਮੇਂ ਜਿੱਥੇ ਪੜਾਅ ਕਰਦੇ ਰਹੇ। ਗੁਰੂ ਅਮਰਦਾਸ ਜੀ ਵੱਲੋਂ ਇੱਥੋਂ ਲਿਜਾਈ ਗਈ ’ਅੰਮ੍ਰਿਤੀ’ ਬੂਟੀ ਨਾਲ ਗੁਰੂ ਅੰਗਦ ਦੇਵ ਜੀ ਦੇ ਅੰਗੂਠੇ ਦਾ ਦਰਦ ਦੂਰ ਕੀਤਾ ਗਿਆ। ਇਸ ਸ਼ਹਿਰ ’ਚੱਕ ਗੁਰੂ ਕਾ’ ਲਈ 1627 ਬਿਕਰਮੀ (1570 ਈ.) ਨੂੰ ਪਹਿਲੀ ਮੋਹੜੀ ਗੁਰੂ ਕੇ ਮਹਿਲ ਵਾਲੀ ਥਾਂ ’ਤੇ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਗੱਡੀ ਗਈ। ਗੁਰੂ ਰਾਮਦਾਸ ਜੀ ਨੇ ਸਰੋਵਰ ਖੁਦਵਾਇਆ। ਗੁਰੂ ਅਰਜਨ ਦੇਵ ਜੀ ਦੇ ਸਮੇਂ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਦੌਰਾਨ ਨਿਰਗੁਣ ਅਕਾਲ ਪੁਰਖ ਤ੍ਰਿਲੋਕੀ ਨਾਥ ਸਰਗੁਣ ਸਰੂਪ ਹੋਕੇ ਮੁਖੀ ਦੇਵਤਿਆਂ ਨਾਲ ਖ਼ੁਦ ਕਾਰ ਸੇਵਾ ਵਿਚ ਜਿਸ ਥਾਂ ਹਿੱਸਾ ਲਿਆ ਉਹ ’ਹਰਿ ਕੀ ਪਉੜੀ’ ਵਜੋਂ ਜਾਣਿਆ ਗਿਆ। ਇਸੇ ਦਿਵਯ ਸਰੂਪ ਬਾਰੇ ਪੁੱਛੇ ਜਾਣ ’ਤੇ ਸਤਿਗੁਰੂ ਅਰਜਨ ਦੇਵ ਜੀ ਨੇ ’’ ਸੰਤਾ ਕੇ ਕਾਰਜਿ ਆਪਿ ਖਲੋਇਆ, ਹਰਿ ਕੰਮੁ ਕਰਾਵਣਿ ਆਇਆ ਰਾਮ ’’ ਕਹਿ ਕੇ ਪਰਪੱਕਤਾ ਦਿੱਤੀ। ਨਿਰੰਕਾਰ ਦਾ ਹੁਕਮ ਪਾ ਕੇ ਸਰੋਵਰ ਦੇ ਐਨ ਵਿਚਕਾਰ ਗੁਰਾਂ ਨੇ ਖ਼ੁਦ ਸੱਚਖੰਡ ਹਰਿਮੰਦਰ ਦੀ ਨੀਂਹ ਰੱਖਦਿਆਂ ਸੁੰਦਰ ਇਮਾਰਤ ਦਾ ਨਿਰਮਾਣ ਕਰਵਾਇਆ ਅਤੇ ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਬਾਅਦ ਪਹਿਲਾ ਪ੍ਰਕਾਸ਼ ਕਰਵਾਇਆ। ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾ ਕੇ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ।  ਸ੍ਰੀ ਦਰਬਾਰ ਸਾਹਿਬ ਸਦੀਆਂ ਤੋਂ ਸਿੱਖ ਧਰਮ ਅਤੇ ਰਹੁ ਰੀਤ ਦਾ ਕੇਂਦਰੀ ਧੁਰਾ ਰਿਹਾ। ਇਹ ਰੱਬੀ ਪਿਆਰ, ਜਬਰ ਵਿਰੁੱਧ ਜੂਝਣ ਦਾ ਜਜ਼ਬਾ ਅਤੇ ਸਵੈਮਾਣ ਨਾਲ ਜੀਵਨ ਜਿਊਣ ਦੀ ਪ੍ਰੇਰਣਾ ਦਾ ਸ੍ਰੋਤ ਹੈ। ਇਹ ਕਹਿ ਲਿਆ ਜਾਵੇ ਕਿ ਜਿਵੇਂ ਮੁਸਲਮਾਨਾਂ ਲਈ ਮੱਕੇ ਤੋਂ ਅੱਗੇ ਉਜਾੜ ਹੈ ਤਾਂ ਸਿੱਖਾਂ ਲਈ ਵੀ ਸ੍ਰੀ ਦਰਬਾਰ ਸਾਹਿਬ ਪ੍ਰਤੀ ਉਹੀ ਧਾਰਨਾ ਹੈ।
ਸ੍ਰੀ ਦਰਬਾਰ ਸਾਹਿਬ ’ਤੇ ਜੂਨ ’84 ਦਾ ਹਮਲਾ ਪਹਿਲਾ ਹਮਲਾ ਨਹੀਂ ਸੀ। ਇਤਿਹਾਸ ਗਵਾਹ ਹੈ ਕਿ ਹਰੇਕ ਹਕੂਮਤ ਜਿਸ ਨੂੰ ਇਨਸਾਨੀਅਤ ਪੱਖੀ ਸਿੱਖੀ ਵਿਚਾਰਧਾਰਾ ਨਾਲ ਨਫ਼ਰਤ ਰਿਹਾ, ਉਸ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਜ਼ਰੂਰ ਕੀਤਾ। ਅਠਾਰਵੀਂ ਸਦੀ ਸਿੱਖ ਪੰਥ ਲਈ ਚੁਨੌਤੀਆਂ ਭਰਪੂਰ ਰਿਹਾ। ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਉਪਰੰਤ ਤੁਰਕਾਂ ਨੇ 1740 ’ਚ ( ਮੱਸਾ ਰੰਘੜ ਦੇ ਸਮੇਂ) ਸ਼੍ਰੀ ਹਰਿਮੰਦਰ ਸਾਹਿਬ ਉੱਪਰ ਕਬਜ਼ਾ ਕਰ ਲਿਆ ਤੇ ਪਹਿਲੀ ਵਾਰ ਤਾਲੇ ਜੜ ਦਿੱਤੇ ਗਏ । ਵਿਜੈ ਖਾਂ ਸੂਬਾ ਲਾਹੌਰ ਸਮੇਂ ਦੀਵਾਨ ਲਖਪਤੀ ਰਾਏ ਅਤੇ ਯਾਹੀਆ ਖਾਨ ਅਧੀਨ ਮੁਗ਼ਲ ਫ਼ੌਜਾਂ ਨੇ 1746 ਵਿਚ  ਪਹਿਲਾ ਘੱਲੂਘਾਰਾ ਵਰਤਾਇਆ ਅਤੇ ਅੰਮ੍ਰਿਤਸਰ ਸਰੋਵਰ ਨੂੰ ਮਿੱਟੀ ਨਾਲ ਭਰ ਦਿੱਤਾ ਸੀ, ਭਾਵੇਂ ਕਿ ਸਿੱਖਾਂ ਨੇ ਅੰਮ੍ਰਿਤਸਰ ਉੱਤੇ 1748 ’ਚ ਮੁੜ ਕਬਜ਼ਾ ਕਰਦਿਆਂ ਸਰੋਵਰ ਦੀ ਕਾਰ ਸੇਵਾ ਕਰਵਾਈ । ਇਸੇ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਦੀ ਭਾਰਤ ’ਤੇ ਦੂਜੀ ਵਾਰ ਦੀ ਚੜ੍ਹਾਈ ਦੇ ਸਮੇਂ ਦਿੱਲੀ ਤੋਂ ਲੁੱਟਿਆ ਮਾਲ ਸਿੰਘਾਂ ਨੇ ਰਸਤੇ ਵਿੱਚ ਖੋ ਲਿਆ ਸੀ ਅਤੇ ਹਿੰਦੂ ਲੜਕੀਆਂ ਨੂੰ ਮਾਪਿਆਂ ਦੇ ਹਵਾਲੇ ਪਹੁੰਚਾਈਆਂ ਸਨ। ਗ਼ੁੱਸੇ ’ਚ ਅਬਦਾਲੀ ਭਾਵੇਂ ਵਾਪਸ ਚਲਾ ਗਿਆ। ਪਰ ਆਪਣੇ ਪੁੱਤ ਤੈਮੂਰ ਸ਼ਾਹ ਲਾਹੌਰ ਰਾਹੀਂ ਜਹਾਨ ਖਾਨ ਨੂੰ ਅੰਮ੍ਰਿਤਸਰ ਭੇਜਿਆ ਜਿਸ ਨੇ ਸ੍ਰੀ ਦਰਬਾਰ ਸਾਹਿਬ ਤੇ ਅੰਮ੍ਰਿਤ ਸਰੋਵਰ ਦੀ ਬੇਹੁਰਮਤੀ ਕੀਤੀ। ਪਤਾ ਲੱਗਣ ’ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਨੇ ਉਨ੍ਹਾਂ ਨਾਲ ਲੋਹਾ ਲਿਆ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਬਹੁਤ ਸਾਰੇ ਸਿੰਘਾਂ ਸਮੇਤ ਸ਼ਹੀਦੀ ਪ੍ਰਾਪਤ ਕੀਤੀ।
1762 ਈ. ਨੂੰ ਅਹਿਮਦ ਸ਼ਾਹ ਅਬਦਾਲੀ ਵੱਲੋਂ ਅੰਮ੍ਰਿਤ ਸਰੋਵਰ ਨੂੰ ਮਿੱਟੀ ਨਾਲ ਭਰ ਦਿੱਤਾ ਗਿਆ ਅਤੇ ਸ਼੍ਰੀ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਬਾਰੂਦ ਨਾਲ ਉਡਾ ਦੇਣ ਵਕਤ ਇਕ ਰੋੜਾ ਸ਼ਾਹ ਦੇ ਨੱਕ ’ਤੇ ਲੱਗਾ ਜਿਸ ਦਾ ਜ਼ਖ਼ਮ ਉਸ ਲਈ ਜਾਨ ਲੇਵਾ ਸਬੂਤ ਹੋਇਆ। 1764ਦੇ ਹਮਲੇ ਦੌਰਾਨ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਬਾਬਾ ਗੁਰਬਖ਼ਸ਼ ਸਿੰਘ ਦੀ ਅਗਵਾਈ ’ਚ ਕੇਵਲ ਤੀਹ ਸਿੰਘਾਂ ਨੇ ਜਾਨ ਵਾਰ ਕੇ ਕੀਤੀ ਸੀ। ਉਪਰੰਤ ਜਦੋਂ ਸਿੰਘਾਂ ਦਾ ਜੋੜ ਫੜਿਆ ਤਾਂ ਖ਼ਾਲਸਾ ਦਲ ਨੇ ਤੁਰਕਾਂ ਨੂੰ ਅੰਮ੍ਰਿਤਸਰ ਜੋ ਕੱਢ ਕੇ ਸ਼ਹਿਰ ’ਤੇ ਮੁੜ ਕਬਜ਼ਾ ਕੀਤਾ ਅਤੇ ਉਹਨਾਂ ਹੀ ਨੀਂਹਾਂ ਉੱਪਰ ਸ਼੍ਰੀ ਹਰਿਮੰਦਰ ਸਾਹਿਬ ਦੀ ਸੁੰਦਰ ਇਮਾਰਤ ਨੂੰ ਦੁਬਾਰਾ ਉਸਾਰਿਆ। ਆਖ਼ਰੀ ਵਾਰ ਸ਼ਾਹ 1767 ’ਚ ਦਾਖਲ ਹੋਇਆ ਪਰ ਪਰ ਉਹ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਦਾ ਹੀਆ ਨਾ ਕਰ ਸਕਿਆ।  ਸ਼੍ਰੋਮਣੀ ਕਮੇਟੀ ਹੋਂਦ ’ਚ ਆਉਣ ਤੋਂ ਪਹਿਲਾਂ ਬਰਤਾਨਵੀ ਹਕੂਮਤ ਸਮੇਂ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਅੰਗਰੇਜ਼ ਪਿੱਠੂ ’ਸਰਬਰਾਹ’ ਦੇ ਹੱਥ ’ਚ ਦਿੱਤਾ ਹੋਇਆ ਸੀ।
ਅਜ਼ਾਦ ਭਾਰਤ ’ਚ ਪੰਜਾਬੀ ਸੂਬਾ ਮੰਗ ਰਹੇ ਸਿੱਖਾਂ ਨੂੰ ਦਬਾਉਣ ਲਈ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਸ੍ਰੀ ਦਰਬਾਰ ਸਾਹਿਬ ’ਤੇ 4 ਜੁਲਾਈ 1955 ਨੂੰ ਹਮਲਾ ਕਰਾਇਆ ਗਿਆ।  ਜੋੜਿਆਂ ਸਮੇਤ ਪ੍ਰਕਰਮਾ ਵਿਚ ਪੁਲੀਸ ਦਾਖਲ ਹੋਈ ਅਤੇ ਗੋਲੀਆਂ ਚਲਾਈਆਂ ਗਈਆਂ । ਪਰ ਜੂਨ ’84 ਦਾ ਹਮਲਾ ਬਹੁਤ ਭਿਆਨਕ ਸੀ। ਇਹ ਅਜ਼ਾਦ ਭਾਰਤ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਕਿ ਕਿਸੇ ਲੋਕ ਲਹਿਰ ਨੂੰ ਦਬਾਉਣ ਦੇ ਨਾਂ ’ਤੇ ਆਪਣੀ ਰਾਜਸੀ ਸਵਾਰਥ ਦੀ ਪੂਰਤੀ ਲਈ ਹਕੂਮਤ ਵੱਲੋਂ ਆਪਣੇ ਹੀ ਲੋਕਾਂ ’ਤੇ ਫ਼ੌਜ ਦੀ ਨਿਲੱਜ ਵਰਤੋਂ ਕੀਤੀ ਗਈ । ਬਰਤਾਨੀਆ ਤੇ ਰੂਸ ਦੀ ਸਹਾਇਤਾ ਨਾਲ ਸਿੱਖ ਕੌਮ ਦੇ ਸਭ ਤੋਂ ਪਵਿੱਤਰ ਧਰਮ ਅਸਥਾਨ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਦੌਰਾਨ ਤੋਪਾਂ ਟੈਂਕਾਂ ਅਤੇ ਹਵਾਈ ਸੈਨਾ ਰਾਹੀਂ ਬੰਬ ਬਰਸਾਏ ਗਏ। ਸਿੱਖਾਂ ਦੀ ਪ੍ਰਭੂਸਤਾ ਦੇ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ ਗਿਆ। ਇਸ ਮੌਕੇ ਪੂਰਵ ਅਨੁਮਾਨ ਤੋਂ ਕਿਤੇ ਵਧ ਹੋਇਆ ਨੁਕਸਾਨ ਜਾਨੀ ਜਾਂ ਮਾਲੀ ਤਕ ਹੀ ਸੀਮਤ ਨਾ ਰਿਹਾ, ਸਗੋਂ ਨਵੰਬਰ ’84 ’ਚ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦਾ ਨਾ ਧੋਇਆ ਜਾ ਸਕਣ ਵਾਲਾ ਕਾਲਾ ਧੱਬਾ ਵੀ ਕਾਂਗਰਸ ਅਤੇ ਗਾਂਧੀ ਪਰਿਵਾਰ ਦੇ ਮੱਥੇ ਕਲੰਕ ਬਣ ਕੇ ਲੱਗਿਆ। ਕਿਸੇ ਵੀ ਦੇਸ਼ ਦੇ ਇਤਿਹਾਸ ’ਚ ਇਹ ਆਪਣੀ ਤਰਾਂ ਦਾ ਪਹਿਲਾ ਵਰਤਾਰਾ ਬਣਿਆ ਜਿਸ ’ਚ ਦੇਸ਼ ਦੇ ਪ੍ਰਧਾਨ ਮੰਤਰੀ, ਸੈਨਾ ਮੁਖੀ ਅਤੇ ਮੁੱਖ ਮੰਤਰੀ ਵਰਗੇ ਵਕਾਰੀ ਰੁਤਬਿਆਂ ’ਤੇ ਬੈਠੇ ਵਿਅਕਤੀਆਂ ਨੂੰ ਵੀ ਜਾਨਾਂ ਗਵਾਉਣੀਆਂ ਪਈਆਂ। ਇਸ ਵਰਤਾਰੇ ਨਾਲ ਦੇਸ਼ ਅਤੇ ਸਿੱਖ ਕੌਮ ਨੂੰ ਹੋਏ ਨੁਕਸਾਨ ਦੀ ਪੂਰਤੀ ਅੱਜ ਚਾਰ ਦਹਾਕਿਆਂ ਤਕ ਵੀ ਨਹੀਂ ਕੀਤੀ ਜਾ ਸਕੀ ਹੈ। ਉਸ ਵਕਤ ਮਰਹੂਮ ਸ੍ਰੀਮਤੀ ਇੰਦਰਾ ਗਾਂਧੀ ਪੰਜਾਬ ਅਤੇ ਸਿੱਖਾਂ ਦੀਆਂ ਬੁਨਿਆਦੀ ਮੰਗਾਂ ਜਿਸ ’ਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਅਤੇ ਦਰਿਆਈ ਪਾਣੀਆਂ ਦੀ ਵੰਡ ਦੇ ਮਸਲਿਆਂ ਨੂੰ ਸੁਲਝਾਉਣ ਨਾਲੋਂ ਉਲਝਾ ਕੇ ਰਾਜਸੀ ਲਾਹਾ ਲੈਣ ’ਚ ਦਿਲਚਸਪੀ ਦਿਖਾ ਰਹੀ ਸੀ। ਜਦੋਂ ਕਿ ਇਤਿਹਾਸ ਗਵਾਹ ਹੈ ਕਿ ਮਸਲਿਆਂ ਨੂੰ ਹੱਲ ਕਰਨ ਪ੍ਰਤੀ ਸਿੱਖ ਲੀਡਰ ਨੇ ਕੇਂਦਰ ਨਾਲ ਗੱਲਬਾਤ ਦਾ ਰਸਤਾ ਕਦੀ ਬੰਦ ਨਹੀਂ ਸੀ ਕੀਤਾ।
ਕਿਸੇ ਵੀ ਹਕੂਮਤ ਵੱਲੋਂ ਕਿਸੇ ਭਾਈਚਾਰੇ ਦੀ ਵੱਡੇ ਪੱਧਰ ‘ਤੇ ਬਰਬਾਦੀ ਕਰਨ ਦੇ ਅਮਲ ਨੂੰ ‘ਘੱਲੂਘਾਰਾ’ ਕਿਹਾ ਜਾਂਦਾ ਹੈ। ਉੱਥੇ ਇਸ ਸਾਕੇ ਨੂੰ ਸਿੱਖ ਕੌਮ ਵੱਲੋਂ ਤੀਜਾ ਘੱਲੂਘਾਰਾ ਕਹਿਣ ਤੋਂ ਹੀ ਇਸ ਸਾਕੇ ਨਾਲ ਸਿੱਖ ਮਾਨਸਿਕਤਾ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।  ਬੇਸ਼ੱਕ ਦੇਸ਼ ਵਿਦੇਸ਼ ਵਿਚ ਰਹਿਣ ਵਾਲਾ ਹਰ ਪੰਜਾਬੀ ‘ਪੰਜਾਬ ਦੇ ਸੁਖ’ ਦੀ ਹਰ ਵੇਲੇ ਖ਼ੈਰ ਮੰਗਦਾ ਹੈ | ਪ੍ਰੰਤੂ ਪੰਜਾਬ ਦਾ ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਜਦ ਵੀ ਮੁਗ਼ਲਾਂ, ਅੰਗਰੇਜ਼ਾਂ ਆਦਿ ਧਾੜਵੀਆਂ ਨੇ ਪੰਜਾਬ ਵਾਸੀਆਂ ਤੋਂ ਧਾਰਮਿਕ ਜਾਂ ਰਾਜਨੀਤਿਕ ਤੌਰ ‘ਤੇ ਈਨ ਮਨਵਾਉਣ ਲਈ ਪੰਜਾਬ ਉੱਪਰ ਹਮਲੇ ਕੀਤੇ ਤਾਂ ਬਹਾਦਰ ਤੇ ਅਣਖੀਲੇ ਪੰਜਾਬੀਆਂ ਨੇ ਅਨੇਕਾਂ ਕੁਰਬਾਨੀਆਂ ਨਾਲ ਉਨ੍ਹਾਂ ਦਾ ਮੂੰਹ-ਤੋੜਵਾਂ ਜਵਾਬ ਦਿੱਤਾ । ਜੂਨ ’84 ਦੇ ਘੱਲੂਘਾਰੇ ਨੂੰ ਅਤੇ ਇਸ ਤੋਂ ਉਪਰੰਤ ਨਵੰਬਰ ’84 ਦੇ ਸਿੱਖ ਕਤਲੇਆਮ ਅਤੇ ਦੋ ਦਹਾਕਿਆਂ ਤਕ ਸਿੱਖ ਨੌਜਵਾਨਾਂ ਦੀ ਕੀਤੀ ਗਈ ਨਸਲਕੁਸ਼ੀ ਤੇ ਤਬਾਹੀ ਨੂੰ ਸਿੱਖ ਕਦੀ ਨਹੀਂ ਭੁੱਲਣਗੇ।
ਜੂਨ ’84 ਦੇ ਨਕਾਰਾਤਮਿਕ ਪ੍ਰਭਾਵ ਨੂੰ ਠੱਲ੍ਹ ਪਾਉਣ ਅਤੇ ਸਿੱਖਾਂ ਦੇ ਜ਼ਖ਼ਮਾਂ ’ਤੇ ਮਲ੍ਹਮ ਲਾਉਣ ਦਾ ਕਾਰਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ । ਇਹ ਪਹਿਲੀ ਵਾਰ ਹੈ ਕਿ ਲੋਕ ਸਭਾ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੂਨ, 1984 ਵਿਚ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਭਾਰਤੀ ਫ਼ੌਜ ਰਾਹੀਂ ਸਿੱਖ ਕੌਮ ਦੇ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਕੀਤੇ ਗਏ ਹਮਲੇ ਨੂੰ ’ਹਮਲਾ’ ਕਰਾਰ ਦਿੱਤਾ ਹੈ। ਸ੍ਰੀ ਨਰਿੰਦਰ ਮੋਦੀ ਨੇ 10 ਅਗਸਤ 2023, ਵੀਰਵਾਰ ਨੂੰ ਲੋਕ ਸਭਾ ਵਿੱਚ ਬੇਭਰੋਸਗੀ ਮਤੇ ਦੀ ਬਹਿਸ ਦੌਰਾਨ ਘਟ ਗਿਣਤੀਆਂ ਪ੍ਰਤੀ ਪਹੁੰਚ ਲਈ ਕਾਂਗਰਸ ਦੀ ਆਲੋਚਨਾ ਕੀਤੀ ਅਤੇ ਕਿਹਾ ਸੀ ਕਿ ਕਾਂਗਰਸ ਪਾਰਟੀ ਆਪਣੇ “ਪਿਛਲੇ ਪਾਪਾਂ” ਤੋਂ ਭੱਜ ਨਹੀਂ ਸਕਦੀ । ਉਨ੍ਹਾਂ ਇਤਿਹਾਸ ਦੀਆਂ ਉਦਾਹਰਨਾਂ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਆਰਾ 1966 ਵਿੱਚ ਮਿਜ਼ੋਰਮ ਵਿੱਚ ਅਸੰਤੁਸ਼ਟ ਪਰ ਹੈਲਪ ਲੈਸ ਨਾਗਰਿਕਾਂ ’ਤੇ ਭਾਰਤੀ ਹਵਾਈ ਫ਼ੌਜ ਦੀ ਵਰਤੋਂ ਕੀਤੀ, ਉਸੇ ਤਰਜ਼ ’ਤੇ 1980 ਦੇ ਦਹਾਕੇ ’ਚ ਸ੍ਰੀ ਅਕਾਲ ਤਖ਼ਤ ਉੱਤੇ ਫ਼ੌਜੀ ਹਮਲਾ ਕੀਤਾ ਗਿਆ, ਇਹ ਸਾਡੇ ਦੇਸ਼ ਵਿਚ ਹੁੰਦਾ ਹੈ ਅਤੇ ਜੋ ਅੱਜ ਵੀ ਸਾਡੀਆਂ ਸਿਮ੍ਰਿਤੀਆਂ ’ਚ ਹੈ। ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਬਹੁਤ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਨੇ ਸਿੱਖਾਂ ਦੀ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ‘ਤੇ ਹਮਲੇ ਲਈ ਇੰਦਰਾ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਦੇਸ਼ ਦੇ ਇਕ ਪ੍ਰਧਾਨ ਮੰਤਰੀ ਦਾ ਸ੍ਰੀ ਦਰਬਾਰ ਸਾਹਿਬ ’ਤੇ ਹੋਏ ’ਹਮਲੇ’ ਨੂੰ ਕਬੂਲ ਕਰਨਾ ਸਿੱਖ ਮਾਨਸਿਕਤਾ ਦੀ ਤਰਜਮਾਨੀ ਹੈ, ਕਿਉਂਕਿ ਕੇਵਲ ਸਿੱਖ ਹੀ ਸਨ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਨੂੰ ’ਹਮਲਾ’ ਠਹਿਰਾਉਂਦਿਆਂ ਇਸ ਵੱਡੀ ਤ੍ਰਾਸਦੀ ਨੂੰ ’ਤੀਜਾ ਘੱਲੂਘਾਰਾ’ ਕਰਾਰ ਦਿੱਤਾ। ਜਿਸ ਨੂੰ ਸਰਕਾਰਾਂ ਵੱਲੋਂ ਹੁਣ ਤਕ ਓਪਰੇਸ਼ਨ ਬਲ਼ੂ ਸਟਾਰ ਜਾਂ ਸਾਕਾ ਨੀਲਾ ਤਾਰਾ ਗਰਦਾਨਿਆ ਜਾਂਦਾ ਰਿਹਾ। ਪਰ ਹੁਣ ਸਿੱਖਾਂ ਬਾਰੇ ਭਾਜਪਾ ਦੀ ਪਹੁੰਚ ਵਿਚ ਵੱਡੀ ਤਬਦੀਲੀ ਨਜ਼ਰ ਆ ਰਹੀ ਹੈ। ਭਾਜਪਾ ਅਗਵਾਈ ਵਾਲੀ ਸਰਕਾਰ ਦੇ ਉੱਘੇ ਅਹੁਦੇਦਾਰਾਂ ਵੱਲੋਂ 1984 ਦੇ ਵਿਨਾਸ਼ਕਾਰੀ ਘਟਨਾਵਾਂ ਬਾਰੇ ਸ਼ਬਦਾਵਲੀ ਵਿਚ ਭਾਰੀ ਬਦਲਾਅ ਦੇਖਣ ਨੂੰ ਮਿਲਿਆ ਹੈ। ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਨਵੰਬਰ ’84 ਦੇ ਸਿੱਖ ਕਤਲੇਆਮ ਨੂੰ ’ਨਰਸੰਹਾਰ’ ਕਿਹਾ ਸੀ। ਜਿਸ ਨੂੰ ਬਾਅਦ ’ਚ ਨਰਿੰਦਰ ਮੋਦੀ ਨੇ 10 ਮਈ 2019 ਨੂੰ ਹੁਸ਼ਿਆਰਪੁਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਿੱਖ ਕਤਲੇਆਮ ਨੂੰ ’ਭਿਆਨਕ ਨਰਸੰਹਾਰ’ ਕਰਾਰ ਦਿੱਤਾ। ਇਸ ਤੋਂ ਕੁਝ ਹਫ਼ਤੇ ਪਹਿਲਾਂ ਇਕ ਟੀਵੀ ਇੰਟਰਵਿਊ ’ਚ ਉਨ੍ਹਾਂ ਨੇ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਅਤੇ ਜਿੰਦਾ ਜਲਾਉਣ ਦੀ ਵਹਿਸ਼ੀ ਕਾਰੇ ਨੂੰ ’ਆਤੰਕਵਾਦ’ ਕਿਹਾ। ਇਸ ਤੋਂ ਪਹਿਲਾਂ ਸਾਲ 2009 ਵਿਚ ਭਾਜਪਾ ਜਨਰਲ ਸਕੱਤਰ ਅਰੁਣ ਜੇਤਲੀ ਨੇ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਵਿਖੇ ਪ੍ਰੈੱਸ ਕਾਨਫ਼ਰੰਸ ਸਮੇਂ ’84 ’ਚ ਸੈਨਾ ਦੀ ਕਾਰਵਾਈ ਨੂੰ ਇਤਿਹਾਸਕ ਭੁੱਲ ਕਰਾਰ ਦਿੱਤਾ ਸੀ। ਭਾਜਪਾ ਆਗੂ ਅਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਸਾਕਾ ਨੀਲਾ ਤਾਰਾ ਨੂੰ ‘ਬਹੁਤ ਹੀ ਅਫ਼ਸੋਸ ਜਨਕ’ ਕਰਾਰ ਦਿੰਦਿਆਂ ਜੁਲਾਈ 2017 ਨੂੰ ਸੰਸਦ ਵਿੱਚ ਮਤਾ ਪੇਸ਼ ਕਰ ਚੁੱਕਿਆ ਹੈ। ਆਪਣੇ ਮਤੇ ਵਿੱਚ, ਸਵਾਮੀ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ 1984 ਦੀਆਂ ਦੋ ਮੁੱਖ ਘਟਨਾਵਾਂ – ਸਾਕਾ ਨੀਲਾ ਤਾਰਾ ਅਤੇ ਨਵੰਬਰ 1984 ਵਿੱਚ ਸਿੱਖਾਂ ਦੇ ਕਤਲੇਆਮ ਨਾਲ ਸਬੰਧਿਤ ਸਾਰੇ ਰਿਕਾਰਡਾਂ ਨੂੰ ਜਨਤਕ ਕਰਨ ਲਈ ਵੀ ਕਿਹਾ ਸੀ।
ਇਥੇ ਹੀ ਇਕ ਗਲ ਕਹਿਣੀ ਗੈਰ ਵਾਜਬ ਨਹੀਂ ਹੋਵੇਗੀ, ਕਿ ਜੂਨ ’84 ਦੇ ਹਮਲੇ ਬਾਰੇ ਇੰਦਰਾ ਹਕੂਮਤ ਵੱਲੋਂ ਦੇਸ਼ ਨੂੰ ਗੁਮਰਾਹ ਕੀਤਾ ਗਿਆ। ਉਨ੍ਹਾਂ ਕਦੀ ਵੀ ਮਰਨ ਵਾਲਿਆਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਦਿੱਤਾ। ਸਰਕਾਰ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਕੁਝ ਤਿੰਨ ਸੈਂਕੜੇ ਤੋਂ ਵੱਧ ਨਹੀਂ ਸੀ, ਪਰ ਇਸ ਕਲਮਕਾਰ ਵੱਲੋਂ ਇਸ ਦੀ ਪੜਤਾਲ ਕੀਤੀ ਗਈ ਤਾਂ ਜਾਨਾਂ ਗਵਾਉਣ ਵਾਲਿਆਂ ਦੀ ਗਿਣਤੀ ਹਜ਼ਾਰਾਂ ’ਚ ਸੀ। ਜਿਨ੍ਹਾਂ ਵਿਚੋਂ 600 ਦੇ ਕਰੀਬ ਤਸਵੀਰਾਂ ਬਰਾਮਦ ਕੀਤੀਆਂ ਗਈਆਂ। ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਕਿ ਮੁੜ ਸੋਧ ਕੇ ਸਹੀ ਅੰਕੜਿਆਂ ਨਾਲ ਜੂਨ ’84 ’ਤੇ ਇਕ ਵਾਈਟ ਪੇਪਰ ਛਾਪ ਦਿੱਤਾ ਜਾਵੇ।
ਬਿਨਾ ਸ਼ੱਕ ਜੂਨ ’84 ਦਾ ਹਮਲਾ ਮਰਹੂਮ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਸਭ ਤੋਂ ਵੱਡੀ ਇਤਿਹਾਸਕ ਗ਼ਲਤੀ ਸੀ। ਜੋ ਅਨੁਮਾਨ ਤੋਂ ਕਿਤੇ ਜ਼ਿਆਦਾ ਮਹਿੰਗਾ ਅਤੇ ਵਿਨਾਸ਼ਕਾਰੀ ਸਾਬਤ ਹੋਇਆ । ਜਿਸ ਦੇ ਵਿਆਪਕ ਨਕਾਰਾਤਮਿਕ ਸਿੱਟੇ ਅਤੇ ਘਟਨਾਵਾਂ ਦਾ ਪ੍ਰਭਾਵ ਅੱਜ ਵੀ ਸਿੱਖ ਮਾਨਸਿਕਤਾ ਵਿਚ ਤੀਸਰਾ ਘੱਲੂਘਾਰਾ ਵਜੋਂ ਅਸਹਿ ਪੀੜਾ ਹੰਢਾਉਣ ਤੋਂ ਇਲਾਵਾ ਸਦੀਆਂ ਤਕ ਲਈ ਅਭੁੱਲ ਯਾਦ ਬਣ ਕੇ ਬੈਠਾ ਰਹੇਗਾ।

LEAVE A REPLY

Please enter your comment!
Please enter your name here