ਬੋਲਣ ਦਾ ਸਵਾਦ ਜੇ ਸੁਣਨ ਵਾਲੇ ਨੂੰ ਆਵੇ ਤਾਂ ਬਹੁਤ ਚੰਗਾ, ਤੇ ਆਉਣਾ ਵੀ ਚਾਹੀਦਾ ਹੈ।
ਪਰ ਜੇ ਬੋਲਣ ਵਾਲੇ ਨੂੰ ਆਪ ਵੀ ਆਵੇ ਤਾਂ ਗੱਲ ਕੁਝ ਹੋਰ ਹੀ ਹੁੰਦੀ ਹੈ।
ਕੱਲ੍ਹ ਕੁਝ ਅਜਿਹਾ ਹੀ ਹੋ ਗਿਆ! ਵਰਿਆਮ ਸਿੰਘ ਸੰਧੂ
ਹੇਠਾਂ ਪ੍ਰਬੰਧਕਾਂ ਵੱਲੋਂ ਭੇਜੀ ਸਮਾਗਮ-ਰਿਪੋਰਟ ਹਾਜ਼ਰ ਹੈ।
–
*ਪ੍ਰਿੰਸੀਪਲ ਤਰਸੇਮ ਬਾਹੀਆ ਯਾਦਗਾਰੀ ਭਾਸ਼ਣ ਦਾ ਸਬੰਧਤ ਟਰੱਸਟ ਨੇ ਕੀਤਾ ਆਯੋਜਨ*
*ਸਾਡਾ ਡੀਐਨਏ ਇੱਕੋ ਹੈ ਤਾਂ ਆਓ ਕਰੀਏ ਸਾਨੂੰ ਜੋੜਨ ਵਾਲੇ ਰਸਤਿਆਂ ਨੂੰ ਮੁੜਸੁਰਜੀਤ-ਪ੍ਰੋ. ਇਸ਼ਤਿਆਕ ਅਹਿਮਦ*
*’ਸ਼ਹਿਰ ਲਾਹੌਰੋਂ ਅੰਮ੍ਰਿਤਸਰ ਦਾ, ਕਿੰਨਾਂ ਕੁ ਪੈਂਡਾ ਘਰ ਤੋਂ ਘਰ ਦਾ?’-ਪੁੱਛਿਆ ਵਰਿਆਮ ਸਿੰਘ ਸੰਧੂ ਨੇ*
ਖੰਨਾ: 15 ਅਪ੍ਰੈਲ () ਸਥਾਨਕ ਨਰੋਤਮ ਵਿੱਦਿਆ ਮੰਦਰ ਵਿਖੇ ਪ੍ਰਿੰਸੀਪਲ ਤਰਸੇਮ ਬਾਹੀਆ ਯਾਦਗਾਰੀ ਟਰੱਸਟ ਵੱਲੋਂ ਪ੍ਰਿੰਸੀਪਲ ਤਰਸੇਮ ਬਾਹੀਆ ਯਾਦਗਾਰੀ ਭਾਸ਼ਣ ਸਬੰਧੀ ਸਮਾਰੋਹ ਦਾ ਆਯੋਜਨ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਕੀਤਾ ਗਿਆ।
ਇਸ ਭਾਸ਼ਣ ਦੇ ਮੁੱਖ ਵਕਤਾ ਵਜੋਂ ਰਾਜਨੀਤਿਕ ਵਿਗਿਆਨੀ ਤੇ ਪਾਕਿਸਤਾਨੀ ਮੂਲ ਦੇ ਲੇਖਕ ਇਸ਼ਤਿਆਕ ਅਹਿਮਦ (ਪ੍ਰੋਫੈਸਰ ਅਮੈਰਿਟਸ, ਸਟਾਕਹੋਮ ਯੂਨੀਵਰਸਿਟੀ-ਸਵੀਡਨ) ਨੇ ਉਚੇਚੇ ਤੌਰ ਉੱਤੇ ਸ਼ਿਰਕਤ ਕੀਤੀ। ਹਾਜ਼ਰ ਸ੍ਰੋਤਿਆਂ ਨਾਲ ਉਹਨਾਂ ਦੀ ਜਾਣ ਪਛਾਣ ਕਰਵਾਉਂਦਿਆਂ ਪ੍ਰੋਫੈਸਰ ਸੁਰਜੀਤ (ਪੰਜਾਬੀ ਯੂਨਵਿਰਸਿਟੀ) ਨੇ ਕਿਹਾ ਕਿ ਉਹਨਾਂ ਨੂੰ ਜਾਣਨ ਲਈ ਉਹਨਾਂ ਦੀਆਂ ਜਿਨਾਹ ਦੇ ਜੀਵਨ ਤੇ ਫਲਸਫੇ ਦੇ ਨਾਲ ਨਾਲ ਭਾਰਤ ਪਾਕਿਸਤਾਨ ਵੰਡ ਦੇ ਦੁਖਾਂਤ, ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ ਦੀ ਰਾਜਨੀਤੀ, ਪੰਜਾਬ ਦੇ ਬਸਤੀਵਾਸੀ ਅਤੇ ਉੇੱਤਰ ਬਸਤੀਵਾਦੀ ਦੌਰ ਦੇ ਉਜਾੜੇ ਬਾਰੇ ਲਿਖੀਆਂ ਉਹਨਾਂ ਦੀਆਂ ਮੁੱਲਵਾਨ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ।
ਇਸ ਮੌਕੇ ਭਾਸ਼ਣਕਾਰ ਪ੍ਰੋਫੈਸਰ ਇਸ਼ਤਿਆਕ ਅਹਿਮਦ ਦੇ ਬੋਲਣ ਦਾ ਵਿਸ਼ਾ ”ਸ਼ੇਰ ਸ਼ਾਹ ਸੂਰੀ ਮਾਰਗ ਦੇ ਕਾਫ਼ਲੇ, ਉਜਾੜਾ ਵਸੇਬਾ ਅਤੇ ਵਪਾਰ” ਸੀ। ਇਸ ਗੱਲਬਾਤ ਕਰਦਿਆਂ ਪ੍ਰੋ. ਇਸ਼ਤਿਆਕ ਨੇ ਕਿਹਾ ਕਿ ਜਿੱਥੇ ਸੜ੍ਹਕਾਂ ਬਣਦੀਆਂ ਹਨ ਤਾਂ ਨਵੇਂ ਵਸੇਬਿਆਂ ਦੇ ਨਾਲ ਨਾਲ ਕਈ ਹਿਜਰਤਾਂ ਵੀ ਹੁੰਦੀਆਂ ਹਨ। ਸ਼ੇਰ ਸ਼ਾਹ ਸੂਰੀ ਦੇ ਬਣਾਏ ਮਾਰਗ ਦੀ ਇਸੇ ਤਰ੍ਹਾਂ ਦੀ ਇਕ ਲੰਬੀ ਦਿਲਚਸਪ ਦਾਸਤਾਨ ਹੈ; ਜਿਸਨੇ ਰਾਹ ਵਿੱਚ ਇਕ ਖ਼ਾਸ ਫਾਸਲੇ ਉੱਪਰ ਰਾਹੀਆਂ ਅਤੇ ਆਪਣੀ ਫੌਜ ਦੀ ਸਹੂਲਤ ਲਈ ਸਰਾਵਾਂ ਜੋ ਮੁੜ ਕੇ ਘੱਟ ਹੀ ਕਦੇ ਬਣਾਈਆਂ ਗਈਆਂ। ਉਹਨਾਂ ਕਿਹਾ ਕਿ ਇਹ ਮਾਰਗ ਕਲਕੱਤੇ ਤੋਂ ਪੇਸ਼ਾਵਰ ਤੱਕ ਸੰਚਾਰ, ਸੰਪਰਕ, ਆਵਾਜਾਈ ਅਤੇ ਸਿਲਕ ਦੇ ਵਪਾਰ ਦਾ ਅਜਿਹਾ ਰਸਤਾ ਸੀ ਜਿਸ ਨੂੰ ਹੁਣ ਪੁਰਜੀਵਿਤ ਕਰਨਾ ਬਣਦਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਪਸੀ ਸਦਭਾਵਨਾ ਦਾ ਇਹ ਮਾਰਗ ਪੁਨਰਜੀਵਿਤ ਹੋ ਸਕਦਾ ਹੈ ਕਿਉਂ ਜੋ ਸਾਡਾ ਸਭ ਦਾ ਡੀਐਨਏ ਇਕ ਹੈ; ਉਹਨਾਂ ਨੇ ਚੁਟਕੀ ਲੈਂਦਿਆਂ ਇਹ ਵੀ ਕਿਹਾ ਕਿ ਉਹਨਾਂ ਦੀ ਖੁਦ ਦੀ DNA ਟੈਸਟ ਰਿਪੋਰਟ ਦੱਸਦੀ ਹੈ ਕਿ ਉਹ ਦੱਖਣ ਭਾਰਤੀਆਂ, ਸੈਣੀਆਂ, ਗੋਸੁਆਮੀਆਂ ਤੇ ਨਿਪਾਲੀਆਂ ਦੇ ਰਿਸ਼ਤੇਦਾਰ ਹਨ ਤੇ ਇਸ ਲਿਹਾਜ਼ ਨਾਲ ਅਸੀਂ ਇਕ ਰਲੀ ਮਿਲੀ ਨਸਲ ਦੇ ਲੋਕ ਹਾਂ।
ਇਸ ਮੌਕੇ ਸਵਾਲ ਡਾ. ਪਰਮਜੀਤ ਸਿੰਘ (ਪੰਜਾਬੀ ਯੂਨੀਵਰਸਿਟੀ ਮੈਰਿਟੋਰੀਅਸ ਸਕੂਲ ਲੈਕਚਰਾਰ), ਗੁਰਪ੍ਰੀਤ ਸਿੰਘ (ਡੀਟੀਐਫ਼), ਆਮੀਨ ਅਮਿਤੋਜ਼ ਗੁਰਵਿੰਦਰ ਸਲਾਣਾ, ਸੁਖਦੇਵ ਸਿੰਘ ਬੈਨੀਪਾਲ (ਈਟੀਯੂ) ਨੇ ਵੱਖ-ਵੱਖ ਸਵਾਲ ਕੀਤੇ।
ਆਪਣੇ ਜਵਾਬਾਂ ਦੌਰਾਨ ਇਸ਼ਤਿਆਕ ਅਹਿਮਦ ਨੇ ਉਹਨਾਂ ਚਿੰਤਾ ਪ੍ਰਗਟ ਕੀਤੀ ਕਿ ਪਾਕਿਸਤਾਨ ਵਿੱਚ ਜੋ ਕੁਝ ਹੋ ਚੁੱਕਾ ਹੈ, ਉਹ ਕੁਝ ਹੁਣ ਭਾਰਤ ਵਿੱਚ ਹੋ ਸਕਦਾ ਹੈ। ਫਿਰ ਇਸਦਾ ਵੀ ਉਹੀ ਬੁਰਾ ਹਾਲ ਹੋਵੇਗਾ ਜੋ ਹਾਲ ਹੀ ਦੇ ਇਤਿਹਾਸ ਵਿੱਚ ਤਾਨਾਸ਼ਾਹੀ ਤੇ ਫਿਰਕਾਪ੍ਰਤੀ ਦੇ ਰਾਹ ਤੇ ਤੁਰੇ ਪਾਕਿਸਤਾਨ ਦਾ ਹੋਇਆ।
ਪ੍ਰੋਫੈਸਰ ਜਗਮੋਹਨ ਨੇ ਚਰਚਾ ਜਾਰੀ ਰੱਖਦਿਆਂ ਸ੍ਰੋਤਿਆਂ ਨੂੰ ਚੇਤੇ ਕਰਵਾਇਆ ਕਿ ਟੋਡਰ ਮੱਲ ਵਰਗੇ ਰੈਵੇਨਿਊ ਦੇ ਅਧਿਕਾਰੀ ਸ਼ੇਰ ਸ਼ਾਹ ਸੂਰੀ ਦੇ ਪੰਜ ਰਤਨਾਂ ਵਿੱਚ ਸ਼ਾਮਲ ਸਨ। ਉਹਨਾਂ ਕਿਹਾ ਕਿ ਇਤਿਹਾਸ ਤੇ ਰਾਜਨੀਤੀ ਦੇ ਵਿਦਿਆਰਥੀਆਂ ਨੂੰ ਸੁਣੀ ਸੁਣਾਈ ਗੱਲ ਨੂੰ ਅਸਲ ਗੱਲ ਨਾਲ ਚੁਣੌਤੀ ਦੇਣ ਦੀ ਰੁਚੀ ਅਪਨਾਉਣੀ ਚਾਹੀਦੀ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ‘ਸ਼ਹਿਰ ਲਾਹੌਰੋਂ ਅੰਮ੍ਰਿਤਸਰ ਦਾ, ਕਿੰਨਾਂ ਕੁ ਪੈਂਡਾ ਘਰ ਤੋਂ ਘਰ ਦਾ’ ਤੇ ”ਸਤਲੁਜ ਬਿਆਸ ਕਿ ਜਿਹਲਮ ਤੇ ਚਨਾਬ ਦੀ ਗੱਲ, ਰਾਵੀ ਕਰੇ ਹੁਣ ਕਿਹੜੇ ਪੰਜਾਬ ਦੀ ਗੱਲ?” ਵਰਗੇ ਦਿਲ ਟੁੰਬਵੇਂ ਸ਼ਿਅਰ ਕਹਿ ਕੇ ਸ੍ਰੋਤਿਆਂ ਨੂੰ ਕੀਲ ਲਿਆ।
ਇਸ ਦੌਰਾਨ ਟਰੱਸਟ ਵੱਲੋਂ ਮੁੱਖ ਵਕਤਾ ਇਸ਼ਤਿਆਕ ਅਹਿਮਦ ਦਾ ਸਨਾਮਾਨ ਕੀਤਾ ਗਿਆ। ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਹਰਪਿੰਦਰ ਸਿੰਘ ਸ਼ਾਹੀ ਨੇ ਅਦਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟਰੱਸਟ ਦੀ ਚੇਅਰਮੈਨ ਸ਼੍ਰੀਮਤੀ ਸ਼ਾਰਧਾ ਬਾਹੀਆ, ਹਰਦੇਵ ਸਿੰਘ ਗਰੇਵਾਲ, ਸੋਹਨ ਢੰਡ, ਜਤਿੰਦਰ ਹਾਂਸ, ਬਿੰਦਰ ਭੂੰਮਸੀ, ਰਵਿੰਦਰਪਾਲ ਸਿੰਘ, ਪ੍ਰੋਫੈਸਰ ਸ਼ਹਿਜੀਤ ਕੰਗ, ਮਨਜੀਤ ਸਿੰਘ, ਰਵਿੰਦਰ ਕੌਰ, ਅਮਨਦੀਪ ਕੌਰ, ਪ੍ਰਿੰਸੀਪਲ ਨਵਤੇਜ ਸ਼ਰਮਾ, ਪ੍ਰਕਾਸ਼ ਸਿੰਘ, ਕਹਾਣੀਕਾਰ ਮੁਖਤਿਆਰ ਸਿੰਘ, ਬਲਜੀਤ ਸਿੰਘ (ਡੀਟੀਐਫ਼) ਸੁਖਬੀਰ ਸਿੰਘ ਗਰੇਵਾਲ, ਜਗਵਿੰਦਰ ਸਿੰਘ ਗਰੇਵਾਲ, ਪਾਵੇਲ ਬਾਹੀਆ, ਰਾਣੀ ਬਾਹੀਆ, ਸ਼ਿਫ਼ਾਲੀ ਬਾਹੀਆ, ਜਗਜੀਤ ਸਿੰਘ ਭੱਟੀਆਂ, ਕੁਲਵੀਰ ਸਿੰਘ ਲਾਡਪੁਰ, ਐਡਵੋਕੇਟ ਪਰਮਜੀਤ ਸਿੰਘ, ਮਲੀਹਾ ਅਹਿਮਦ (ਸੁਪਤਨੀ ਇਸਤਿਆਕ ਅਹਿਮਦ), ਗੁਰਦੀਪ ਮਹੌਣ, ਸੁਪ੍ਰੀਤ ਕੌਰ ਰਿਊਣਾ, ਹਰਸ਼ਦੀਪ ਕੌਰ ਰਿਊਨਾ ਤੇ ਮਨਦੀਪ ਸਿੰਘ ਡਡਿਆਣਾ ਹਾਜ਼ਰ ਸਨ।
Boota Singh Basi
President & Chief Editor