ਪ੍ਰੋ. ਡਾ. ਹਰਜਿੰਦਰ ਸਿੰਘ ਅਟਵਾਲ ਹੋਏ ਵਿਦਿਆਰਥੀਆਂ ਦੇ ਰੂਬਰੂ
“ਕਿਛ ਸੁਣੀਐ ਕਿਛੁ ਕਹੀਐ” ਦੇ ਅੰਤਰਗਤ ਹੋਇਆ ਸਾਹਿਤਕ ਸਮਾਗਮ
ਅਮ੍ਰਿਤਸਰ, 23 ਜੁਲਾਈ:- ਪੰਜਾਬੀ ਲੇਖਕਾਂ ਦੀ ਜਥੇਬੰਦੀ ਜਨਵਾਦੀ ਲੇਖਕ ਸੰਘ ਵਲੋਂ ਅਰੰਭੀ “ਕਿਛ ਸੁਣੀਐ ਕਿਛੁ ਕਹੀਐ” ਸਮਾਗਮਾਂ ਦੀ ਲੜੀ ਤਹਿਤ ਪ੍ਰਮੁਖ ਭਾਸ਼ਾ ਵਿਗਿਆਨੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ ਡਾ ਹਰਜਿੰਦਰ ਸਿੰਘ ਅਟਵਾਲ ਵਿਦਿਆਰਥੀਆਂ ਦੇ ਰੂ ਬ ਰੂ ਹੋਏ।
ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਹੋਏ ਇਸ ਅਦਬੀ ਸਮਾਗਮ ਦਾ ਆਗਾਜ਼ ਸਕੂਲ ਦੇ ਪ੍ਰਿੰ ਅੰਕਿਤਾ ਸਹਿਦੇਵ ਦੇ ਸਵਾਗਤੀ ਸਬਦਾਂ ਨਾਲ ਹੋਇਆ ਜਦਕਿ ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਸਾਹਿਤਕ ਸਮਾਗਮਾਂ ਤੋਂ ਸਾਡਾ ਮਨੋਰਥ ਵਿੱਦਿਆ, ਵਿਦਵਾਨ ਅਤੇ ਵਿਦਿਆਰਥੀ ਦੇ ਸੰਵਾਦ ਨੂੰ ਜਾਰੀ ਰਖਣ ਅਤੇ ਵਿਚਾਰਨ ਤੋਂ ਹੈ।
ਡਾ ਹਰਜਿੰਦਰ ਸਿੰਘ ਅਟਵਾਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ
ਆਪਣੇ ਲੰਬੇ ਅਧਿਆਪਨ ਕਾਰਜ ਦੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਅਧਿਆਪਕਾਂ ਨੂੰ ਸਕੂਲ ਸਿਲੇਬਸ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਾਹਿਤਕ ਪੁਸਤਕਾਂ ਪੜ੍ਹਨ ਦੀ ਚੇਟਕ ਵੀ ਬਰਕਰਾਰ ਰੱਖਣੀ ਚਾਹੀਦੀ ਹੈ ਕਿਉਂਕਿ ਵਿਦਿਆਰਥੀ ਨਿੱਤ ਨਵਾਂ -ਨਰੋਆ ਸਿੱਖਣ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ।
ਜਨਵਾਦੀ ਲੇਖਕ ਸੰਘ ਦੇ ਸਕੱਤਰ ਹਰਜੀਤ ਸਿੰਘ ਸੰਧੂ ਨੇ ਸਕੂਲਾਂ ਅੰਦਰ ਲਗਦੀਆਂ ਬਾਲ ਸਭਾਵਾਂ ਦੇ ਦਿੰਨਾ ਨੂੰ ਚੇਤੇ ਕਰਦਿਆਂ ਕਿਹਾ ਕਿ ਅਜਿਹੀਆਂ ਮਹਿਫਲਾਂ ਅਧਿਆਪਕ ਅਤੇ ਵਿਦਿਆਰਥੀ ਦੇ ਆਪਸੀ ਸਤਿਕਾਰਤ ਰਿਸ਼ਤੇ ਨੂੰ ਗੰਢ ਮਾਰ ਕੇ ਰੱਖਦੀਆਂ ਹਨ।
ਸਕੂਲ ਦੇ ਪ੍ਰਬੰਧਕ ਪ੍ਰਤੀਕ ਸਹਿਦੇਵ ਆਪਣੇ ਬਾਪ ਸ਼ਾਇਰ ਦੇਵ ਦਰਦ ਨੂੰ ਚੇਤੇ ਕਰਦਿਆਂ ਕਿਹਾ ਕਿ ਉਹਨਾਂ ਦੀ ਬਦੌਲਤ ਵਿਦਵਾਨ ਸਾਹਿਤਕਾਰ ਇਸ ਅਦਾਰੇ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਮਾਣ ਬਖਸ਼ਦੇ ਹਨ। ਮੋਹਿਤ ਸਹਿਦੇਵ ਅਤੇ ਕੋਮਲ ਸਹਿਦੇਵ ਨੇ ਸਾਂਝੇ ਤੌਰ ਤੇ ਧੰਨਵਾਦ ਕਰਦਿਆਂ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਦੀ ਹਾਮੀ ਭਰੀ ਜਦਕਿ ਪਰਮਜੀਤ ਕੌਰ, ਤ੍ਰਿਪਤਾ, ਪੂਨਮ ਸ਼ਰਮਾ, ਮੀਨਾਕਸ਼ੀ ਮਿਸ਼ਰਾ, ਸੰਮੀ ਮਹਾਜਨ, ਜਗਜੀਤ, ਕੰਵਲ ਅਤੇ ਪੂਨਮ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।
ਕੈਪਸ਼ਨ:- ਸਹਿਤਕ ਸਮਾਗਮ ਦੌਰਾਨ ਡਾ ਹਰਜਿੰਦਰ ਸਿੰਘ ਅਟਵਾਲ, ਦੀਪ ਦੇਵਿੰਦਰ ਸਿੰਘ, ਹਰਜੀਤ ਸੰਧੂ,ਮੋਹਿਤ ਸਹਿਦੇਵ ਅਤੇ ਸਕੂਲ ਅਧਿਆਪਕ