ਪੰਜਾਬੀ ਕਲਚਰਲ ਸੈਂਟਰ ਫਰਿਜ਼ਨੋ ਵਿਖੇ ਮਾਂ ਬੋਲੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਕੀਤਾ
ਪੰਜਾਬੀ ਕਲਚਰਲ ਸੈਂਟਰ ਫਰਿਜ਼ਨੋ ਵਿਖੇ ਮਾਂ ਬੋਲੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਕੀਤਾ
ਫਰਿਜ਼ਨੋ, ਕੈਲੇਫੋਰਨੀਆ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਪੰਜਾਬੀ ਕਲਚਰਲ ਸੈਂਟਰ ਯੂ. ਐਸ. ਏ., ਪੰਜਾਬੀ ਰੇਡੀਓ ਯੂ. ਐਸ. ਏ. ਅਤੇ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਦੇ ਸਾਂਝੇ ਉੱਦਮ ਸਦਕਾ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਪੰਜਾਬੀ ਕਲਚਰਲ ਸੈਂਟਰ ਫਰਿਜ਼ਨੋ ਦੇ ਵਿਹੜੇ ਕਰਵਾਇਆ ਗਿਆ। ਜਿਸ ਵਿੱਚ ਕੈਲੀਫੋਰਨੀਆ ਦੇ ਨਾਲ-ਨਾਲ, ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਪੰਜਾਬੀ ਪ੍ਰੇਮੀਆਂ ਨੇ ਹਿੱਸਾ ਲਿਆ। ਇਸ ਸਮੇਂ ਪੰਜਾਬੀ ਮਾਂ ਬੋਲੀ ਦੇ ਸਾਹਵੇਂ ਦਰਪੇਸ਼ ਚੁਣੌਤੀਆਂ, ਬੋਲੀ ਦੇ ਪਸਾਰ ਲਈ ਕਿਵੇਂ ਯਤਨ ਕੀਤੇ ਜਾਣ ਤੇ ਆਉਣ ਵਾਲਿਆਂ ਨਸਲਾਂ ਨੂੰ ਕਿਵੇਂ ਮਾਂ ਬੋਲੀ ਦੇ ਨਾਲ ਕਿਵੇਂ ਜੋੜਿਆ ਜਾਵੇ ਬਾਰੇ ਵਿਚਾਰ ਚਰਚਾਵਾਂ ਕੀਤੀਆਂ ਗਈਆਂ।
ਇਸ ਮੌਕੇ ‘ਤੇ ਹਰਜਿੰਦਰ ਸਿੰਘ ਕੰਗ, ਸੰਤੋਖ ਸਿੰਘ ਮਿਨਹਾਸ, ਸਾਧੂ ਸਿੰਘ ਸੰਘਾ, ਡਾ. ਗੁਰਰੀਤ ਬਰਾੜ, ਗੁਰਸ਼ਰਨ ਸਿੰਘ, ਮੁਕਾਸ਼ਫ਼ਾ ਮੱਲੀ, ਏਕਨੂਰ ਸਿੰਘ, ਏਕਜੋਤ ਸਿੰਘ ਤੇ ਗੁਰਸ਼ਰਨ ਕੌਰ, ਸੁਖਦੇਵ ਸਿੰਘ ਚੀਮਾ, ਪਾਕਿਸਤਾਨ ਤੋਂ ਆਨਲਾਈਨ ਬਾਬਾ ਗੁਲਾਮ ਹੁਸੈਨ ਨਦੀਮ ਅਤੇ ਇਰਸ਼ਾਦ ਸੰਧੂ ,ਮਹਿੰਦਰ ਸਿੰਘ ਸੰਧਾਵਾਲੀਆ, ਗੁਰਮੀਤ ਸਿੰਘ ਜੱਜ, ਅਵਤਾਰ ਸਿੰਘ ਗੋਂਦਾਰਾ, ਰਾਣੀ ਕਾਹਲੋਂ, ਕੁੰਦਨ ਸਿੰਘ ਧਾਮੀ, ਡਾ ਅਰਜਨ ਸਿੰਘ ਜੋਸਨ , ਰਾਜ ਬਰਾੜ, ਹੈਰੀ ਮਾਨ , ਸਾਧੂ ਸਿੰਘ ਸੰਘਾ, ਰਾਜਕਰਨਬੀਰ ਸਿੰਘ, ਮਸੂਦ ਮੱਲੀ, ਗੁਰਮੀਤ ਬਾਠ ਮੋਡੈਸਟੋ, ਸੁਰਿੰਦਰ ਮੰਢਾਲੀ, ਪ੍ਰਵੀਨ ਸ਼ਰਮਾ ਨੇ ਮਾਂ ਬੋਲੀ ਪੰਜਾਬੀ ਦੇ ਲਈ ਆਪਣੇ ਦਿਲ ਦੇ ਵਲਵਲੇ ਸਾਂਝੇ ਕਰਦੇ ਹੋਏ ਪੰਜਾਬੀ ਮੋਹ ਵਿੱਚ ਭਿੱਜੀਆਂ ਰਚਨਾਵਾਂ ਅਤੇ ਕਵਿਤਾਵਾਂ ਸਾਂਝੀਆਂ ਕੀਤੀਆਂ। ਜਿੰਨ੍ਹਾਂ ਸੁਣ ਸਰੋਤਿਆਂ ਨੇ ਵਾਹ-ਵਾਹ ਕਰਦਿਆਂ ਤਾੜੀਆਂ ਵਜਾ ਹੌਸਲਾ ਅਫਜ਼ਾਈ ਕੀਤਾ।
ਇਸ ਸਮੇਂ ਹਾਜ਼ਰ ਪ੍ਰਮੁੱਖ ਬੁਲਾਰਿਆਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਤਤਪਰ, ਫ਼ਿਕਰਮੰਦੀ ਜ਼ਾਹਰ ਕਰਨ ਅਤੇ ਹਮੇਸ਼ਾ ਉਪਰਾਲੇ ਦੇ ਲਈ ਪੰਜਾਬੀ ਰੇਡੀਓ ਯੂ.ਐਸ. ਏ., ਪੰਜਾਬੀ ਕਲਚਰਲ ਸੈਂਟਰ ਅਤੇ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਦੀ ਭਰਪੂਰ ਸ਼ਲਾਘਾ ਵੀ ਕੀਤੀ। ਜਿਨ੍ਹਾਂ ਹਮੇਸ਼ਾ ਹੀ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ।
ਇਸ ਵਿਸ਼ੇਸ਼ ਪ੍ਰੋਗਰਾਮ ਦੇ ਅੰਤ ‘ਚ ਹਰਜੋਤ ਸਿੰਘ ਖਾਲਸਾ ਨੇ ਬੋਲਦੇ ਹੋਏ ਕਿਹਾ ਕਿ ਮਾਂ ਬੋਲੀ ਪੰਜਾਬੀ ਦੇ ਲਈ ਹੰਭਲੇ ਮਾਰਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ ਅਤੇ ਸਾਨੂੰ ਇਸ ਵਿੱਚ ਬਣਦਾ ਯੋਗਦਾਨ ਵੱਧ ਚੜ੍ਹ ਕੇ ਪਾਉਣਾ ਚਾਹੀਦਾ ਹੈ। ਸਾਨੂੰ ਮਾਣ ਹੈ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਇਸਦੀ ਸੇਵਾ ਲਈ ਸਾਨੂੰ ਹਮੇਸ਼ਾ ਤਤਪਰ ਰਹਿਣਾ ਚਾਹੀਦਾ। ਇਸ ਸਮੇਂ ਖਾਸ ਤੌਰ ਉਤੇ ਬੀਬੀ ਬਲਵਿੰਦਰ ਕੌਰ ਖਾਲਸਾ ਨੇ ਆਏ ਹੋਏ ਸਮੂੰਹ ਮੀਡੀਆਂ ਸਾਥੀਆਂ ਦਾ ਪਹੁੰਚਣ ਦੇ ਲਈ ਅਤੇ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਵਿੱਚ ਇਸ ਵਿਸ਼ੇਸ਼ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।
ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਦੇ ਜਿੰਮੇਵਾਰੀ ਹਰਜਿੰਦਰ ਸਿੰਘ ਕੰਗ ਅਤੇ ਰਾਜਕਰਨਬੀਰ ਸਿੰਘ ਨੇ ਬਾਖੂਬੀ ਸੰਭਾਲੀ ਸਫਲਤਾ ਨਾਲ ਨਿਭਾਈ ਸੀ। ਇਸ ਮੌਕੇ ਹਾਜ਼ਰ ਸਮੂੰਹ ਮਹਿਮਾਨਾਂ ਦੇ ਲਈ ਚਾਹ-ਪਕੌੜਿਆਂ ਦੇ ਲਈ ਅਤੁੱਟ ਲੰਗਰ ਵਰਤੇ। ਅੰਤ ਪੰਜਾਬੀ ਮਾਂ ਬੋਲੀ ਦੇ ਲਈ ਅਜਿਹੇ ਹੰਭਲੇ ਮਾਰਨ ਦੇ ਅਹਿਦ ਨਾਲ ਇਹ ਪ੍ਰੋਗਰਾਮ ਆਪਣੀਆ ਅਮਿੱਟ ਯਾਦਾਂ ਛੱਡਦਾ ਯਾਦਗਾਰੀ ਹੋ ਨਿੱਬੜਿਆ।