ਸਰੀ ਵਿਖੇ ਸਲਾਨਾ ਸਮਾਗਮ ਦੌਰਾਨ ਵੱਡੀ ਗਿਣਤੀ ‘ਚ ਲੇਖਕ, ਬੁੱਧੀਜੀਵੀ ਹੋਏ ਸ਼ਾਮਲ
ਫਗਵਾੜਾ, 3 ਅਕਤੂਬਰ ਪੰਜਾਬ ਭਵਨ ਸਰੀ ਦੇ ਸਲਾਨਾ ਸਮਾਗਮ-4 ਦੇ ਦੌਰਾਨ ਇਕਤੱਰ ਹੋਏ ਦੇਸ਼-ਪ੍ਰਦੇਸ਼ ਤੋਂ ਆਏ ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ, ਪ੍ਰਸਿੱਧ ਪੰਜਾਬੀਆਂ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਕਿ ਕੈਨੇਡਾ ਵਿੱਚ ਪੰਜਾਬੀ ਬੋਲੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ। ਇੱਕ ਮਤੇ ਰਾਹੀਂ ਇਕੱਠ ਨੇ ਹੱਥ ਖੜੇ ਕਰਕੇ ਇਸ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ ਕਿ ਲਗਭਗ ਸਵਾ ਸੌ ਵਰ੍ਹਿਆਂ ਤੋਂ ਪੰਜਾਬੀ ਇਸ ਮੁਲਕ ਵਿੱਚ ਵੱਡੀ ਗਿਣਤੀ ‘ਚ ਵਸਦੇ ਹਨ ਅਤੇ ਪੰਜਾਬੀਆਂ ਦਾ ਕੈਨੇਡਾ ਦੇ ਵਿਕਾਸ ‘ਚ ਵੱਡਾ ਯੋਗਦਾਨ ਵੀ ਹੈ, ਪਰ ਉਹਨਾ ਦੀ ਮਾਂ-ਬੋਲੀ ਪੰਜਾਬੀ ਨੂੰ ਬਣਦਾ ਸਥਾਨ ਸਰਕਾਰ ਵਲੋਂ ਨਾ ਦੇਣਾ, ਵੱਡੀ ਬੇਇਨਸਾਫੀ ਹੈ। ਇਸ ਸਮਾਗਮ ਦੌਰਾਨ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਨਾਲ ਜੁੜੇ ਅਨੇਕਾਂ ਵਿਸ਼ਿਆਂ ਉਤੇ ਵਿਦਵਾਨਾਂ ਨੇ ਚਰਚਾ ਕੀਤੀ। ਸਮਾਗਮ ਵਿੱਚ ਡਾ: ਸਾਧੂ ਸਿੰਘ, ਸਾਧੂ ਬਿਨਿੰਗ, ਸੁੱਖੀ ਬਾਠ, ਡਾ: ਸਾਹਿਬ ਸਿੰਘ, ਰਵਿੰਦਰ ਸਹਿਰਾਅ, ਗੁਰਦਿਆਲ ਰੌਸ਼ਨ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਸਵਰਾਜ ਕੌਰ ਅਮਰੀਕਾ, ਡਾ: ਸਤੀਸ਼ ਵਰਮਾ, ਅਸ਼ੋਕ ਭੌਰਾ, ਗਿਆਨ ਸਿੰਘ ਸੰਧੂ, ਬਲਵਿੰਦਰ ਕੌਰ ਬਰਾੜ, ਇੰਦਰਜੀਤ ਸਿੰਘ ਧਾਮੀ, ਗਾਇਕ ਮਲਕੀਤ ਸਿੰਘ, ਪ੍ਰਿਥੀਪਾਲ ਸਿੰਘ ਸੋਹੀ, ਸਰਬਜੀਤ ਸੋਹੀ, ਜਰਨੈਲ ਸਿੰਘ ਆਰਟਿਸਟ, ਅਜਮੇਰ ਰੋਡੇ, ਡਾ: ਬਬਨੀਤ ਕੌਰ, ਜਸਬੀਰ ਮੰਗੂਵਾਲ, ਇੰਦਰਜੀਤ ਕੌਰ ਸਿੱਧੂ ਸਮੇਤ ਵੱਡੀ ਗਿਣਤੀ ‘ਚ ਲੇਖਕ ਅਤੇ ਪੰਜਾਬੀ ਪ੍ਰੇਮੀ ਹਾਜ਼ਰ ਸਨ।