ਪੰਜਾਬੀ ਫ਼ਿਲਮ ਇੰਡਸਟਰੀ ਦੀ ਉੱਚ ਸੰਸਥਾ ਪਫ਼ਟਾ ਵੱਲੋਂ ਪੱਤਰਕਾਰ ਹਰਜਿੰਦਰ ਸਿੰਘ ਜਵੰਦਾ ਦਾ ਸਰਵੋਤਮ ਫ਼ਿਲਮੀ ਪੱਤਰਕਾਰ ਐਵਾਰਡ ਨਾਲ ਸਨਮਾਨ
ਚੰਡੀਗੜ੍ਹ 26 ਅਗਸਤ (ਪੱਤਰ ਪ੍ਰੇਰਕ) ਪੰਜਾਬੀ ਫਿਲਮ ਐਂਡ ਟੀ ਵੀ ਐਕਟਰ ਐਸੋਸ਼ੀਏਸ਼ਨ (ਪਫ਼ਟਾ) ਵਲੋਂ ਸੰਸਥਾ ਪ੍ਰਧਾਨ ਪਦਮਸ਼੍ਰੀ ਨਿਰਮਲ ਰਿਸ਼ੀ ਜੀ, ਜਨਰਲ ਸਕੱਤਰ ਬੀ ਐੱਨ ਸ਼ਰਮਾ, ਸੰਸਥਾ ਦੇ ਬਾਨੀ ਭਾਰਤ ਭੂਸ਼ਣ ਵਰਮਾ ਅਤੇ ਮਲਕੀਤ ਰੌਣੀ ਦੀ ਅਗਵਾਈ ਹੇਠ ਕਰਵਾਏ ਗਏ ਸੰਸਥਾ ਦੇ ਸਥਾਪਨਾ ਦਿਵਸ ਸਮਾਰੋਹ ਮੌਕੇ ਫ਼ਿਲਮੀ ਪੱਤਰਕਾਰ ਹਰਜਿੰਦਰ ਸਿੰਘ ਜਵੰਦਾ ਨੂੰ ਪੰਜਾਬੀ ਸਿਨੇਮਾ ਦੇ ਸਰਵੋਤਮ ਫ਼ਿਲਮੀ ਪੱਤਰਕਾਰ ਐਵਾਰਡ 2024 ਨਾਲ ਨਿਵਾਜਿਆ ਗਿਆ। ਦੱਸ ਦਈਏ ਕਿ ਪੱਤਰਕਾਰ ਹਰਜਿੰਦਰ ਸਿੰਘ ਜਵੰਦਾ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਪੱਤਰਕਾਰੀ ਰਾਹੀਂ ਪੰਜਾਬੀ ਫਿਲਮ ਸਿਨੇਮਾ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਆ ਰਹੇ ਹਨ। ਆਪਣੀ ਪਾਰਦਰਸ਼ੀ, ਇਮਾਨਦਾਰੀ, ਨਿਰੱਪਖ ਅਤੇ ਨਿਰਸਵਾਰਥ ਪੱਤਰਕਾਰੀ ਰਾਹੀਂ ਉਨ੍ਹਾਂ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣਾ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ ਹੈ।ਉਨ੍ਹਾਂ ਵਲੋਂ ਪੰਜਾਬੀ ਸਿਨੇਮਾ, ਪੋਲੀਵੁੱਡ ਇੰਡਸਟਰੀ ਅਤੇ ਪਫਟਾ ਪ੍ਰਤੀ ਪਾਏ ਜਾ ਰਹੇ ਯੋਗਦਾਨ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਪੰਜਾਬੀ ਫਿਲਮ ਐਂਡ ਟੀ ਵੀ ਐਕਟਰ ਐਸੋਸ਼ੀਏਸ਼ਨ (ਪਫ਼ਟਾ) ਵਲੋਂ ਸਾਲ 2024 ਦੇ ਸਰਵੋਤਮ ਪੱਤਰਕਾਰ ਦੇ ਐਵਾਰਡ ਨਾਲ ਨਿਵਾਜਿਆ ਗਿਆ ਹੈ।ਇਸ ਸਮਾਰੋਹ ਮੌਕੇ ਅਦਾਕਾਰ ਕਰਮਜੀਤ ਅਨਮੋਲ, ਬੀਨੂੰ ਢਿੱਲੋਂ, ਸਵਿੰਦਰ ਮਾਹਲ, ਤਰਸੇਮ ਪੋਲ, ਪਰਮਜੀਤ ਸਿੰਘ ਭੰਗੂ, ਵਨਿੰਦਰ ਬਿੰਨੀ, ਪੰਮੀ ਬਾਈ, ਗੀਤਕਾਰ ਸ਼ਮਸ਼ੇਰ ਸੰਧੂ, ਦੀਦਾਰ ਗਿੱਲ,ਗਗਨ ਥਿੰਦ, ਸੁਨੀਤਾ ਧੀਰ, ਮੈਡਮ ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਪੂਨਮ ਸੂਧ, ਸਤਵੰਤ ਕੌਰ, ਨਿਰਭੈ ਸਿੰਘ ਧਾਲੀਵਾਲ, ਨਵਦੀਪ ਗਿੱਲ, ਨਿਰਦੇਸ਼ਕ ਸਿਮਰਨਜੀਤ ਹੁੰਦਲ, ਮਨਪ੍ਰੀਤ ਬਰਾੜ, ਸੰਜੂ ਸੋਲੰਕੀ, ਜਸਦੀਪ ਸਿੰਘ ਰਤਨ, ਬੱਲ ਤੁਲੇਵਾਲ ਅਤੇ ਯੂਵੀ ਜਵੰਦਾ ਆਦਿ ਵੀ ਮੌਜੂਦ ਰਹੇ।