ਪੰਜਾਬੀ ਫਿਲਮ ਟੈਲੀਵਿਜ਼ਨ ਐਕਟਰਜ਼ ਐਸੋਸੀਏਸ਼ਨ (ਪਫਟਾ) ਵਲੋਂ ‘ਪੰਜਾਬੀ ਸਿਨੇਮਾ ਦਿਵਸ’ ਮੌਕੇ ਆਯੋਜਿਤ ਸਮਾਰੋਹ ਸ਼ਾਨੋ ਸ਼ੋਕਤ ਨਾਲ ਹੋਇਆ ਸੰਪੰਨ
ਚੰਡੀਗੜ੍ਹ , 31 ਮਾਰਚ 2025
ਪੰਜਾਬੀ ਫਿਲਮ ਟੈਲੀਵਿਜ਼ਨ ਐਕਟਰਜ਼ ਐਸੋਸੀਏਸ਼ਨ (ਪਫਟਾ) ਵਲੋਂ ਪ੍ਰਧਾਨ ਪਦਮਸ਼੍ਰੀ ਨਿਰਮਲ ਰਿਸ਼ੀ, ਜਨਰਲ ਸਕੱਤਰ ਬੀ ਐੱਨ ਸ਼ਰਮਾ, ਕੈਸ਼ੀਅਰ ਭਾਰਤ ਭੂਸ਼ਣ ਵਰਮਾ ਦੀ ਅਗਵਾਈ ਹੇਠ ‘ਪੰਜਾਬੀ ਸਿਨੇਮਾ ਦਿਵਸ’ ਬਹੁਤ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ । ਜਿੱਥੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕਰਵਾਏ ਗਏ ਇਸ ਸਮਾਰੋਹ ਮੌਕੇ ਫਿਲਮ ਇੰਡਸਟਰੀ ਅਤੇ ਟੈਲੀਵਿਜ਼ਨ ਨਾਲ ਜੁੜੇ ਵੱਡੀ ਗਿਣਤੀ ਵਿੱਚ ਕਲਾਕਾਰਾਂ ਨੇ ਸ਼ਿਰਕਤ ਕੀਤੀ।
ਇਸ ਦੌਰਾਨ ਪਹਿਲੇ ਸੈਸ਼ਨ ਦੌਰਾਨ ਕਲਾਸਿਕ ਫਿਲਮ ਸ਼ਹੀਦ-ਏ-ਮੁਹੱਬਤ ਬੂਟਾ ਸਿੰਘ ਦਿਖਾਈ ਗਈ ਅਤੇ ਜਾਣਕਾਰੀ ਦਿੰਦੇ ਹੋਏ ਮਲਕੀਤ ਰੌਣੀ ਨੇ ਦੱਸਿਆ ਕਿ ਜਿਸ ਸਮੇਂ ਇਹ ਫਿਲਮ ਰਿਲੀਜ਼ ਹੋਈ ਸੀ, ਉਦੋਂ ਪੰਜਾਬ ਵਿੱਚ ਕਾਲੇ ਦੌਰ ਦਾ ਸਮਾਂ ਚੱਲ ਰਿਹਾ ਸੀ ਅਤੇ ਪੰਜਾਬੀ ਫਿਲਮਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਫਿਰ ਵੀ ਇਹ ਫਿਲਮ ਬਹੁਤ ਉਚਾਈਆਂ ‘ਤੇ ਪਹੁੰਚੀ।ਇਸ ਮੌਕੇ ਸੰਸਥਾ ਵਲੋਂ ਇਸ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਬੀ.ਐਨ.ਸ਼ਰਮਾ, ਦਰਸ਼ਨ ਔਲਖ, ਗਿੱਕ ਗਰੇਵਾਲ, ਰਮੇਸ਼ ਭਾਰਦਵਾਜ, ਵਿਜੇ ਸਕਸੈਨਾ, ਰਾਜੇਸ਼ ਬਜਾਜ,
ਅਮਰੀਕ ਤੇਜਾ ਅਤੇ ਤੇਜ ਭਾਨ ਗਾਂਧੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਦਾ ਦੂਜਾ ਸੈਸ਼ਨ ਸ਼ੁਰੂ ਕੀਤਾ ਗਿਆ ਜਿਸ ਦੀ ਸ਼ੁਰੂਆਤ ਅਕਬਰ ਬੇਲ ਪੁਰੀ ਦੇ ਗੀਤ, ਮੇਰਾ ਦੇਸ਼ ਪੰਜਾਬ, ਮੈਂ ਗਾਵਾਂਗਾ ਇਸ ਤਰ੍ਹਾਂ ਦੇ ਗੀਤ ਨਾਲ ਹੋਈ।ਇਸ ਦੇ ਨਾਲ ਹੀ ਗਾਇਕ ਕਰਮਜੀਤ ਅਨਮੋਲ ਨੇ ਬੂਰ ਪਿਆ ਅੰਬੀਆਂ ਨੂੰ ਮਾਏ ਵਿੱਚ ਖੇਤਾਂ ਕਣਕਾਂ ਪੱਕੀਆਂ ਗੀਤ ਗਾ ਕੇ ਆਪਣੀ ਹਾਜ਼ਰੀ ਲਗਵਾਈ। ਲੋਕ ਗਾਇਕ ਸਰਬਜੀਤ ਨੇ ਪਹਿਲਾਂ ਕੋਕਾ ਅਤੇ ਘੋੜੀ ਸੁਣਾਈ ਗਈ ਅਤੇ ਇਸ ਦੇ ਨਾਲ ਹੀ ਮਸ਼ਹੂਰ ਗਾਇਕ ਅਮਰ ਨੂਰੀ, ਸੁੱਖੀ ਬਰਾੜ, ਜਸਵਿੰਦਰ ਬਰਾੜ, ਜੱਸੀ ਲੋਂਗੋਵਾਲਿਆ,ਪ੍ਰਭ ਸ਼ਰਨ ਕੌਰ, ਰਾਖੀ ਹੁੰਦਲ, ਹਰਪ੍ਰੀਤ ਵਾਲੀਆ, ਕਰਮ ਰਾਜ ਕਰਮਾ, ਸਲੀਮ ਸਿਕੰਦਰ ਆਦਿ ਕਲਾਕਾਰਾਂ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਅਤੇ ਕਲਾਕਾਰਾਂ ਨੂੰ ਨੱਚਣ ਲਈ ਮਜ਼ਬੂਰ ਕੀਤਾ।
ਮਸ਼ਹੂਰ ਕਾਮੇਡੀਅਨ ਬਲਵਿੰਦਰ ਵਿੱਕੀ (ਚਾਚਾ ਰੌਣਕੀ ਰਾਮ) ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਰੋਮ ਇੱਕ ਦਿਨ ਵਿੱਚ ਨਹੀਂ ਬਣਿਆ, ਕਿਸੇ ਵੀ ਕੰਮ ਨੂੰ ਕਰਨ ਵਿੱਚ ਕੁਝ ਸਮਾਂ ਲੱਗਦਾ ਹੈ ਅਤੇ ਪਫਟਾ ਨੇ ਇਹ ਸਾਬਤ ਕਰ ਦਿੱਤਾ ਹੈ, ਇਹ ਅੱਜ ਬਹੁਤ ਉਚਾਈਆਂ ‘ਤੇ ਪਹੁੰਚ ਗਿਆ ਹੈ।
ਇਸ ਮੌਕੇ ਦੇਵੇਂਦਰ ਦਮਨ – ਮਸ਼ਹੂਰ ਅਦਾਕਾਰ, ਲੇਖਕ, ਨੇ ਦੱਸਿਆ ਕਿ ਕਿਵੇਂ ਉਸਨੇ ਹਾਲੀਵੁੱਡ ਵਿੱਚ ਆਪਣੀ ਪਛਾਣ ਬਣਾਈ ਅਤੇ ਉਹ ਕੈਨੇਡੀਅਨ, ਅਮਰੀਕੀ, ਇਤਾਲਵੀ ਲੋਕਾਂ ਨੂੰ ਥੀਏਟਰ ਸਿਖਲਾਈ ਦਿੰਦਾ ਹੈ – ਨਾਮ ਆਰਟ ਆਫ਼ ਐਕਟਿੰਗ-ਯੋਗਿਕ ਹੈ ਜੋ ਉਹ ਜਲਦੀ ਹੀ ਭਾਰਤ ਵਿੱਚ ਸ਼ੁਰੂ ਕਰਨ ਜਾ ਰਿਹਾ ਹੈ।
ਬੀ.ਬੀ. ਵਰਮਾ- ਕਲਾਕਾਰ ਅਤੇ ਸੀਨੀਅਰ ਪਫਟਾ ਮੈਂਬਰ ਨੇ ਇੱਕ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਪੰਜਾਬ ਸਿਨੇਮਾ ਦਿਵਸ 29 ਮਾਰਚ ਨੂੰ ਕਿਉਂ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ 1935 ਵਿੱਚ ਪਹਿਲੀ ਪੰਜਾਬੀ ਫਿਲਮ, ਇਸ਼ਕ-ਏ-ਪੰਜਾਬ ਮਿਰਜ਼ਾ ਸਾਹਿਬਾ ਰਿਲੀਜ਼ ਹੋਈ ਸੀ।
ਇਸ ਮੌਕੇ ਅਦਾਕਾਰ ਮਲਕੀਤ ਰੌਣੀ ਵੱਲੋਂ ਮੰਚ ਸੰਚਾਲਕ ਦੀ ਸੇਵਾ ਨਿਭਾਈ ਗਈ ਅਤੇ ਆਪਣੇ ਮਜ਼ਾਕੀਆ ਅੰਦਾਜ਼ ਅਤੇ ਵਿਅੰਗ ਨਾਲ ਦਰਸ਼ਕਾਂ ਨੂੰ ਅੰਤ ਤੱਕ ਜੋੜੀ ਰੱਖਿਆ।ਇਸ ਮੌਕੇ ਮਲਕੀਤ ਰੌਣੀ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦਵਿੰਦਰ ਸਿੰਘ ਅਤੇ ਮਨਦੀਪ ਸ਼ਰਮਾ ਕੇ ਡੀ ਹੈੱਡ ਆਰਟ ਡਿਪਾਰਟਮੇਂਟ (ਚੰਡੀਗੜ੍ਹ ਯੂਨੀਵਰਸਿਟੀ) ਵਲੋਂ ਪਫਟਾ ਦਾ ਸਹਿਯੋਗ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਫਿਲਮ ਨਿਰਦੇਸ਼ਕ ਰਾਜੀਵ ਸ਼ਰਮਾ ਨੇ ਲਘੂ ਫਿਲਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਫਿਲਮ ਨਾਬਰ ਨੂੰ ਰਾਸ਼ਟਰੀ ਪੁਰਸਕਾਰ ਮਿਲਿਆ ਹੈ। ਜਤਿੰਦਰ ਮੌੜ ਨੇ ਪੰਜਾਬੀ ਸਿਨੇਮਾ ਦੀ ਵਿਰਾਸਤ ਬਾਰੇ ਗੱਲ ਕੀਤੀ। ਪੰਜਾਬੀ ਰੰਗ ਮੰਚ ਫਿਲਮਾਂ ਵਿੱਚ ਵੱਡੇ ਯੋਗਦਾਨ ਲਈ ਪਫਟਾ ਵਲੋਂ ਦਵਿੰਦਰ ਦਮਨ, ਸਰਬਜੀਤ ਕੌਰ ਕੋਕਾ, ਜਸਵਿੰਦਰ ਬਰਾੜ,ਮਨੀਸ਼ ਸਾਹਨੀ, ਬਲਵਿੰਦਰ ਵਿੱਕੀ, ਪ੍ਰਭ ਸ਼ਰਨ ਕੌਰ, ਜਤਿੰਦਰ ਸਾਈਂ ਰਾਜ, ਨਤਾਸ਼ਾ ਭਟੇਜਾ, ਸਮੀਤ ਰਿਨੌਤ, ਪ੍ਰਮੋਦ ਕੁਮਾਰ ਦਾ ਸਨਮਾਨ ਵੀ ਕੀਤਾ ।
ਸੀਨੀਅਰ ਕਲਾਕਾਰ ਅਤੇ ਪ੍ਰੈਸ ਸਕੱਤਰ ਸ਼ਵਿੰਦਰ ਮਾਹਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਡਾ. ਰਣਜੀਤ ਸ਼ਰਮਾ, ਵਿਨੋਦ ਸ਼ਰਮਾ, ਬੌਬੀ ਘਈ, ਪਰਮਜੀਤ ਸਿੰਘ ਭੰਗੂ ਨੇ ਐਸੋਸੀਏਸ਼ਨ ਦੇ ਗਠਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਫਿਰ ਮਲਕੀਤ ਰੌਣੀ, ਬੀ. ਬੀ. ਵਰਮਾ ਅਤੇ ਜੇ.ਐਸ. ਚੀਮਾ ਨੇ ਇਸ ਨੂੰ ਸਿਖਰ ‘ਤੇ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ।
ਇਸ ਮੌਕੇ ਪੰਜਾਬੀ ਸਿਨੇਮਾ ਦੇ ਮਸ਼ਹੂਰ ਕਲਾਕਾਰ ਸਰਦਾਰ ਸੋਹੀ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਪੂਨਮ ਸੂਦ, ਅਦਾਕਾਰ ਤਰਸੇਮ ਪੋਲ, ਪਰਮਜੀਤ ਸਿੰਘ ਭੰਗੂ, ਵਨਿੰਦਰ ਬਿੰਨੀ, ਦੀਦਾਰ ਗਿੱਲ, ਮੈਡਮ ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਸਤਵੰਤ ਕੌਰ, ਰਾਜ ਧਾਲੀਵਾਲ, ਜਸਵੀਰ ਗਿੱਲ, ਰਿੱਤੂ ਅਰੋੜਾ, ਦੇਵੀ ਸ਼ਰਮਾ, ਦਿਲਾਵਰ ਸਿੱਧੂ, ਲਖਵਿੰਦਰ ਲੱਖਾ, ਲੱਕੀ ਧਾਲੀਵਾਲ, ਰਾਜ ਜੁਨੇਜਾ, ਭੁਪਿੰਦਰ ਗਿੱਲ, ਨਰਿੰਦਰ ਗਗੜ, ਡੈਵੀ ਸਿੰਘ, ਸਿਮਰਨ ਸਿੰਘ ,ਖੂਸਬ ਸ਼ਰਮਾ, ਮਨਵੀਰ ਕੌਰ, ਜਸਦੀਪ ਸਿੰਘ ਰਤਨ, ਅਮਨ ਜੌਹਲ, ਹਰਜੀਤ ਵਾਲੀਆ ਅਤੇ ਵਿਨੋਦ ਸ਼ਰਮਾ ਆਦਿ ਵੀ ਮੌਜੂਦ ਰਹੇ।