ਪੰਜਾਬੀ ਰੇਡੀਓ ਯੂ.ਐਸ.ਏ. ਵੱਲੋਂ ਵਿਰਾਸਤੀ ਪ੍ਰੋਗਰਾਮ ‘ਸੰਦਲੀ ਪੈੜਾਂ’ ਦੌਰਾਨ ਲੱਗੀਆਂ ਰੌਣਕਾਂ

0
284

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਉੱਭੀ ਧਾਲੀਆਂ): ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵੱਲੋਂ ਆਪਣੇ ਅਮੀਰ ਵਿਰਸੇ ਨੂੰ ਅੱਗੇ ਤੋਰਨ ਅਤੇ ਨਵੀਂ ਪੀੜੀ ਨੂੰ ਨਾਲ ਜੋੜਨ ਲਈ ਉਪਰਾਲੇ ਹੁੰਦੇ ਹਨ। ਇਸੇ ਲੜੀ ਤਹਿਤ ‘ਪੰਜਾਬੀ ਰੇਡੀਓ ਯੂ.ਐਸ.ਏ.’ ਅਤੇ ‘ਪੰਜਾਬੀ ਕਲਚਰਲ ਸੈਂਟਰ ਯੂ.ਐਸ.ਏ.’ ਵੱਲੋਂ ਆਪਣੇ ਰੇਡੀਓ ਸਟੇਸ਼ਨ ਦੇ ਬਾਹਰ ਬਣੀ ਸਟੇਜ਼ ਅਤੇ ਖੁੱਲੇ ਵਿਹੜੇ ਵਿੱਚ ਇਸੇ ਵਿਰਾਸਤ ਨੂੰ ਅੱਗੇ ਤੋਰਦਾ ਪ੍ਰੋਗਰਾਮ “ਸੰਦਲੀ ਪੈੜਾਂ” ਕਰਵਾਇਆ ਗਿਆਂ। ਜਿਸ ਵਿੱਚ ਪੰਜਾਬੀ ਵਿਰਸੇ ਨਾਲ ਸੰਬੰਧਤ ਵਸਤਾਂ ਦੀ ਪ੍ਰਦਰਸ਼ਨੀ ਲਾਉਣ ਤੋਂ ਇਲਾਵਾ ਵਿਰਾਸਤੀ ਖੇਡਾਂ ਅਤੇ ਵਿਰਾਸਤੀ ਗੀਤ-ਸੰਗੀਤ ਨੂੰ ਪੇਸ਼ ਕੀਤਾ ਗਿਆ। ਇਸ ਪ੍ਰੋਗਰਾਮ ਦੀ ਖਾਸ ਗੱਲ ਇਹ ਵੀ ਸੀ ਕਿ ਵਿਆਹ ਵਰਗੇ ਸਿਰਜੇ ਮਹੌਲ ਵਿੱਚ ਬਜ਼ੁਰਗਾਂ, ਨੌਜਵਾਨਾਂ, ਬੱਚਿਆਂ ਵਿੱਚ ਮਰਦਾਂ ਅਤੇ ਔਰਤਾਂ ਸਭ ਨੇ ਰਲ ਕੇ ਆਪਣੀ-ਆਪਣੀ ਪੇਸ਼ਕਾਰੀ ਰਾਹੀ ਆਪਣੇ ਪੰਜਾਬੀ ਸੱਭਿਆਚਾਰ ਵਿਰਸੇ ਦੇ ਰੰਗ ਬੰਨੇ। ਜਿਸ ਤਰ੍ਹਾਂ ਵਿਰਾਸਤੀ ਗੀਤ, ਬੋਲੀਆਂ, ਘੋੜੀਆਂ ਅਤੇ ਲੰਮੀਆਂ ਹੇਕਾਂ ਵਾਲੇ ਗੀਤ ਆਦਿਕ ਰਾਹੀਂ ਖੂਬ ਰੰਗ ਬੰਨੇ। ਜਦ ਕਿ ਮਿਊਜ਼ੀਕਲ ਚੇਅਰ,ਕੋਟਲਾ-ਛਪਾਕੀ, ਕਿੱਕਲੀ, ਪੀਂਘਾਂ ਆਦਿਕ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣੇ।

ਇਸ ਸਮੇਂ ਖਾਣੇ ਅਤੇ ਹੋਰ ਵੱਖਰੇ-ਵੱਖਰੇ ਸਟਾਲ ਵੀ ਸਭ ਲਈ ਖਿੱਚ ਦਾ ਕੇਂਦਰ ਰਹੇ। ਇਸ ਸਮੇਂ ਬੀਬੀਆਂ ਦੁਆਰਾ ਵਿਰਾਸਤੀ ਗੀਤ ਗਾਏ ਗਏ। ਇਸ ਤੋਂ ਇਲਾਵਾ ਸਥਾਨਿਕ ਗਾਇਕਾ ਨੇ ਵੀ ਗੀਤਾਂ ਰਾਹੀਂ ਹਾਜ਼ਰੀਨ ਦਾ ਮੰਨੋਰੰਜਨ ਕੀਤਾ। ਬੱਚਿਆਂ ਅਤੇ ਵੱਡਿਆਂ ਦੁਆਰਾਂ ਮਿਊਜੀਕਲ ਚੇਅਰ ਦੇ ਮੁਕਾਬਲੇ ਵੀ ਹੋਏ। ਇਸੇ ਤਰਾਂ ਲੱਗੀਆਂ ਪੀਂਘਾਂ ਦਾ ਵੀ ਸਭ ਨੇ ਅਨੰਦ ਮਾਣਿਆ। ਸਟੇਜ਼ ਸੰਚਾਲਨ ਬੜੇ ਜੋਸ਼ ਨਾਲ ਰੇਡੀਓ ਹੋਸਟ ਰਾਜ ਕਰਨਵੀਰ ਸਿੰਘ, ਰੇਡੀਓ ਹੋਸਟ ਰਾਣੀ ਕਾਹਲੋਂ ਅਤੇ ਰੇਡੀਓ ਹੋਸਟ ਮਕਸੂਦ ਮੱਲ੍ਹੀ ਨੇ ਵਿਰਾਸਤੀ ਧੂਮਾਂ ਪਾਉਦੇ ਹੋਏ ਕੀਤਾ। ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਟੀ-ਸਰਟਾਂ ਅਤੇ ਕੱਪ ਦੇ ਕੇ ਸਨਮਾਨਿਆ ਗਿਆ। ਪੰਜਾਬੀ ਰੇਡੀਓ ਯੂ.ਐਸ.ਏ. ਅਤੇ ਪੰਜਾਬੀ ਕਲਚਰਲ ਸੈਂਟਰ ਯੂ.ਐਸ.ਏ. ਵੱਲੋਂ ਇਸ ਤੋਂ ਪਹਿਲਾਂ ਵੀ ਕਈ ਵਾਰ ਪੰਜਾਬੀ ਸੱਭਿਆਚਾਰਿਕ ਵਿਰਸੇ ਨੂੰ ਸਮਰਪਿਤ ਬਹੁਤ ਪ੍ਰੋਗਰਾਮ ਸਫਲਤਾ ਪੂਰਵਕ ਕਰਵਾਏ ਜਾ ਚੁੱਕੇ ਹਨ। ਇਸ ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ ਸ. ਹਰਜੋਤ ਸਿੰਘ ਖਾਲਸਾ, ਬੀਬੀ ਬਲਵਿੰਦਰ ਕੌਰ ਖਾਲਸਾ ਅਤੇ ਪੰਜਾਬੀ ਰੇਡੀਓ ਯੂ.ਐਸ.ਏ. ਦੀ ਟੀਮ ਵਧਾਈ ਦੀ ਪਾਤਰ ਹੈ। ਅੰਤ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆਂ।

LEAVE A REPLY

Please enter your comment!
Please enter your name here