ਪੰਜਾਬੀ ਲੇਖਕਾਂ ਦਾ ਵਫ਼ਦ ਲਹਿੰਦੇ ਪੰਜਾਬ ਨੂੰ ਰਵਾਨਾ
ਆਲਮੀ ਪੰਜਾਬੀ ਕਾਨਫਰੰਸ ਵਿੱਚ ਕਰੇਗਾ ਸ਼ਿਰਕਤ
ਅੰਮ੍ਰਿਤਸਰ, 18 ਜਨਵਰੀ 2025:-
ਲਹਿੰਦੇ ਪੰਜਾਬ ਦੇ ਲਹੌਰ ਸ਼ਹਿਰ ਵਿੱਚ ਹੋ ਰਹੀ 34ਵੀਂ ਪੰਜ ਰੋਜ਼ਾ ਆਲਮੀ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਅਜ 65 ਮੈਂਬਰੀ ਲੇਖਕ ਭਾਈਚਾਰੇ ਦਾ ਵਫਦ ਰਵਾਨਾ ਹੋਇਆ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਸਹਿਜ਼ਪ੍ਰੀਤ ਮਾਂਗਟ ਦੀ ਅਗਵਾਈ ਵਿਚ ਅਟਾਰੀ- ਵਾਹਗਾ ਰਸਤੇ ਗਏ ਇਸ ਵਫਦ ਵਿੱਚ ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਭਾਈ ਕਾਹਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਤੋਂ ਜੈਨਇੰਦਰ ਚੌਹਾਨ ਨੇ ਗਲਬਾਤ ਕਰਦਿਆਂ ਦੱਸਿਆ ਕਿ ਲਹੌਰ ਸ਼ਹਿਰ ਵਿੱਚ ਹੋ ਰਹੀ ਇਸ ਕਾਨਫਰੰਸ ਦੇ ਮੁੱਖ ਪ੍ਰਬੰਧਕ ਫ਼ਕਰ ਜ਼ਮਾਨ ਦੀ ਦੇਖ ਰੇਖ ਵਿੱਚ ਹੋਵੇਗੀ ਜਿਸ ਵਿੱਚ ਵਖ ਵਖ ਮੁਲਕਾਂ ਤੋਂ ਪਹੁੰਚੇ ਪੰਜਾਬੀ ਵਿਦਵਾਨ ਇਸ ਖਿੱਤੇ ਵਿਚ ਅਮਨ,ਸਾਂਤੀ ਅਤੇ ਭਾਈਚਾਰੇ ਦੀ ਕਾਮਨਾ ਕਰਦਿਆਂ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਚਰਚਾ ਕਰਨਗੇ।
ਉਹਨਾਂ ਇਹ ਵੀ ਦਸਿਆ ਕਿ ਪੰਜਾਬੀ ਦੇ ਮਿਆਰੀ ਰਸਾਲੇ ‘ਹੁਣ’ ਦੇ 50ਵੇਂ ਯਾਦਗਾਰੀ ਅੰਕ ਸਮੇਤ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿੱਚ ਛਪਦੇ ਸ਼ਾਹਮੁਖੀ ਅਤੇ ਗੁਰਮੁਖੀ ਰਸਾਲਿਆਂ ਦਾ ਆਦਾਨ ਪ੍ਰਦਾਨ ਵੀ ਕੀਤਾ ਜਾਵੇਗਾ ਤਾਂ ਜੋ ਅਦਬੀ ਸਾਂਝ ਹੋਰ ਗੂਹੜੀ ਹੋਵੇ।
ਅਜ ਦੇ ਇਸ ਵਫਦ ਵਿੱਚ ਹੋਰਨਾਂ ਤੋਂ ਇਲਾਵਾ ਪੰਜਾਬੀ ਸ਼ਾਇਰ ਗੁਰਭਜਨ ਗਿੱਲ, ਤਰਲੋਚਨ ਲੋਚੀ, ਗੁਰਪ੍ਰੀਤ ਮਾਨਸਾ, ਗਾਇਕ ਪੰਮੀ ਬਾਈ, ਡਾ ਗੁਰਇਕਬਾਲ ਸਿੰਘ, ਅਦਾਕਾਰਾ ਸੁਨੀਤਾ ਧੀਰ, ਅਨੀਤਾ ਸਬਦੀਸ਼ ਅਤੇ ਹਰਮੀਤ ਵਿਦਿਆਰਥੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਵਾਨ ਇਸ ਕਾਫਲੇ ਦਾ ਹਿੱਸਾ ਸਨ।