ਜੰਡਿਆਲਾ ਗੁਰੂ,29 ਅਪ੍ਰੈਲ (ਸ਼ੁਕਰਗੁਜ਼ਾਰ ਸਿੰਘ)- ਪੰਜਾਬੀ ਸਾਹਿਤ ਸਭਾ (ਰਜਿ) ਜੰਡਿਆਲਾ ਗੁਰੂ ਦੇ ਮੀਤ ਪ੍ਰਧਾਨ ਸਤਿੰਦਰ ਸਿੰਘ ਓਠੀ ਜੀ ਦਾ ਪਹਿਲਾ ਦੋਹਾ-ਸੰਗ੍ਰਹਿ ‘ਦੀਵੇ ਸੁੱਚੀ ਸੋਚ ਦੇ’ ਬੀਤੇ ਦਿਨ ਦਿੱਲੀ ਪਬਲਿਕ ਸਕੂਲ, ਜੀ.ਟੀ.ਰੋਡ, ਮਾਨਾਂਵਾਲਾ(ਅੰਮ੍ਰਿਤਸਰ) ਦੇ ਮੁੱਖ ਆਡੀਟੋਰੀਅਮ ਵਿਚ ਲੋਕ ਅਰਪਿਤ ਕੀਤਾ ਗਿਆ। “ਰਾਬਤਾ ਮੁਕਾਲਮਾ ਕਾਵਿ- ਮੰਚ” ਦੇ ਕਨਵੀਨਰ ਸਰਬਜੀਤ ਸਿੰਘ ਸੰਧੂ ਤੇ ਉਹਨਾਂ ਦੀ ਸਮੁੱਚੀ ਟੀਮ ਦੇ ਉਦਮ ਅਤੇ ਰਹਿਨੁਮਾਈ ਹੇਂਠ ਹੋਏ ਇਸ ਪੁਸਤਕ ਲੋਕ ਅਰਪਿਤ ਅਤੇ ਵਿਚਾਰ ਗੋਸ਼ਟੀ ਸਮਾਗਮ ਵਿੱਚ ਸਤਿੰਦਰ ਓਠੀ ਜੀ ਦੇ ਪਿਤਾ ਸ. ਬਲਕਾਰ ਸਿੰਘ ਓਠੀ ਜੀ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਗ਼ਜ਼ਲਗੋ ਬਲਜਿੰਦਰ ਮਾਂਗਟ, ਜਗਤਾਰ ਗਿੱਲ, ਰਛਪਿੰਦਰ ਕੌਰ ਗਿੱਲ, ਪ੍ਰਭਜੀਤ ਕੌਰ, ਇੰਦਰੇਸ਼ਮੀਤ ਸਿੰਘ, ਸੁਖਵਿੰਦਰ ਸਿੰਘ ਸਮੇਤ ਭਰਵੀਂ ਗਿਣਤੀ ‘ਚ ਸਾਹਿਤਕਾਰ ਹਾਜ਼ਿਰ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਮੋਹਨ ਬੇਗੋਵਾਲ ਨੇ ਸੱਭ ਨੂੰ “ਜੀ ਆਇਆਂ ਨੂੰ” ਕਹਿਕੇ ਕੀਤੀ। ਉਪਰੰਤ ਡਾ. ਹੀਰਾ ਸਿੰਘ, ਐਸੋਸੀਏਟ ਪ੍ਰੋਫੈਸਰ ਖ਼ਾਲਸਾ ਕਾਲਜ (ਅੰਮ੍ਰਿਤਸਰ), ਲੇਖਕ ਤੇ ਪੰਜਾਬੀ ਸਾਹਿਤਕਾਰ ਇੱਕਵਾਕ ਸਿੰਘ ਪੱਟੀ ਨੇ ਇਸ ਦੋਹਾ ਸੰਗ੍ਰਹਿ ‘ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਓਠੀ ਜੀ ਦੀ ਇਸ ਕਿਰਤ ਨੂੰ ਸਾਹਿਤ ਦੇ ਖੇਤਰ ਵਿੱਚ “ਜੀ ਆਇਆਂ ਨੂੰ” ਆਖਿਆ ਅਤੇ ਦੋਹਾ ਛੰਦ ਬਾਬਤ ਵਿਚਾਰ ਪੇਸ਼ ਕੀਤੇ। ਉਪਰੰਤ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ, ਸ. ਜਗਮੀਤ ਸਿੰਘ ਮੀਤ ਨੇ ਇਸ ਦੋਹਾ ਸੰਗ੍ਰਹਿ ਦੇ ਵੱਖ ਵੱਖ ਪਹਿਲੂਆਂ ਦੀ ਜਾਣਕਾਰੀ ਸਾਂਝੀ ਕੀਤੀ। ਪ੍ਰੋਫੈਸਰ ਇੰਦਰਜੀਤ ਸਿੰਘ, ਸ. ਹਰਪਾਲ ਸਿੰਘ ਸੰਧਾਵਾਲੀਆ, ਡਾ. ਰਣਜੀਤ ਕੌਰ,ਮੈਡਮ ਅਰਤਿੰਦਰ ਸੰਧੂ ਨੇ ਵੀ ਇਸ ਪੁਸਤਕ ਵਿਚਲੇ ਦੋਹਿਆਂ ਸੰਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਆਖਿਆ ਕਿ “ਦੋਹਾ ਛੰਦ” ਵਾਲੀ ਲਿਖਤ ਸ਼ਾਇਦ ਇਸ ਦੌਰ ‘ਚ ਅਲੋਪ ਹੁੰਦੀ ਜਾ ਰਹੀ ਸੀ ਪਰ ਓਠੀ ਜੀ ਨੇ “ਦੀਵੇ ਸੁੱਚੀ ਸੋਚ ਦੇ” ਪੁਸਤਕ ਰਾਹੀਂ ਦੋਹਾ ਵਿਧੀ ਫਿਰ ਤੋਂ ਜੀਵਤ ਕਰ ਦਿੱਤੀ ਹੈ। ਸਮਾਗਮ ਦਾ ਮੰਚ ਸੰਚਾਲਨ ਸ਼ਾਇਰ ਮਲਵਿੰਦਰ ਜੀ ਨੇ ਕੀਤਾ। ਪ੍ਰੋਗਰਾਮ ਦੇ ਅਖੀਰ ‘ਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਨੁਮਾਇੰਦੇ ਕਹਾਣੀਕਾਰ ਦੀਪ ਦਵਿੰਦਰ ਜੀ ਨੇ ਪਹੁੰਚੇ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਤੇ ਓਠੀ ਜੀ ਨੂੰ ਮੁਬਾਰਕਾਂ ਭੇਂਟ ਕਰਦਿਆਂ ਸਮਾਗਮ ਨੂੰ ਸਮੇਟਿਆ। ਪੰਜਾਬੀ ਸਾਹਿਤ ਸਭਾ (ਰਜਿ), ਜੰਡਿਆਲਾ ਗੁਰੂ ਵੱਲੋਂ ਸਤਿੰਦਰ ਓਠੀ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
Boota Singh Basi
President & Chief Editor