ਪੰਜਾਬੀ ਸਾਹਿਤ ਸਭਾ ਨੇ ਮਾਤ ਭਾਸ਼ਾ ਅਤੇ ਨਾਰੀ ਦਿਵਸ ਮਨਾਇਆ

0
171

ਧੂਰੀ
ਸਥਾਨਕ ਪੰਜਾਬੀ ਸਾਹਿਤ ਸਭਾ ਦੀ ਇਸ ਵਾਰੀ ਦੀ ਮਾਸਿਕ ਇਕੱਤਰਤਾ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਕੌਮਾਂਤਰੀ ਮਾਤ-ਭਾਸ਼ਾ ਅਤੇ ਨਾਰੀ ਦਿਵਸ ਨੂੰ ਸਮਰਪਿਤ ਸਮਾਗਮ ਵਜੋਂ ਕੀਤੀ ਗਈ ਜਿਸ ਵਿੱਚ ਉੱਘੇ ਗੀਤਕਾਰ ਤੇ ਗਾਇਕ ਹਾਕਮ ਬਖਤੜੀ ਵਾਲ਼ਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ।

ਸ਼ੁਰੂਆਤ ਸੁਆਗਤੀ ਸ਼ਬਦਾਂ ਦੇ ਨਾਲ਼ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰ ਪੀ੍ਤਮ ਲੁਧਿਆਣਵੀ ਨੂੰ ਸਰਧਾਂਜਲੀ ਭੇਂਟ ਕਰਨ ਦੇ ਨਾਲ਼ ਹੋਈ। ਉਕਤ ਦੋਵੇਂ ਵਿਸ਼ਿਆਂ ‘ਤੇ ਚਰਚਾ ਕਰਨ ਦਾ ਮੁੱਢ ਮੈਨੇਜਰ ਜਗਦੇਵ ਸ਼ਰਮਾ ਨੇ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਨਾਂ ਦੇ ਆਪਣਾ ਪਰਚਾ ਪੜ੍ਹਨ ਨਾਲ਼ ਬੰਨਿ੍ਆਂ ਜਿਸ ਨੂੰ ਅੱਗੇ ਵਧਾਉਂਦਿਆਂ ਡਾ. ਇਕਬਾਲ ਸਿੰਘ ਸੰਗਰੂਰ , ਕਰਮ ਸਿੰਘ ਜ਼ਖ਼ਮੀ , ਬਲਵੰਤ ਕੌਰ ਘਨੌਰੀ , ਹਾਕਮ ਬਖਤੜੀ , ਅਮਰ ਗਰਗ ਅਤੇ ਸੁਖਵਿੰਦਰ ਲੋਟੇ ਨੇ ਆਪਣੇ ਵਿਚਾਰ ਸਾਜੇ ਕੀਤੇ ਜਿਨ੍ਹਾਂ ਵਿੱਚੋਂ ਦੋ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਕਿ ਮਨੁੱਖ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ ਪਰੰਤੂ ਮੁਢਲੀ ਵਿੱਦਿਆ ਮਾਤ ਭਾਸ਼ਾ ਵਿੱਚ ਹੀ ਹੋਣੀ ਚਾਹੀਦੀ ਹੈ। ਪੰਜਾਬੀ ਭਾਸ਼ਾ ਨੂੰ ਪਰਿਵਾਰ , ਸਰਕਾਰ , ਰੁਜ਼ਗਾਰ ਅਤੇ ਵਿਉਪਾਰ ਦੀ ਭਾਸ਼ਾ ਬਣਾਉਂਣ ਲਈ ਸਰਕਾਰ ਅਤੇ ਜਨਤਾ ਨੂੰ ਮਿਲ ਕੇ ਯੋਗਦਾਨ ਪਾਉਂਣਾ ਪਵੇਗਾ।

ਦੂਸਰੀ ਇਹ ਕਿ ਘਰ , ਪਰਿਵਾਰ ਅਤੇ ਸਮਾਜ ਵਿੱਚ ਔਰਤ ਦਾ ਮਹੱਤਵਪੂਰਣ ਯੋਗਦਾਨ ਹੁੰਦਾ ਹੈ ਦੁਨੀਆਂ ਦੇ ਕਈ ਮੁਲਕਾਂ ਵਿੱਚ ਔਰਤਾਂ ਨੇ ਇਸ ਕਥਨ ਨੂੰ ਸਾਬਤ ਵੀ ਕਰਕੇ ਵਿਖਾਇਆ ਹੈ ਲੇਕਿਨ ਸਾਡੇ ਮੁਲਕ ਸਮੇਤ ਕਈ ਦੇਸ਼ਾਂ ਵਿੱਚ ਬਹੁ ਗਿਣਤੀ ਔਰਤਾਂ ਨੂੰ ਆਪਣੀ ਯੋਗਤਾ ਵਿਖਾਉਂਣ ਦੇ ਸਹੀ ਮੌਕੇ ਵੀ ਨਹੀਂ ਮਿਲ ਰਹੇ। ਦੋ ਵੱਖੋ ਵੱਖਰੇ ਮਤਿਆਂ ਰਾਹੀਂ ਪੰਜਾਬ ਸਰਕਾਰ ਤੋਂ ਮਾਤ-ਭਾਸ਼ਾ ਐਕਟ ਵਿੱਚ ਲੋੜੀਂਦੀ ਸੋਧ ਕਰਨ ਅਤੇ ਅਮਲੀ ਰੂਪ ਵਿੱਚ ਲਾਗੂ ਕਰਨ ਦੀ ਮੰਗ ਅਤੇ ਲੋਕਾਂ ਨੂੰ ਆਪਣੇ ਘਰਾਂ ਤੇ ਵਪਾਰਿਕ ਅਦਾਰਿਆਂ ਵਿੱਚ ਪਿਆਰ ਅਤੇ ਸਤਿਕਾਰ ਦੇਣ ਦੀ ਅਪੀਲ ਵੀ ਕੀਤੀ ਗਈ।

ਦੂਸਰੇ ਦੌਰ ਵਿੱਚ ਹੋਏ ਕਵੀ ਦਰਬਾਰ ਵਿੱਚ ਸਰਵ ਸ਼ੀ੍ ਸੰਜੇ ਲਹਿਰੀ, ਪਰਮਜੀਤ ਦਰਦੀ, ਮਹਿੰਦਰ ਜੀਤ ਸਿੰਘ, ਗੁਰਮੀਤ ਸੋਹੀ, ਪੇਂਟਰ ਸੁਖਦੇਵ ਸਿੰਘ, ਸੁਖਵਿੰਦਰ ਹਥੋਆ , ਬਿੱਕਰ ਬੇਚੈਨ, ਸੇਵਾ ਸਿੰਘ ਧਾਲੀਵਾਲ, ਸੁਖਵਿੰਦਰ ਮੂਲੋਵਾਲ, ਮੰਗਲ ਬਾਵਾ, ਮਨਵੀਰ ਘਨੌਰੀ, ਜੱਗੀ ਸਰਪੰਚ, ਗੁਰਸੇਵਕ ਸਿੰਘ, ਅਸ਼ੋਕ ਭੰਡਾਰੀ, ਰਜਿੰਦਰ ਸਿੰਘ ਰਾਜਨ ਅਤੇ ਕੁਲਜੀਤ ਧਵਨ ਨੇ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ।

ਸ਼ਾਮ ਨੂੰ ਸਮਾਜ ਸੇਵੀ ਸੰਸਥਾ ਪਰਿਵਰਤਨ ਧੂਰੀ ਅਤੇ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ਼ ਮਿਊਂਸਪਲ ਪਾਰਕ ਵਿਖੇ ਪੰਜਾਬੀ ਭਾਸ਼ਾ ਦੇ ਪਸਾਰ ਅਤੇ ਪ੍ਚਾਰ ਲਈ ਰੈਲੀ ਵੀ ਕੀਤੀ ਗਈ ।

LEAVE A REPLY

Please enter your comment!
Please enter your name here