ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਵਿਖੇ ਜਲਦ ਸ਼ੁਰੂ ਹੋਵੇਗੀ ਲਿਵਰ ਟਰਾਂਸਪਲਾਂਟ ਦੀ ਸਹੂਲਤ

0
126

ਸੰਸਥਾ ਦੇ ਇਸ ਨਵੰਬਰ ਤੱਕ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਦੀ ਉਮੀਦ: ਡਾ. ਬਲਬੀਰ ਸਿੰਘ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ
ਸਿਹਤ ਮੰਤਰੀ ਨੇ ਗਵਰਨਿੰਗ ਬੋਰਡ ਆਫ਼ ਪੀ.ਆਈ.ਐਲ.ਬੀ.ਐਸ. ਦੀ ਪਲੇਠੀ ਮੀਟਿੰਗ ਦੀ ਕੀਤੀ ਪ੍ਰਧਾਨਗੀ
ਚੰਡੀਗੜ੍ਹ, 27 ਸਤੰਬਰ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇਥੇ ਦੱਸਿਆ ਕਿ ਜਲਦ ਹੀ ਲੋਕ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀ.ਆਈ.ਐਲ.ਬੀ.ਐਸ.) ਵਿਖੇ ਲਿਵਰ ਟਰਾਂਸਪਲਾਂਟ ਦੀ ਸਹੂਲਤ ਸਮੇਤ ਜਿਗਰ ਅਤੇ ਬਿਲੀਅਰੀ ਦੀਆਂ ਬਿਮਾਰੀਆਂ ਸਬੰਧੀ ਆਲਾ ਦਰਜੇ ਦੀਆਂ ਸਿਹਤ ਸੇਵਾਵਾਂ ਦਾ ਲਾਭ ਉਠਾ ਸਕਣਗੇ।

ਸਿਹਤ ਮੰਤਰੀ ਨੇ ਪੰਜਾਬ ਸਿਵਲ ਸਕੱਤਰੇਤ ਵਿਖੇ ਪੀ.ਆਈ.ਐਲ.ਬੀ.ਐਸ. ਦੇ ਗਵਰਨਿੰਗ ਬੋਰਡ ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੀ.ਆਈ.ਐਲ.ਬੀ.ਐਸ. ਵਿਖੇ ਅਤਿ-ਆਧੁਨਿਕ ਡਾਇਗਨੌਸਟਿਕ ਅਤੇ ਪ੍ਰਬੰਧਨ ਸਹੂਲਤ ਸਥਾਪਤ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਸੰਸਥਾ ਲਈ ਆਧੁਨਿਕ ਉਪਕਰਨ ਖਰੀਦਣ ਵਾਸਤੇ ਪਹਿਲੀ ਕਿਸ਼ਤ ਵਜੋਂ 25 ਕਰੋੜ ਰੁਪਏ ਦੀ ਗਰਾਂਟ ਪਹਿਲਾਂ ਹੀ ਜਾਰੀ ਕਰ ਦਿੱਤੀ ਹੈ।
ਇਹ ਜਾਣਕਾਰੀ ਦਿੰਦਿਆਂ ਕਿ ਇਸ ਵੱਕਾਰੀ ਸੰਸਥਾ ਵਿੱਚ ਆਊਟਪੇਸ਼ੈਂਟ ਡਿਪਾਰਟਮੈਂਟ (ਓ.ਪੀ.ਡੀ.) ਸੇਵਾਵਾਂ ਪਹਿਲਾਂ ਹੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਇਸ ਨਵੰਬਰ ਤੱਕ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਦੀ ਉਮੀਦ ਹੈ ਕਿਉਂਕਿ ਅਤਿ-ਆਧੁਨਿਕ ਉਪਕਰਨ ਖਰੀਦਣ ਦੀ ਪ੍ਰਕਿਰਿਆ ਦੇ ਨਾਲ-ਨਾਲ ਸੁਪਰ-ਸਪੈਸ਼ਲਿਸਟ ਡਾਕਟਰਾਂ ਅਤੇ ਹੋਰ ਪੈਰਾ-ਮੈਡੀਕਲ ਸਟਾਫ ਨੂੰ ਭਰਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਜਲਦ ਹੀ ਗੰਭੀਰ ਹੈਪੇਟਾਈਟਸ, ਸਿਰੋਸਿਸ, ਲਿਵਰ ਕੈਂਸਰ, ਅਲਕੋਹਲਿਕ ਲਿਵਰ ਡਿਸੀਜ਼, ਜਲਣ, ਲਿਵਰ ਦੇ ਵੇਨਸ ਅਤੇ ਵਿਸ਼ੇਸ਼ ਵਿਕਾਰ ਜਿਵੇਂ ਕਿ ਗਾਲ ਬਲੈਡਰ ਅਤੇ ਬਿਲੀਅਰੀ ਡਿਸੀਜ਼ ਅਤੇ ਬੱਚਿਆਂ ਤੇ ਬਾਲਗਾਂ ਵਿੱਚ ਲਿਵਰ ਅਤੇ ਬਿਲੀਅਰੀ ਦੇ ਵਿਸ਼ੇਸ਼ ਵਿਕਾਰਾਂ ਸਮੇਤ ਵੱਖ-ਵੱਖ ਤਰ੍ਹਾਂ ਦੀਆਂ ਜਿਗਰ ਦੀਆਂ ਬਿਮਾਰੀਆਂ ਵਾਲੇ ਮਰੀਜ਼ ਇਸ ਸੰਸਥਾ ਵਿੱਚ ਇਲਾਜ ਸੇਵਾਵਾਂ ਦਾ ਲਾਭ ਲੈ ਸਕਣਗੇ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਲਦੀ ਹੀ ਲੋਕ ਇਸ ਇੰਸਟੀਚਿਊਟ, ਜੋ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਿਜ਼, ਨਵੀਂ ਦਿੱਲੀ ਦੀ ਤਰਜ਼ ‘ਤੇ ਸਥਾਪਿਤ ਕੀਤਾ ਜਾ ਰਿਹਾ ਹੈ, ਵਿੱਚ ਲਿਵਰ ਟਰਾਂਸਪਲਾਂਟ ਸਹੂਲਤ ਦਾ ਲਾਭ ਵੀ ਉਠਾ ਸਕਣਗੇ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿੱਚ ਜਿਗਰ ਅਤੇ ਬਿਲੀਅਰੀ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਲਈ ਆਲਾ ਦਰਜੇ ਦੀਆਂ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਵਾਲਾ ਇਹ ਦੂਜਾ ਸਰਕਾਰੀ ਸੁਪਰ-ਸਪੈਸ਼ਲਿਟੀ ਇੰਸਟੀਚਿਊਟ ਹੋਵੇਗਾ।

LEAVE A REPLY

Please enter your comment!
Please enter your name here