ਚੰਡੀਗੜ੍ਹ
ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਲੋਂ ਸਥਾਨਕ ਕਲਾ ਭਵਨ ਵਿਖੇ ‘ਪੰਜਾਬੀ ਦਿਵਸ ਤੇ ਪੰਜਾਬੀ ਭਾਸ਼ਾ ਮਾਹ ਨੂੰ ਸਮਰਪਿਤ’ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਵਿਦਵਾਨਾਂ ਨੇ ਅਜੋਕੇ ਪੰਜਾਬ ਦੇ ਵੱਖ ਵੱਖ ਪੱਖਾਂ ਉਤੇ ਚਰਚਾ ਕਰਦਿਆਂ ਡੂੰਘੀ ਫਿਕਰਮੰਦੀ ਜਾਹਰ ਕੀਤੀ। ਸੈਮੀਨਾਰ ਦਾ ਸੰਚਾਲਨ ਕਰਦਿਆਂ ਪਰਿਸ਼ਦ ਦੇ ਸਕੱਤਰ ਜਨਰਲ ਡਾ ਲਖਵਿੰਦਰ ਜੌਹਲ ਨੇ ਪੰਜਾਬ ਦੀ ਤ੍ਰਾਸਦੀ ਤੇ ਵੰਡ ਬਾਰੇ ਲਿਖੇ ਆਪਣੇ ਦੋਹੇ ਪੇਸ਼ ਕਰਕੇ ਮਾਹੌਲ ਭਾਵੁਕ ਕਰ ਦਿੱਤਾ। ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਆਪਣੇ ਸਵਾਗਤੀ ਸ਼ਬਦਾਂ ਰਾਹੀਂ ਸੈਮੀਨਾਰ ਦੇ ਦੋ ਬੁਲਾਰਿਆਂ ਡਾ ਤੇਜਵੰਤ ਗਿੱਲ ਤੇ ਅਮਰਜੀਤ ਗਰੇਵਾਲ ਦੀ ਸਾਹਿਤਕ ਦੇਣ ਬਾਰੇ ਜਾਣੂੰ ਕਰਵਾਇਆ। ਅਮਰਜੀਤ ਗਰੇਵਾਲ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ‘ਅਜੋਕੇ ਪੰਜਾਬੀ ਸਭਿਆਚਾਰ ਦੇ ਅੰਦੇਸ਼ੇ ਤੇ ਆਸਾਂ’ ਸਾਨੂੰ ਸੋਚਣ ਲਾਉਂਦੇ ਹਨ। ਗਰੇਵਾਲ ਨੇ ਆਪਣੇ ਭਾਸ਼ਨ ਵਿੱਚ ਪੱਛਮੀ ਸਭਿਆਚਾਰ ਦੇ ਅਣਛੋਹੇ ਪੱਖਾਂ ਬਾਰੇ ਗੱਲ ਕਰਦਿਆਂ ਪੰਜਾਬੀ ਸਭਿਆਚਾਰ ਨਾਲ ਤੁਲਨਾਤਮਕ ਨਜਰੀਏ ਤੋਂ ਗੱਲ ਕੀਤੀ। ਦੂਸਰੇ ਵਕਤਾ ਡਾ ਤੇਜਵੰਤ ਗਿੱਲ ਨੇ ਆਪਣੇ ਭਾਸ਼ਣ ਵਿਚ ਕਿਹਾ ਕਿਫਰੀਦ ਜੀ ਵੇਲੇ ਦਾ ਪੰਜਾਬ ਹੋਰ ਸੀ ਤੇ ਗੁਰੂ ਨਾਨਕ ਦੇਵ ਜੀ ਦਾ ਕਾਲ ਹੋਰ ਸੀ ਪਰ ਇਨਾਂ ਵਿਚ ਵਖਰੇਵਾਂ ਨਜਰੀਂ ਨਹੀ ਆਇਆ। ਡਾ ਗਿੱਲ ਨੇ ਪੁਰਾਤਨ ਤੇ ਅਜੋਕੇ ਪੰਜਾਬ ਦੇ ਕਈ ਪੱਖ ਛੂਹੇ।ਇਸ ਮੌਕੇ ਵਿਦਵਾਨਾਂ ਨੂੰ ਵਿਦਿਆਰਥੀਆਂ ਤੇ ਲੇਖਕਾਂ ਪਾਠਕਾਂ ਨੇ ਸਵਾਲ ਵੀ ਕੀਤੇ, ਜਿੰਨਾਂ ਦੇ ਜਵਾਬ ਉਨਾਂ ਪੂਰੀ ਵਿਸਥਾਰ ਨਾਲ ਦਿੱਤੇ।ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਇਸ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਆਪਣੇ ਭਾਸ਼ਣ ਵਿਚ ਆਖਿਆ ਕਿ ਪੰਜਾਬੀ ਦਿਵਸ ਸਾਡਾ ਸਭਨਾਂ ਦਾ ਸਰਵ ਸਾਂਝਾ ਦਿਵਸ ਹੈ ਤੇ ਇਸ ਦਿਨ ਉਤੇ ਸਾਨੂੰ ਸਭਨਾਂ ਨੂੰ ਪੰਜਾਬੀ ਭਾਸ਼ਾ ਤੇ ਪੰਜਾਬ, ਪੰਜਾਬੀ ਪੰਜਾਬੀਅਤ ਦੀ ਪ੍ਰਫੁੱਲਤਾ ਲਈ ਸੰਕਲਪ ਲੈਣਾ ਚਾਹੀਦਾ ਹੈ। ਉਨਾਂ ਸਭਨਾਂ ਵਿਦਵਾਨਾਂ ਤੇ ਪਾਠਕਾਂ ਤੇ ਲੇਖਕਾਂ ਦਾ ਧੰਨਵਾਦ ਵੀ ਕੀਤਾ। ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ, ਟੋਰਾਂਟੋ ਤੋਂ ਪੱਤਰਕਾਰ ਤੇ ਸ਼ਾਇਰ ਸ਼ਮੀਲ, ਦੀਪਕ ਚਨਾਰਥਲ, ਪ੍ਰੋ ਪ੍ਰਵੀਨ, ਅਵਤਾਰ ਪਤੰਗ, ਸੁਭਾਸ਼ ਭਾਸਕਰ ਸਮੇਤ ਕਈ ਹੋਰ ਸ਼ਖਸੀਅਤਾਂ ਹਾਜਰ ਸਨ।