ਪੰਜਾਬ ‘ਚ ਗੱਠਜੋੜ ਲਈ ਕੈਪਟਨ ਤੇ ਢੀਂਡਸਾ ਨਾਲ ਗੱਲਬਾਤ ਜਾਰੀ- ਸ਼ਾਹ

0
278

ਨਵੀਂ ਦਿੱਲੀ (ਸਾਂਝੀ ਸੋਚ ਬਿਊਰੋ) -ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਸਾਬਕਾ ਆਗੂ ਸੁਖਦੇਵ ਸਿੰਘ ਢੀਂਡਸਾ ਦੀਆਂ ਪਾਰਟੀਆਂ ਨਾਲ ਗੱਠਜੋੜ ਲਈ ਗੱਲਬਾਤ ਕੀਤੀ ਜਾ ਰਹੀ ਹੈ। ਇਥੇ ਇਕ ਅਖ਼ਬਾਰ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਸ੍ਰੀ ਸ਼ਾਹ ਨੇ ਕਿਹਾ ਕਿ ਪੰਜਾਬ ਅਤੇ ਉੱਤਰ ਪ੍ਰਦੇਸ਼ ‘ਚ ਚੋਣਾਂ ਦੌਰਾਨ ਕਿਸਾਨ ਅੰਦੋਲਨ ਦਾ ਕੁਝ ਅਸਰ ਨਹੀਂ ਪਵੇਗਾ ਕਿਉਂਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਲੈ ਲਏ ਹਨ ਅਤੇ ਹੁਣ ਇਹ ਕੋਈ ਮੁੱਦਾ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਯੂ ਪੀ ‘ਚ ਮੁੜ ਸਰਕਾਰ ਬਣਾਏਗੀ। ਸ਼ਾਹ ਨੇ ਕਿਹਾ,‘‘ਅਸੀਂ ਕੈਪਟਨ ਸਾਬ੍ਹ ਅਤੇ ਢੀਂਡਸਾ ਸਾਬ੍ਹ ਨਾਲ ਗੱਲਬਾਤ ਕਰ ਰਹੇ ਹਾਂ। ਇਸ ਦੀ ਪੂਰੀ ਸੰਭਾਵਨਾ ਹੈ ਕਿ ਦੋਵੇਂ ਪਾਰਟੀਆਂ ਨਾਲ ਭਾਜਪਾ ਦਾ ਗੱਠਜੋੜ ਹੋ ਜਾਵੇਗਾ। ਅਸੀਂ ਦੋਵੇਂ ਪਾਰਟੀਆਂ ਨਾਲ ਹਾਂ-ਪੱਖੀ ਸੋਚ ਨਾਲ ਗੱਲਬਾਤ ਕਰ ਰਹੇ ਹਾਂ।’’ ਕਿਸਾਨ ਅੰਦੋਲਨ ਬਾਰੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ ਵਾਪਸ ਲੈ ਕੇ ਵੱਡਾ ਦਿਲ ਦਿਖਾਇਆ ਹੈ। ’ ਪ੍ਰਧਾਨ ਮੰਤਰੀ ਨੇ ਕਿਹਾ ਕਿ ਚਲੋ ਜੇਕਰ ਤੁਸੀਂ ਸਮਝਦੇ ਹੋ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਪੱਖ ‘ਚ ਨਹੀਂ ਹਨ ਤਾਂ ਤਿੰਨੋਂ ਕਾਨੂੰਨ ਵਾਪਸ ਲੈਂਦੇ ਹਾਂ। ਮੇਰੇ ਵਿਚਾਰ ਨਾਲ ਹੁਣ ਪੰਜਾਬ ‘ਚ ਹੋਰ ਕੋਈ ਮੁੱਦਾ ਨਹੀਂ ਰਿਹਾ ਹੈ। ਚੋਣਾਂ ਮੈਰਿਟ ਦੇ ਆਧਾਰ ’ਤੇ ਲੜੀਆਂ ਜਾਣਗੀਆਂ।’’

LEAVE A REPLY

Please enter your comment!
Please enter your name here