ਪੰਜਾਬ ਜਮਹੂਰੀ ਮੋਰਚਾ ਵੱਲੋਂ ਦਿੱਲੀ ‘ਚ ਸੰਘਰਸ਼ ਕਰ ਰਹੀਆਂ ਮਹਿਲਾ ਪਹਿਲਵਾਨਾਂ ਨੂੰ ਹਿਰਾਸਤ ‘ਚ ਲੈਣ ਦੀ ਸਖ਼ਤ ਨਿਖੇਧੀ

0
88

ਦਲਜੀਤ ਕੌਰ

ਚੰਡੀਗੜ੍ਹ, 28 ਮਈ, 2023: ਪੰਜਾਬ ਜਮਹੂਰੀ ਮੋਰਚਾ ਨੇ ਦਿੱਲੀ ਵਿੱਚ ਸੰਘਰਸ਼ ਕਰ ਰਹੀਆਂ ਅੰਤਰਰਾਸ਼ਟਰੀ ਤਗਮੇ ਜੇਤੂ ਮਹਿਲਾ ਪਹਿਲਵਾਨਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲੈਣ ਅਤੇ ਉਨ੍ਹਾਂ ਦੀ ਹਮਾਇਤ ਵਿੱਚ ਜਾ ਰਹੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ਜਾਂ ਰਸਤਿਆਂ ਵਿਚ ਰੋਕਣ ਦੀ ਕਾਰਵਾਈ ਦੀ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਉਹਨਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ਲਗਾਈਆਂ ਗਈਆਂ ਪੁਲਿਸ ਰੋਕਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ।

ਮੋਰਚਾ ਦੇ ਸੂਬਾ ਕਨਵੀਨਰ ਜੁਗਰਾਜ ਸਿੰਘ ਟੱਲੇਵਾਲ ਸੂਬਾ ਆਗੂ ਸੁੱਚਾ ਸਿੰਘ ਪਟਿਆਲਾ ਜਸਵੰਤ ਸਿੰਘ ਪੱਟੀ ਅਤੇ ਹਰਜਿੰਦਰ ਸਿੰਘ ਨੇ ਕਿਹਾ ਕਿ ਇਕ ਪਾਸੇ ਹਾਕਮਾਂ ਵਲੋਂ ਪ੍ਰਚਾਰੇ ਜਾਂਦੇ ਜਮਹੂਰੀਅਤ ਦੇ ਮੰਦਰ ਪਾਰਲੀਮੈਂਟ ਭਵਨ ਦੇ ਉਦਘਾਟਨ ਸਮੇਂ ਇਕ ਵਿਸ਼ੇਸ਼ ਧਾਰਮਿਕ ਰੰਗਤ ਦੇ ਕੇ ਦੇਸ਼ ਦੀ ਅਖੌਤੀ ਧਾਰਮਿਕ ਨਿਰਪੱਖਤਾ ਉਪਰ ਵੀ ਪੋਚਾ ਫੇਰ ਦਿੱਤਾ ਗਿਆ ਹੈ ਦੂਜੇ ਪਾਸੇ ਉਸੇ ਹੀ ਸਮੇਂ ਆਪਣੇ ਸਵੈਮਾਣ ਦੀ ਰਾਖੀ ਲਈ ਸ਼ਾਂਤਮਈ ਰੂਪ ਵਿੱਚ ਸੰਘਰਸ਼ ਕਰ ਰਹੀਆਂ ਅੰਤਰਰਾਸ਼ਟਰੀ ਤਗਮੇ ਜੇਤੂ ਮਹਿਲਾ ਪਹਿਲਵਾਨਾਂ ਅਤੇ ਉਨ੍ਹਾਂ ਦੀ ਹਮਾਇਤ ਵਿੱਚ ਆਏ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ, ਵਰਕਰਾਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਜਾਂ ਰਸਤਿਆਂ ਵਿਚ ਰੋਕ ਕੇ ਇਸ ਅਖੌਤੀ ਅਤੇ ਖੋਖਲੀ ਜਮਹੂਰੀਅਤ ਦੇ ਮੰਦਰ ਦੇ ਅਸਲ ਮਕਸਦ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ।

ਆਗੂਆਂ ਨੇ ਕਿਹਾ ਕਿ ਦਰਜਨਾਂ ਗੰਭੀਰ ਫ਼ੌਜਦਾਰੀ ਕੇਸਾਂ ਵਿੱਚ ਨਾਮਜ਼ਦ ਮੈਂਬਰ ਪਾਰਲੀਮੈਂਟ ਬਿਰਜ ਭੂਸ਼ਨ ਸ਼ਰਨ ਸਿੰਘ ਨੂੰ ਰੈਸਲਿੰਗ ਫੈਡਰੇਸ਼ਨ ਦਾ ਪ੍ਰਧਾਨ ਬਣਾ ਕੇ ਉਸ ਨੂੰ ਸਾਲਾਂ ਬੱਧੀ ਦੇਸ਼ ਦੀਆਂ ਧੀਆਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕਰਨ ਦੀ ਖੁੱਲ ਦੇ ਕੇ ਬੀ ਜੇ ਪੀ ਦੀ ਕੇਂਦਰ ਸਰਕਾਰ ਨੇ ਆਪਣੇ ਔਰਤਾਂ ਪ੍ਰਤੀ ਮੰਨੂਵਾਦੀ ਦ੍ਰਿਸ਼ਟੀਕੋਣ ਨੂੰ ਨੰਗਾ ਕਰ ਦਿੱਤਾ ਹੈ। 7 ਔਰਤ ਪਹਿਲਵਾਨਾਂ ਵਲੋਂ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਨਾਮਜ਼ਦ ਹੋਣ ਦੇ ਬਾਵਜੂਦ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਬਿਰਜ ਭੂਸ਼ਨ ਸ਼ਰਨ ਸਿੰਘ ਹਰ ਰੋਜ਼ ਇਹਨਾਂ ਲੜਕੀਆਂ ਖਿਲਾਫ ਕੁਫ਼ਰ ਤੋਲ ਰਿਹਾ ਹੈ। ਪਰ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੰਬੰਧੀ ਸਾਜ਼ਿਸ਼ੀ ਚੁੱਪ ਧਾਰ ਕੇ ਉਸ ਦੀ ਪਿੱਠ ਪੂਰ ਰਿਹਾ ਹੈ ਅਤੇ ਸੰਘਰਸ਼ ਕਰ ਰਹੀਆਂ ਧੀਆਂ ਉਪਰ ਜ਼ਬਰ ਕਰਵਾ ਰਿਹਾ ਹੈ।

ਆਗੂਆਂ ਨੇ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਇਸ ਲੜਾਈ ਦਾ ਹਿੱਸਾ ਬਣਨ ਅਤੇ ਇਸ ਨੂੰ ਦੇਸ਼ ਦੇ ਹਰ ਗਲੀ ਮੁਹੱਲੇ ਤੱਕ ਲਿਜਾਣ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here