ਪੰਜਾਬ ਤੋਂ ਕਿਸਾਨਾਂ ਦੇ ਦਰਜ਼ਨਾਂ ਕਾਫ਼ਲੇ ਦਿੱਲੀ ਮੋਰਚਿਆਂ ਲਈ ਰਵਾਨਾ

0
322

ਚੰਡੀਗੜ੍ਹ, (ਦਲਜੀਤ ਕੌਰ ਭਵਾਨੀਗੜ੍ਹ) -ਪੰਜਾਬ ਦੀਆਂ ਬੱਤੀ ਜਥੇਬੰਦੀਆਂ ’ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਲਗਾਏ ਧਰਨੇ ਲੰਘੇ ਐਤਵਾਰ 403ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਹੇ। ਬੁਲਾਰਿਆਂ ਨੇ ਬੀਜੇਪੀ ਨੇਤਾ ਅਰਵਿੰਦ ਸ਼ਰਮਾ ਦੇ ਉਸ ਬਿਆਨ ਦਾ ਗੰਭੀਰ ਨੋਟਿਸ ਲਿਆ ਜਿਸ ਵਿੱਚ ਬੀ ਜੇ ਪੀ ਨੇਤਾਵਾਂ ਦਾ ਘਿਰਾਉ ਕਰਨ ਵਾਲਿਆਂ ਦੀਆਂ ਅੱਖਾਂ ਕੱਢ ਦੇਣ ਅਤੇ ਹੱਥ ਵੱਢ ਦੇਣ ਦੀ ਧਮਕੀ ਦਿੱਤੀ ਸੀ। ਇਹ ਬਿਆਨ ਇੱਕ ਦਿਨ ਪਹਿਲਾਂ ਕਿਸਾਨਾਂ ਵੱਲੋਂ ਬੀ ਜੇ ਪੀ ਨੇਤਾਵਾਂ ਨੂੰ ਇੱਕ ਮੰਦਰ ਵਿੱਚ ਬੰਦੀ ਬਣਾਏ ਜਾਣ ਦੇ ਸੰਦਰਭ ਵਿਚ ਦਿੱਤਾ ਗਿਆ। ਕਿਸਾਨ ਆਗੂਆਂ ਨੇ ਇਸ ਭੜਕਾਊ ਬਿਆਨ ਦਾ ਬਹੁਤ ਗੰਭੀਰ ਨੋਟਿਸ ਲਿਆ ਅਤੇ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਉਹ ਅਜਿਹੀਆਂ ਗਿੱਦੜ- ਭੱਬਕੀਆਂ ਤੋਂ ਡਰਨ ਵਾਲੇ ਨਹੀਂ ਅਤੇ ਭਵਿੱਖ ਵਿੱਚ ਵੀ ਬੀਜੇਪੀ ਨੇਤਾਵਾਂ ਦਾ ਵਿਰੋਧ ਇਸੇ ਪ੍ਰਕਾਰ ਕਰਦੇ ਰਹਿਣਗੇ। ਕਿਸਾਨ ਮੋਰਚੇ ਦੇ ਆਗੂਆਂ ਨੇ ਹਰਿਆਣਾ ਪੁਲਿਸ ਵੱਲੋਂ ਨਾਰਨੌਂਦ ਵਿੱਚ ਕਿਸਾਨਾਂ ਵਿਰੁੱਧ ਦਰਜ ਕੇਸ ਤੁਰੰਤ ਰੱਦ ਕਰਨ ਦੀ ਵੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰ ਸਾਡਾ ਸਬਰ ਨਾ ਪਰਖੇ । ਅੱਜ ਦਿਆਲੂ ਵਾਲਾ ਖੀਵਾ ਪਿੰਡ ਦੀਆਂ ਤਿੰਨ ਬੀਬੀਆਂ ਸੁਖਵਿੰਦਰ ਕੌਰ, ਅਮਰਜੀਤ ਕੌਰ ਤੇ ਗੁਰਮੇਲ ਕੌਰ ਦਾ ਭੋਗ ਸਮਾਗਮ ਦਿਵਸ ਸੀ। ਇਨ੍ਹਾਂ ਨੂੰ ਟਿਕਰੀ ਬਾਰਡਰ ਦਿੱਲੀ ਵਿਖੇ ਟਰੱਕ ਹੇਠ ਦਰੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਅੱਜ ਧਰਨੇ ‘ਚ ਇਨ੍ਹਾਂ ਦੀ ਸ਼ਹੀਦੀ ਬਾਰੇ ਚਰਚਾ ਕੀਤੀ ਗਈ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਪੈਟਰੌਲ ਦੀ ਐਕਸਾਈਜ਼ ਡਿਊਟੀ ਵਿੱਚ 5 ਰੁਪਏ ਅਤੇ ਡੀਜ਼ਲ ਲਈ 10 ਰੁਪਏ ਪ੍ਰਤੀ ਲਿਟਰ ਦੀ ਕਮੀ ਨੂੰ ਬਹੁਤ ਨਿਗੂਣੀ ਦੱਸਿਆ। ਆਗੂਆਂ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਸਰਕਾਰ ਨੇ ਪੈਟਰੋਲ ਤੇ ਡੀਜ਼ਲ ’ਤੇ ਕਰਮਵਾਰ 13 ਤੇ 16 ਰੁਪਏ ਪ੍ਰਤੀ ਲਿਟਰ ਐਕਸਾਈਜ਼ ਡਿਊਟੀ ਵਧਾਈ ਸੀ। ਤਾਜ਼ਾ ਕਮੀ ਨਾਲ ਉਹ ਵਾਧਾ ਵੀ ਪੂਰੀ ਤਰ੍ਹਾਂ ਵਾਪਸ ਨਹੀਂ ਲਿਆ ਗਿਆ। ਫਿਰ ਹੁਣ ਹਰ ਰੋਜ਼ ਰੇਟਾਂ ਵਿਚ ਹੋ ਰਹੇ ਵਾਧੇ ਨਾਲ ਇਹ ਨਿਗੂਣੀ ਕਮੀ ਵੀ ਥੋੜੇ ਦਿਨਾਂ ‘ਚ ਖੂਹ-ਖਾਤੇ ਵਿੱਚ ਪੈ ਜਾਵੇਗੀ। ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਡੀਜ਼ਲ ’ਤੇ ਵਿਸ਼ੇਸ਼ ਸਬਸਿਡੀ ਦਿੱਤੀ ਜਾਵੇ ਅਤੇ ਕੇਂਦਰ ਸਰਕਾਰ ਐਕਸਾਈਜ਼ ਡਿਊਟੀ ‘ਚ ਅਤੇ ਸੂਬਾ ਸਰਕਾਰਾਂ ਵੈਟ ‘ਚ ਵੱਡੀ ਕਟੌਤੀ ਕਰਕੇ ਲੋਕਾਂ ਨੂੰ ਹਕੀਕੀ ਰਾਹਤ ਦੇਣ।

LEAVE A REPLY

Please enter your comment!
Please enter your name here