ਪੰਜਾਬ ਨੂੰ ਬੀ.ਐੱਸ.ਐੱਫ. ਦੇ ਹਵਾਲੇ ਕਰਨ ਖਿਲਾਫ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪ੍ਰਦਰਸ਼ਨ

0
252

* ਦੇਸ਼ ਨੂੰ ਫੌਜੀ ਬੂਟਾਂ ਹੇਠ ਦਰੜਨ ਦੀ ਸਾਜਿਸ਼- ਪੀ.ਐੱਸ.ਯੂ.
ਸੰਗਰੂਰ, (ਦਲਜੀਤ ਕੌਰ ਭਵਾਨੀਗੜ੍ਹ) -ਕੇਂਦਰ ਸਰਕਾਰ ਵੱਲੋਂ ਸੀਮਾ ਸੁਰੱਖਿਆ ਬਲ ਨੂੰ ਪੰਜਾਬ, ਬੰਗਾਲ ਤੇ ਅਸਾਮ ਦੀਆਂ ਕੌਮਾਤਰੀ ਸਰਹੱਦਾਂ ਤੋਂ 50 ਕਿਲੋਮੀਟਰ ਅੰਦਰ ਤੱਕ ਛਾਪੇ ਮਾਰਨ, ਐੱਫ ਆਈ ਆਰ ਦਰਜ਼ ਕਰਨ ਤੇ ਗ੍ਰਿਫਤਾਰੀ ਕਰਨ ਦੇ ਹੁਕਮਾਂ ਦੇ ਖਿਲਾਫ ਪੀਐੱਸਯੂ ਵੱਲੋਂ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿੱਚ ਰੈਲੀ ਕਰਕੇ ਕੇਂਦਰ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਸੁਖਦੀਪ ਹਥਨ ਨੇ ਕਿਹਾ ਕਿ ਜਿੱਥੇ ਵਿਦਿਆਰਥੀਆਂ ਦਾ ਕੰਮ ਆਪਣੇ ਆਰਥਿਕ ਮਸਲਿਆਂ ਦੇ ਲਈ ਲੜਨਾ ਹੈ ਉੱਥੇ ਰਾਜਨੀਤਕ ਮਸਲਿਆਂ ’ਤੇ ਵੀ ਉਨ੍ਹਾਂ ਨੂੰ ਆਪਣੀ ਆਵਾਜ਼ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੇਂਦਰੀਕਰਨ ਦੀ ਨੀਤੀ ਤਹਿਤ ਚੱਲਦੀ ਹੋਈ ਲਗਾਤਾਰ ਸੂਬਿਆਂ ਦੇ ਅਧਿਕਾਰਾਂ ਉਪਰ ਹਮਲਾ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਪਹਿਲਾਂ ਧਾਰਾ 370 ਤੇ ਖੇਤੀ ਵਿਰੋਧੀ ਤਿੰਨ ਕਾਨੂੰਨ ਸੂਬਿਆਂ ਦੇ ਅਧਿਕਾਰਾਂ ਨੂੰ ਖਤਮ ਕਰਨ ਦੀ ਕੇਂਦਰ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਬੀ.ਐੱਸ.ਐੱਫ ਦੇ ਹਵਾਲੇ ਕਰਨ ਦਾ ਮਤਲਬ ਹੈ ਪੰਜਾਬ ਵਿੱਚ ਹੁਣ ਕੇਂਦਰ ਸਰਕਾਰ ਦਾ ਹੁਕਮ ਚੱਲੇਗਾ। ਪੰਜਾਬ ਦੇ ਅਧਿਕਾਰਾਂ ਨੂੰ ਘਟਾਇਆ ਜਾ ਰਿਹਾ ਹੈ। ਉਹਨਾਂ ਕਿ ਮੋਦੀ ਸਰਕਾਰ ਦੇਸ਼ ਨੂੰ ਫਿਰਕੂ ਰੰਗਤ ਵਿੱਚ ਰੰਗ ਕੇ ਵੰਡੀਆਂ ਪਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਦਲਿਤਾਂ, ਘੱਟ ਗਿਣਤੀਆਂ, ਬੁੱਧੀਜੀਵੀ ਤੇ ਪੱਤਰਕਾਰਾਂ ਉਪਰ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਇਸ ਮੌਕੇ ਮਨਪ੍ਰੀਤ ਸਿੰਘ, ਅਮਰਜੀਤ ਸਿੰਘ ਗੁਰਤੇਜ ਸਿੰਘ ਹੁਸਨਦੀਪ ਸਿੰਘ ਲਖਵਿੰਦਰ ਸਿੰਘ ਸਿਮਰਨਜੀਤ ਸਿੰਘ ਹਰਪ੍ਰੀਤ ਸਿੰਘ ਬਲਕਾਰ ਸਿੰਘ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਜੇਕਰ ਇਹ ਤਾਨਾਸ਼ਾਹੀ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਕੇਂਦਰ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਰੋਕਣ ਲਈ ਕਾਲਜ ਦੇ ਪ੍ਰਿੰਸੀਪਲ ਵੱਲੋਂ ਪੁਲਿਸ ਨੂੰ ਬੁਲਾ ਕੇ ਵਿਦਿਆਰਥੀਆਂ ਨੂੰ ਧਮਕਾਉਣ ਦੀ ਪੀਐੱਸਯੂ ਨੇ ਸਖਤ ਸ਼ਬਦਾਂ ‘ਚ ਨਿਖੇਧੀ ਵੀ ਕੀਤੀ।

LEAVE A REPLY

Please enter your comment!
Please enter your name here