– ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ
ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਪਾਕਿ ਆਧਾਰਿਤ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸਨ : ਡੀਜੀਪੀ ਗੌਰਵ ਯਾਦਵ
– ਨਸ਼ਾ ਤਸਕਰੀ ਦੇ ਇਸ ਰੈਕੇਟ ਵਿੱਚ ਸ਼ਾਮਲ ਹੋਰ ਲੋਕਾਂ ਦਾ ਪਤਾ ਲਗਾਉਣ ਲਈ ਕੀਤੀ ਜਾ ਰਹੀ ਹੈ ਜਾਂਚ: ਐਸਐਸਪੀ ਸਤਿੰਦਰ ਸਿੰਘ
ਚੰਡੀਗੜ੍ਹ/ਅੰਮ੍ਰਿਤਸਰ, 10 ਅਗਸਤ:
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਤਹਿਤ ਪੰਜਾਬ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਅਤੇ ਉਨ੍ਹਾਂ ਕੋਲੋਂ 12 ਕਿਲੋ ਹੈਰੋਇਨ ਬਰਾਮਦ ਕਰਕੇ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਭਿੰਦਰ ਸਿੰਘ ਉਰਫ ਭਿੰਦਾ ਵਾਸੀ ਪਿੰਡ ਦਾਉਕੇ, ਘਰਿੰਡਾ, ਅੰਮ੍ਰਿਤਸਰ ; ਦਿਲਬਾਗ ਸਿੰਘ ਉਰਫ਼ ਮਨੂ ਪਿੰਡ ਰਜਾਤਲ , ਘਰਿੰਡਾ, ਅੰਮ੍ਰਿਤਸਰ ਅਤੇ ਮਨੀਪਾਲ ਸਿੰਘ ਉਰਫ਼ ਮਨੀ ਵਾਸੀ ਪਿੰਡ ਛੀਨਾ ਸ਼ਬਾਜਪੁਰ ਰਾਜਾ ਸਾਂਸੀ, ਅੰਮ੍ਰਿਤਸਰ ਵਜੋਂ ਹੋਈ ਹੈ। ਹੈਰੋਇਨ ਦੀ ਬਰਾਮਦਗੀ ਤੋਂ ਇਲਾਵਾ ਪੁਲਿਸ ਟੀਮਾਂ ਨੇ ਚਿੱਟੇ ਰੰਗ ਦੀ ਹੁੰਡਈ ਵਰਨਾ ਕਾਰ ਵੀ ਜ਼ਬਤ ਕੀਤੀ ਹੈ, ਜਿਸ ਵਿੱਚ ਉਕਤ ਵਿਅਕਤੀ ਸਫ਼ਰ ਕਰ ਰਹੇ ਸਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਖ਼ਤਾ ਸੂਹ ਮਿਲੀ ਸੀ ਕਿ ਕੁਝ ਨਸ਼ਾ ਤਸਕਰਾਂ ਵੱਲੋਂ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ ਗਈ ਸੀ ਅਤੇ ਉਹ ਚਿੱਟੇ ਰੰਗ ਦੀ ਹੁੰਡਈ ਵਰਨਾ ਕਾਰ ਵਿੱਚ ਇਸ ਦੀ ਡਿਲੀਵਰੀ ਕਰਨ ਜਾ ਰਹੇ ਹਨ। ਇਸ ’ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪਿੰਡ ਬਹਿੜਵਾਲ ਨੇੜੇ ਨਾਕਾ ਲਗਾ ਕੇ ਵਿਸ਼ੇਸ਼ ਚੈਕਿੰਗ ਕੀਤੀ ।
ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਨੇ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਕਾਰ ’ਚ ਬੈਠੇ ਵਿਅਕਤੀਆਂ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ , ਪਰ ਪੁਲਿਸ ਟੀਮ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਕੁੱਲ 12 ਕਿਲੋ ਹੈਰੋਇਨ, ਜਿਸ ਵਿੱਚ 2-2 ਕਿਲੋ ਦੇ ਤਿੰਨ ਪੈਕਟ, ਜੋ ਉਨ੍ਹਾਂ ਨੇ ਲੱਕ ਦੁਆਲੇ ਪਰਨੇ ’ਚ ਬੰਨ੍ਹੇ ਹੋਏ ਸਨ, 6 ਕਿਲੋ ਦਾ ਇੱਕ ਪੈਕਟ ਗੱਡੀ ਵਿੱਚ ਰੱਖਿਆ ਸੀ , ਬਰਾਮਦ ਕੀਤੀ ਹੈ।
ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਮੁਲਜ਼ਮ ਪਾਕਿਸਤਾਨ ਸਥਿਤ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਪਾਕਿਸਤਾਨ ਤੋਂ ਹੈਰੋਇਨ ਲਿਆ ਕੇ ਸੂਬੇ ਭਰ ਵਿੱਚ ਸਪਲਾਈ ਕਰਦੇ ਸਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਅੰਮ੍ਰਿਤਸਰ (ਦਿਹਾਤੀ) ਸਤਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਖਿਲਾਫ ਕਈ ਅਪਰਾਧਿਕ ਕੇਸ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਥਿਤ ਤਸਕਰਾਂ ਅਤੇ ਜਿਨ੍ਹਾਂ ਨੇ ਇਹ ਖੇਪ ਹਾਸਲ ਕਰਨੀ ਸੀ, ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਬਰਾਮਦਗੀ ਦੀ ਆਸ ਹੈ।
ਇਸ ਸਬੰਧੀ ਐਫਆਈਆਰ ਨੰ. 142 ਮਿਤੀ 9/8/2023 ਨੂੰ ਥਾਣਾ ਲੋਪੋਕੇ ਵਿਖੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 21(ਸੀ), 25 ਅਤੇ 29 ਤਹਿਤ ਕੇਸ ਦਰਜ ਕੀਤਾ ਗਿਆ ਹੈ।