ਪੰਜਾਬ ਪੁਲਿਸ ਨੇ ਸੂਬੇ ਵਿੱਚ ਅਮਨ-ਸ਼ਾਂਤੀ ਨੂੰ ਭੰਗ ਕਰਨ ਵਾਲੇ 154 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ: ਆਈ.ਜੀ.ਪੀ. ਸੁਖਚੈਨ ਗਿੱਲ

0
164

ਪੰਜਾਬ ਅਤੇ ਵਿਦੇਸ਼ਾਂ ’ਚ ਵਸਦੇ ਲੋਕਾਂ ਨੇ ਪੰਜਾਬ ਵਿੱਚ ਕਾਨੂੰਨ , ਵਿਵਸਥਾ ਵਿਗਾੜਨ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਕਾਰਵਾਈ ਦਾ ਕੀਤਾ ਸਮਰਥਨ , ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਧੰਨਵਾਦ

ਪੰਜਾਬ ਪੁਲਿਸ ਨੇ ਸੂਬੇ ਵਿੱਚ ਅਮਨ-ਸ਼ਾਂਤੀ ਨੂੰ ਭੰਗ ਕਰਨ ਵਾਲੇ 154 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ: ਆਈ.ਜੀ.ਪੀ. ਸੁਖਚੈਨ ਗਿੱਲ

– ਪੁਲਿਸ ਟੀਮਾਂ ਨੇ ਭਗੌੜੇ ਅਮ੍ਰਿਤਪਾਲ ਵੱਲੋਂ ਫਰਾਰ ਹੋਣ ਲਈ ਵਰਤੀ ਗਈ ਗੱਡੀ ਕੀਤੀ ਬਰਾਮਦ, ਚਾਰ ਸਹਿਯੋਗੀ ਵੀ ਕਾਬੂ

ਚੰਡੀਗੜ੍ਹ, 21 ਮਾਰਚ:

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਸੂਬਾ ਸਰਕਾਰ ਦੀ ਕਾਰਵਾਈ ਦਾ ਸਮਰਥਨ ਕਰਨ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕਰਨ ਤੋਂ ਕੁਝ ਘੰਟੇ ਬਾਅਦ, ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਸੂਬੇ ਵਿੱਚ ਸਥਿਤੀ ਪੂਰੀ ਤਰ੍ਹਾਂ ਸਥਿਰ ਅਤੇ ਕਾਬੂ ਵਿੱਚ ਹੋਣ ਦਾ ਭਰੋਸਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਅਤੇ ਪੂਰੇ ਦੇਸ਼ ਤੋਂ ਕਈ ਫੋਨ ਆਏ ਹਨ, ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।

ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੂਬੇ ਵਿੱਚ ਅਮਨ-ਸ਼ਾਂਤੀ ਨੂੰ ਭੰਗ ਕਰਨ ਦੇ ਦੋਸ਼ ਹੇਠ ਕੁੱਲ 154 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਭਗੌੜੇ ਹੋਏ ਅੰਮ੍ਰਿਤਪਾਲ ਸਿੰਘ ਵਿਰੁੱਧ ਲੁੱਕਆਊਟ ਸਰਕੂਲਰ (ਐੱਲ.ਓ.ਸੀ.) ਅਤੇ ਗੈਰ-ਜ਼ਮਾਨਤੀ ਵਾਰੰਟ (ਐਨ.ਬੀ.ਡਬਲਿਊ.) ਜਾਰੀ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਨਿਰੰਤਰ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਵਿੱਚ ਪੰਜਾਬ ਪੁਲਿਸ ਨੂੰ ਦੂਜੇ ਰਾਜਾਂ ਅਤੇ ਕੇਂਦਰੀ ਏਜੰਸੀਆਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ।

ਅੰਮ੍ਰਿਤਪਾਲ ਦੀਆਂ ਵੱਖ- ਵੱਖ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਈਜੀਪੀ ਨੇ ਲੋਕਾਂ ਨੂੰ ਭਗੌੜੇ ਬਾਰੇ ਜਾਣਕਾਰੀ ਦੇਣ ਅਪੀਲ ਕੀਤੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਆਈ.ਜੀ.ਪੀ. ਨੇ ਦੱਸਿਆ ਕਿ ਜਲੰਧਰ ਦਿਹਾਤੀ ਪੁਲਿਸ ਨੇ ਇੱਕ ਬਰੇਜ਼ਾ ਕਾਰ (ਪੀ.ਬੀ.02-ਈ.ਈ.-3343) ਬਰਾਮਦ ਕੀਤੀ ਹੈ, ਜਿਸ ਦੀ ਵਰਤੋਂ ਅੰਮ੍ਰਿਤਪਾਲ ਵੱਲੋਂ 18 ਮਾਰਚ ਨੂੰ ਉਸ ਸਮੇਂ ਕੀਤੀ ਗਈ ਸੀ, ਜਦੋਂ ਪੁਲਿਸ ਦੀਆਂ ਟੀਮਾਂ ਨੇ ਉਸ ਦੇ ਕਾਫ਼ਲੇ ਦਾ ਪਿੱਛਾ ਕਰ ਰਹੀ ਸੀ ਅਤੇ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਗਿਰਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮੰਨਾ (28) ਪੁੱਤਰ ਹਰਵਿੰਦਰ ਸਿੰਘ ਵਾਸੀ ਨਵਾਂ ਕਿਲਾ ਸ਼ਾਹਕੋਟ, ਗੁਰਦੀਪ ਸਿੰਘ ਉਰਫ਼ ਦੀਪਾ (34) ਪੁੱਤਰ ਮੁਖਤਿਆਰ ਸਿੰਘ ਪਿੰਡ ਬੱਲ ਨੌ, ਨਕੋਦਰ, ਹਰਪ੍ਰੀਤ ਸਿੰਘ ਉਰਫ਼ ਹੈਪੀ (36) ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਕੋਟਲਾ ਨੋਧ ਸਿੰਘ, ਹੁਸ਼ਿਆਰਪੁਰ ਅਤੇ ਗੁਰਭੇਜ ਸਿੰਘ ਉਰਫ਼ ਭੇਜਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਗੋਂਦਾਰਾ, ਫਰੀਦਕੋਟ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਾਰ ਮੁਲਜ਼ਮਾਂ ਨੇ ਅੰਮ੍ਰਿਤਪਾਲ ਨੂੰ ਭੱਜਣ ਵਿੱਚ ਮਦਦ ਕੀਤੀ ਸੀ ।

ਉਨ੍ਹਾਂ ਦੱਸਿਆ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਪਿੰਡ ਨੰਗਲ ਅੰਬੀਆਂ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਆਪਣੇ ਕੱਪੜੇ ਬਦਲੇ ਅਤੇ ਦੋ ਮੋਟਰਸਾਈਕਲਾਂ ’ਤੇ ਉੱਥੋਂ ਫਰਾਰ ਹੋ ਗਏ।

ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਟੀਮਾਂ ਨੇ ਮੋਗਾ ਦੇ ਪਿੰਡ ਰਾਊਕੇ ਦੇ ਕੁਲਵੰਤ ਸਿੰਘ ਰਾਉਕੇ ਅਤੇ ਕਪੂਰਥਲਾ ਦੇ ਗੁਰਿੰਦਰਪਾਲ ਸਿੰਘ ਉਰਫ਼ ਗੁਰੀ ਔਜਲਾ ਨੂੰ ਵੀ ਕੌਮੀ ਸੁਰੱਖਿਆ ਐਕਟ ਤਹਿਤ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਹੈ।

ਆਈਜੀਪੀ ਨੇ ਦੱਸਿਆ ਕਿ ਜਲੰਧਰ ਦਿਹਾਤੀ ਪੁਲਿਸ ਨੇ ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਵਾਸੀ ਕੱਲੂ ਖੇੜਾ, ਅੰਮ੍ਰਿਤਸਰ ਅਤੇ ਉਸ ਦੇ ਡਰਾਈਵਰ ਹਰਪ੍ਰੀਤ ਸਿੰਘ ਵਾਸੀ ਪਿੰਡ ਮੱਦੋਕੇ, ਮੋਗਾ ਦੇ ਖਿਲਾਫ ਟਰੈਸਪਾਸਿੰਗ ਅਤੇ ਦੋ ਦਿਨਾਂ ਤੋਂ ਵਧ ਦਿਨਾਂ ਤੱਕ ਮਹਿਤਪੁਰ, ਜਲੰਧਰ ਦੇ ਪਿੰਡ ਉਦੋਵਾਲ ਦੇ ਸਰਪੰਚ ਮਨਪ੍ਰੀਤ ਸਿੰਘ ਦੇ ਘਰ ਬੰਦੂਕ ਦੀ ਨੋਕ ’ਤੇ ਪਨਾਹ ਲੈਣ ਦੇ ਦੋਸ਼ ਵਿੱਚ ਨਵੀਂ ਐਫਆਈਆਰ ਦਰਜ ਕੀਤੀ ਹੈ। ਦੋਵੇਂ ਮੁਲਜ਼ਮ ਆਪਣੀ ਮਰਸਡੀਜ਼ ਕਾਰ (ਐੱਚ.ਆਰ.72ਈ.1818) ’ਚ ਆਏ ਸਨ। ਇਸ ਸਬੰਧੀ ਐਫਆਈਆਰ ਨੰ. 28 ਮਿਤੀ 20.3.2023 ਨੂੰ ਆਈ.ਪੀ.ਸੀ. ਦੀਆਂ ਧਾਰਾਵਾਂ 449, 342, 506 ਅਤੇ 34 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਥਾਣਾ ਮਹਿਤਪੁਰ ਵਿਖੇ ਦਰਜ ਕੀਤੀ ਗਈ ਹੈ।

ਆਈਜੀਪੀ ਨੇ ਇਹ ਵੀ ਦੱਸਿਆ ਕਿ ਮੁਹਾਲੀ ਵਿਖੇ ਧਰਨਾ ਵੀ ਚੁੱਕ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 37 ਵਿਅਕਤੀਆਂ ਨੂੰ ਇਹਤਿਆਤਨ ਹਿਰਾਸਤ ਵਿੱਚ ਲਿਆ ਗਿਆ ਹੈ।

LEAVE A REPLY

Please enter your comment!
Please enter your name here