ਮੰਗਾਂ ਨਾਂ ਮੰਨਣ ਦੀ ਸੂਰਤ ਵਿੱਚ ਆਗਾਮੀ ਚੋਣਾਂ ਦੌਰਾਨ ਲੋਕ ਸਭਾ ਹਲਕਿਆਂ ਵਿੱਚ ਪੋਲ ਖੋਲ੍ਹ ਰੈਲੀਆਂ ਕਰਨ ਦੀ ਚਿਤਾਵਨੀ
ਚੰਡੀਗੜ੍ਹ/ਸੰਗਰੂਰ, 22 ਅਗਸਤ 2023: ਅੱਜ ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਆਗੂਆਂ ਦੀ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਸਬ ਕਮੇਟੀ ਨਾਲ਼ ਮੀਟਿੰਗ ਹੋਈ। ਇਹ ਮੀਟਿੰਗ ਵਿੱਤ ਮੰਤਰੀ ਸ਼੍ਰੀ ਹਰਪਾਲ ਚੀਮਾ ਦੀ ਪ੍ਰਧਾਨਗੀ ਵਿੱਚ ਹੋਈ। ਇਸ ਕਮੇਟੀ ਵਿੱਚ ਸ਼੍ਰੀ ਅਮਨ ਅਰੋੜਾ ਤੇ ਸ਼੍ਰੀ ਕੁਲਦੀਪ ਧਾਲੀਵਾਲ ਕੈਬਨਿਟ ਮੰਤਰੀ ਵੀ ਹਾਜ਼ਰ ਸਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਂਝੇ ਫਰੰਟ ਦੇ ਆਗੂਆਂ ਨੇ ਦੱਸਿਆ ਕਿ ਫਰੰਟ ਦੀ ਮੁੱਖ ਮੰਗ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੰਜਾਬ ਦਾ ਪੇਅ ਸਕੇਲ ਬਹਾਲ ਕਰਵਾਉਣਾ ਤੇ ਪਰਖਕਾਲ ਦਾ ਸਮਾਂ ਘੱਟ ਕਰਕੇ ਇਸ ਸਮੇਂ ਦੌਰਾਨ ਪੂਰੇ ਭੱਤਿਆਂ ਸਮੇਤ ਤਨਖ਼ਾਹ ਲੈਣਾ ਹੈ। ਆਗੂਆਂ ਅਨੁਸਾਰ ਅੱਜ ਦੀ ਮੀਟਿੰਗ ਵਿੱਚ ਇਹ ਭਰੋਸਾ ਮਿਲਿਆ ਕਿ ਪੰਜਾਬ ਦੇ ਮੁਲਾਜ਼ਮਾਂ ਤੇ ਪੇਅ ਸਕੇਲ ਬਹਾਲ ਕਰਨ ਸੰਬੰਧੀ ਸਰਕਾਰ ਵੱਲੋਂ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਸਰਕਾਰ ਨੂੰ ਇਸ ਸੰਬੰਧੀ ਆਪਣੀਂ ਰਿਪੋਰਟ ਸੌਂਪੇਗੀ। ਵਿੱਤ ਮੰਤਰੀ ਪੰਜਾਬ ਨਾਲ਼ ਫਰੰਟ ਦੀ ਅਗਲੀ ਮੀਟਿੰਗ 31 ਅਗਸਤ ਨੂੰ ਹੋਵੇਗੀ।
ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਜਲਦ ਤੋਂ ਜਲਦ ਸਾਡੀਆਂ ਮੰਗਾਂ ਮੰਨ ਕੇ ਪੰਜਾਬ ਪੇਅ ਸਕੇਲ ਬਹਾਲ ਨਹੀਂ ਕਰਦੀ ਤੇ ਪਰਖਕਾਲ ਦਾ ਸਮਾਂ ਘਟਾ ਕੇ ਇਸ ਦੌਰਾਨ ਪੂਰੀ ਤਨਖ਼ਾਹ ਨਹੀਂ ਦਿੰਦੀ ਤਾਂ ਹਰੇਕ ਲੋਕ ਸਭਾ ਹਲਕੇ ਵਿੱਚ ਪੋਲ ਖੋਲ੍ਹ ਰੋਲੀਆਂ ਕੀਤੀਆਂ ਜਾਣਗੀਆਂ ਅਤੇ ਲੋਕਾਂ ਨੂੰ ਇਸ ਬਾਰੇ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਂਣ ਤੋਂ ਬਾਅਦ ਆਪਣੇ ਵਾਅਦੇ ਵਫ਼ਾ ਨਹੀਂ ਕਰ ਰਹੀ। ਸਗੋਂ ਟਾਲ ਮਟੋਲ ਕਰਕੇ ਡੰਗ ਟਪਾ ਰਹੀ ਹੈ।
ਇਸ ਮੌਕੇ ਸਸ਼ਪਾਲ ਸਿੰਘ, ਹਰਜਿੰਦਰ ਸਿੰਘ, ਸ਼ਲਿੰਦਰ ਕੰਬੋਜ, ਯੁੱਧਜੀਤ ਸਿੰਘ, ਜੁਝਾਰ ਸਿੰਘ, ਨਵਜੀਵਨ ਸਿੰਘ ਆਦਿ ਕਨਵੀਨਰ ਮੌਜੂਦ ਸਨ।