ਪੰਜਾਬ ਭਾਜਪਾ ਦੀ ਸੂਬਾਈ ਕਾਰਜਕਾਰਨੀ ਬੈਠਕ : ਪੰਜਾਬ ਅਤੇ ਪੰਜਾਬੀਆਂ ਦੇ ਸਰੋਕਾਰਾਂ ਪ੍ਰਤੀ ਝੰਡਾਬਰਦਾਰ ਦੀ ਭੂਮਿਕਾ ਨਿਭਾਉਣ ਦਾ ਫ਼ੈਸਲਾ। ( ਪ੍ਰੋ. ਸਰਚਾਂਦ ਸਿੰਘ ਖਿਆਲਾ)

0
155

ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੂਬਾਈ ਕਾਰਜਕਾਰਨੀ ਦੀ ਸੰਗਰੂਰ ਵਿੱਚ ਹੋਈ ਬੈਠਕ ਦੌਰਾਨ ਇਹ ਗਲ ਸਾਫ਼ ਨਜ਼ਰ ਆਈ ਕਿ ਭਾਜਪਾ ਨੇ ਪੰਜਾਬ ਅਤੇ ਪੰਜਾਬੀਆਂ ਦੇ ਸਰੋਕਾਰਾਂ ਨੂੰ ਲੈ ਕੇ ਗੰਭੀਰਤਾ ਅਖ਼ਤਿਆਰ ਕਰ ਲਈ ਹੈ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਮਿਲੀ ਹਾਰ ਤੋਂ ਬਾਅਦ ਅਤੇ ਪੰਜਾਬ ਭਾਜਪਾ ਦੀ ਨਵ ਗਠਿਤ ਸੂਬਾ ਕਾਰਜਕਾਰਨੀ ਦੀ ਇਸ ਪਲੇਠੀ ਬੈਠਕ ਵਿਚ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪਾਰਟੀ ਦੀ ਅਗਲੀ ਰਣਨੀਤੀ ‘ਤੇ ਖੁੱਲ ਕੇ ਚਰਚਾ ਕਰਦੇ ਹੋਏ ਅਕਾਲੀ ਦਲ (ਬਾਦਲ) ਨਾਲ ਮੁੜ ਗੱਠਜੋੜ ਦੀ ਸੰਭਾਵਨਾ ਨੂੰ ਪੂਰੀ ਤਰਾਂ ਖ਼ਾਰਜ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਨੂੰ ਦਰਪੇਸ਼ ਵੱਡੀਆਂ ਚੁਨੌਤੀਆਂ ’ਤੇ ਗੰਭੀਰ ਚਿੰਤਨ ਮੰਥਨ ਅਤੇ ਭਾਜਪਾ ਵੱਲੋਂ ਪੇਸ਼ ਕੀਤਾ ਗਿਆ ਰਾਜਨੀਤਿਕ ਪ੍ਰਸਤਾਵ ਭਾਜਪਾ ਦੀ ਪੰਜਾਬ ਅਤੇ ਪੰਜਾਬੀਆਂ ਦੇ ਸਰੋਕਾਰਾਂ ਪ੍ਰਤੀ ਝੰਡਾਬਰਦਾਰ ਦੀ ਭੂਮਿਕਾ ਨਿਭਾਉਣ ਵਲ ਪ੍ਰਤੱਖ ਸੰਕੇਤ ਹੈ।

ਭਾਜਪਾ ਨੇ ਆਪਣੀ ਵੱਖਰੀ ਹੋਂਦ ਨੂੰ ਸ਼ਹਿਰੀ ਅਤੇ ਪੇਂਡੂ ਖੇਤਰ ’ਚ ਸਮਾਨ ਰੂਪ ਵਿਚ ਮਜ਼ਬੂਤ ਕਰਨ ’ਤੇ ਬਲ ਦਿੱਤਾ ਹੈ। ਪਾਰਟੀ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਕੇਂਦਰ ਸਰਕਾਰ ਵੱਲੋਂ 9 ਸਾਲਾਂ ਦੌਰਾਨ ਦੀਆਂ ਪ੍ਰਾਪਤੀਆਂ ਨੂੰ ਘਰ ਘਰ ਪਹੁੰਚਾਉਣ ਹਿਤ 30 ਮਈ ਤੋਂ 30 ਜੂਨ ਤਕ ਵਿਸ਼ੇਸ਼ ਮੁਹਿੰਮ ’ਮਹਾਂ ਜਨਸੰਪਰਕ ਅਭਿਆਨ’ ਚਲਾਉਣ ਲਈ ਪਾਰਟੀ ਵੱਲੋਂ ਵਿਸ਼ੇਸ਼ ਖ਼ਾਕਾ ਤਿਆਰ ਕੀਤਾ ਗਿਆ। ਜਿਸ ਵਿਚ ਮੈਂਬਰ ਪੰਚਾਇਤ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਤਕ ਆਪਣੀ ਭੂਮਿਕਾ ਨੂੰ ਸੁਨਿਸ਼ਚਿਤ ਕਰੇਗਾ।
ਭਾਜਪਾ ਦੀ ਪ੍ਰਦੇਸ਼ ਕਾਰਜਕਾਰਨੀ ਦਾ ਮੰਨਣਾ ਹੈ ਕਿ ਸਭ ਕਾ ਸਾਥ ਸਭ ਕਾ ਵਿਸ਼ਵਾਸ ਵਰਗੀਆਂ ਨਰਿੰਦਰ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਦੇਸ਼ ਦੇ ਗ਼ਰੀਬਾਂ, ਕਿਸਾਨਾਂ, ਮਜ਼ਦੂਰਾਂ, ਦਲਿਤਾਂ ਅਤੇ ਪਛੜਿਆਂ ਦੇ ਜੀਵਨ ਵਿੱਚ ਸੁਖਾਲਾ ਬਦਲਾਵ ਆਇਆ ਹੈ | ਦੇਸ਼ ਵਿੱਚ ਨਾ ਸਿਰਫ਼ ਆਰਥਿਕ ਵਿਕਾਸ ਦੀ ਰਫ਼ਤਾਰ ਵਧੀ ਹੈ ਬਲਕਿ ਨੌਜਵਾਨਾਂ ਲਈ ਕਰੋੜਾਂ ਨਵੇਂ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਏ ਹਨ | ਇਸ ਸਮੇਂ ਦੌਰਾਨ ਦੇਸ਼ ਵਿੱਚ ਬੁਨਿਆਦੀ ਢਾਂਚੇ ਦਾ ਲਾ ਮਿਸਾਲ ਵਿਕਾਸ ਹੋਇਆ ਹੈ | ਅੱਜ ਪੂਰੀ ਦੁਨੀਆ ਵਿੱਚ ਦੇਸ਼ ਦਾ ਮਾਣ, ਸਨਮਾਨ ਅਤੇ ਰੁਤਬਾ ਵਧਿਆ ਹੈ। ਭਾਜਪਾ ਕਾਰਜਕਾਰਨੀ ਦਾ ਇਹ ਵੀ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਦੇਸ਼ ਨੂੰ ਵਿਕਾਸ ਦੀ ਲੀਹ ’ਤੇ ਤੋਰਿਆ ਹੈ, ਉੱਥੇ ਹੀ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਵੀ ਆਪਣਾ ਫਰਜ ਪੂਰੀ ਤਨਦੇਹੀ ਨਾਲ ਨਿਭਾਇਆ ਹੈ | ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਨਿਰਮਾਣ, 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣਾ, ਸ੍ਰੀ ਹਰਮਿੰਦਰ ਸਾਹਿਬ ਨੂੰ FCRA ਦੇਣਾ, ਅਫ਼ਗ਼ਾਨਿਸਤਾਨ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਪੂਰੀ ਸ਼ਰਧਾ ਅਤੇ ਸਨਮਾਨ ਨਾਲ ਹਿੰਦੁਸਤਾਨ ਲੈ ਕੇ ਆਉਣਾ, ਸਿੱਖਾਂ ਦੀ ਕਾਲੀ ਸੂਚੀ ਨੂੰ ਹਟਾਉਣ ਵਰਗੇ ਕਈ ਉਪਰਾਲੇ ਪ੍ਰਧਾਨ ਮੰਤਰੀ ਜੀ ਦੀ ਪੰਜਾਬ ਪੱਖੀ ਸੋਚ ਨੂੰ ਦਰਸਾਉਂਦੇ ਹਨ | ਕੇਂਦਰ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੁਰਬ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਵਾਂ ਪ੍ਰਕਾਸ਼ ਪੁਰਬ, ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400 ਵਾਂ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਨਾਲ ਦੇਸ਼ ਭਰ ਵਿੱਚ ਮਨਾਉਣਾ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਘੋਸ਼ਿਤ ਕਰਨਾ ਸ਼੍ਰੀ ਨਰਿੰਦਰ ਮੋਦੀ ਦੀ ਸਿੱਖ ਧਰਮ ਪ੍ਰਤੀ ਸ਼ਰਧਾ ਨੂੰ ਪ੍ਰਗਟ ਕਰਦਾ ਹੈ | ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ, IIM ਖੋਲ੍ਹਣਾ, PGI ਦੇ ਸੈਟੇਲਾਈਟ ਸੈਂਟਰ ਬਣਾਉਣਾ, ਬਠਿੰਡਾ ਵਿੱਚ AIMS ਖੋਲ੍ਹਣਾ, ਹੈਰੀਟੇਜ ਸਰਕਟ ਦਾ ਨਿਰਮਾਣ ਵਰਗੇ ਅਨੇਕਾਂ ਐਸੇ ਉਪਰਾਲੇ ਹਨ ਜੋ ਪੰਜਾਬ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਭਾਜਪਾ ਦੀ ਕਾਰਜਕਾਰਨੀ ਬੈਠਕ ਨੇ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਕੀਤੇ ਗਏ ਕੰਮਾਂ ਲਈ ਸ੍ਰੀ ਨਰਿੰਦਰ ਮੋਦੀ ਦੀ ਭਰਪੂਰ ਸ਼ਲਾਘਾ ਕੀਤੀ । ਅਤੇ ਕਾਰਜਕਰਤਾਵਾਂ ਨੂੰ ਇਹਨਾਂ ਪ੍ਰਾਪਤੀਆਂ ਨੂੰ ਪੰਜਾਬ ਦੇ ਹਰ ਘਰ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ|

ਬੈਠਕ ਦੌਰਾਨ ਪੰਜਾਬ ਭਾਜਪਾ ਨੇ ਸਪਸ਼ਟ ਕਿਹਾ ਕਿ ਪੰਜਾਬ ਦੀ ਜਨਤਾ ਨੇ ਇੱਕ ਸਾਰਥਿਕ ਬਦਲਾਅ ਦੀ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਜਿਤਾਇਆ, ਪਰੰਤੂ ਜਿਸ ਤਰ੍ਹਾਂ ਨਾਲ ਇਸ ਦੀ ਮਾਨ ਸਰਕਾਰ ਹਰ ਫ਼ਰੰਟ ‘ਤੇ ਫੇਲ ਸਾਬਿਤ ਹੋਈ ਹੈ, ਪੰਜਾਬ ਦੀ ਜਨਤਾ ਆਪਣੇ ਆਪ ਨੂੰ ਠਗਿਆ ਹੋਇਆ ਮਹਿਸੂਸ ਕਰ ਰਹੀ ਹੈ। ਸੂਬਾ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਮੋਦੀ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਲਈ ਭੇਜੇ ਰਾਸ਼ਨ ਦੇ ਵਿੱਚ ਘਪਲਾ ਕਰਨਾ, ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਯੋਜਨਾ ਨੂੰ ਠੀਕ ਤਰ੍ਹਾਂ ਨਾਲ ਨਾ ਚਲਾਉਣਾ, ਪ੍ਰਧਾਨ ਮੰਤਰੀ ਕਿਸਾਨ ਫ਼ਸਲ ਬੀਮਾ ਯੋਜਨਾ ਨੂੰ ਪੰਜਾਬ ਵਿੱਚ ਲਾਗੂ ਨਾ ਕਰਨਾ, ਕਿਸਾਨਾਂ ਨੂੰ ਉਚਿੱਤ ਮੁਆਵਜ਼ਾ ਨਾ ਦੇਣਾ, ਐੱਸ.ਸੀ. ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਬੰਦ ਕਰਨਾ, ਇੰਡਸਟਰੀ ਨੂੰ ਮਿਲਣ ਵਾਲੀ ਬਿਜਲੀ ਦੀਆਂ ਕੀਮਤਾਂ ਵਿੱਚ ਵੀ ਵਾਧਾ, ਕੇਂਦਰ ਸਰਕਾਰ ਦੇ ਪ੍ਰੋਜੈਕਟਾਂ ਨੂੰ ਜ਼ਮੀਨਾਂ ਨਾ ਮੁਹੱਈਆ ਕਰਵਾ ਕੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਨੇ ਗ਼ਰੀਬ ਵਿਰੋਧੀ ਵਪਾਰ ਵਿਰੋਧੀ, ਐਸ.ਸੀ. ਵਿਰੋਧੀ ਅਤੇ ਕਿਸਾਨ ਵਿਰੋਧੀ ਚਿਹਰੇ ਨੂੰ ਉਜਾਗਰ ਕੀਤਾ ਗਿਆ।

ਬੈਠਕ ਵਿਚ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੀ ਚਰਚਾ ਕਰਦਿਆਂ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਵੱਲੋਂ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਉਣ, ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ, ਵੋਟਰਾਂ ਨੂੰ ਡਰਾਉਣ-ਧਮਕਾਉਣ ਅਤੇ ਲਾਲਚ ਦੇਣ ਵਰਗੇ ਕੋਝੇ ਹੱਥਕੰਡੇ ਅਪਣਾਉਣ ਨੂੰ ਲੋਕਤੰਤਰ ਲਈ ਘਾਤਕ ਕਰਾਰ ਦਿੱਤਾ। ਭਾਵੇਂ ਭਾਜਪਾ ਇਸ ਜ਼ਿਮਨੀ ਚੋਣ ਵਿੱਚ ਜਿੱਤ ਹਾਸਿਲ ਨਹੀਂ ਕਰ ਸਕੀ ਪਰ ਭਾਜਪਾ ਦਾ ਵੋਟ ਪ੍ਰਤੀਸ਼ਤ ਇਕ ਸਾਲ ਪਹਿਲਾਂ ਹੋਇਆਂ ਵਿਧਾਨਸਭਾ ਚੌਣਾ ਦੇ ਮੁਕਾਬਲੇ 4 ਪ੍ਰਤੀਸ਼ਤ ਵਧਣਾ ਇਕ ਚੰਗਾ ਸੰਕੇਤ ਮੰਨਿਆ ਗਿਆ । ਜਲੰਧਰ ਉੱਤਰੀ ਅਤੇ ਜਲੰਧਰ ਕੇਂਦਰੀ ਵਿਚ ਭਾਜਪਾ ਉਮੀਦਵਾਰ ਨੂੰ ਲੀਡ ਮਿਲਣਾ ਨੂੰ ਵੀ ਉਤਸ਼ਾਹਜਨਕ ਕਰਾਰ ਦਿੱਤਾ।
ਬੈਠਕ ਨੇ ਪੰਜਾਬ ਸਰਕਾਰ ਵੱਲੋਂ ‌ਜ਼ਿਮਨੀ ਚੋਣ ਜਿੱਤਣ ਉਪਰੰਤ ਬਿਜਲੀ ਦੇ ਰੇਟ ਵਧਾਉਣ ਨੂੰ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਾਰ ਦਿੱਤਾ। ਇਸ ਵਾਧੇ ਦੀ ਸਖ਼ਤ ਨਿਖੇਧੀ ਕਰਦਿਆਂ ਸਰਕਾਰ ਕੋਲੋਂ ਇਸ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਰੱਖੀ।
ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਵਿਕਾਸ ਦੇ ਸਾਰੇ ਕੰਮ ਠੱਪ ਪਏ ਹੋਣ ’ਤੇ ਸਰਕਾਰ ਦੀ ਆਲੋਚਨਾ ਕੀਤੀ। ਭ੍ਰਿਸ਼ਟਾਚਾਰ ਦਾ ਬੋਲ ਬਾਲਾ ਅਤੇ ਅਫ਼ਸਰ ਸ਼ਾਹੀ ਦੀ ਮਨ ਮਰਜ਼ੀ ਨੂੰ ਨਿਸ਼ਾਨੇ ’ਤੇ ਲਿਆ। ਕਾਰਜਕਾਰਨੀ ਨੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੇ ਕੋਹੜ ਤੋਂ ਮੁਕਤੀ ਦਿਵਾਉਣ ਲਈ ਰਾਜਨੀਤਿਕ ਅਤੇ ਸਮਾਜਿਕ ਜਾਗ੍ਰਿਤੀ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਪੰਜਾਬ ਭਾਜਪਾ ਚੰਡੀਗੜ੍ਹ ਉੱਤੇ ਪੰਜਾਬ ਦੇ ਹੱਕ ਨੂੰ ਪਹਿਲਾਂ ਹੀ ਤਸਲੀਮ ਕਰ ਚੁੱਕੀ ਹੈ ਅਤੇ ਪੰਜਾਬ ਕੋਲ ਕਿਸੇ ਹੋਰ ਰਾਜ ਨੂੰ ਦੇਣ ਲਈ ਪਾਣੀ ਦੀ ਇੱਕ ਵੀ ਬੂੰਦ ਤੱਕ ਨਾ ਹੋਣ ਬਾਰੇ ਸਪਸ਼ਟ ਸਟੈਂਡ ਲਿਆ ਹੈ।
ਭਾਜਪਾ ਕਿਸਾਨਾਂ ਦੇ ਹੱਕ ’ਚ ਆਉਂਦਿਆਂ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਕਿਸਾਨ ਜਥੇਬੰਦੀਆਂ ਦੇ ਧਰਨੇ ’ਤੇ ਤੰਜ ਨੂੰ ਅਪਮਾਨਜਨਕ ਕਿਹਾ ਅਤੇ ਪੰਜਾਬ ਪੁਲਿਸ ਵੱਲੋਂ ਪਿਛਲੇ ਦਿਨੀਂ ਕਿਸਾਨਾਂ ’ਤੇ ਤਸ਼ੱਦਦ ਦੌਰਾਨ ਮਹਿਲਾ ਕਿਸਾਨ ਨਾਲ ਕੀਤੀ ਬਦਸਲੂਕੀ ਦੀ ਸਖ਼ਤ ਨਿੰਦਾ ਕੀਤੀ। ਭਾਜਪਾ ਸਿੱਖਾਂ ਦੇ ਧਾਰਮਿਕ ਮੁੱਦਿਆਂ ਨੂੰ ਲੈ ਕੇ ਚਿੰਤਤ ਹੈ। ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਹੋਏ ਤਿੰਨ ਵਿਸਫੋਟ ਨੂੰ ਬਹੁਤ ਹੀ ਮੰਦਭਾਗੀ ਅਤੇ ਚਿੰਤਾਜਨਕ ਦੱਸਿਆ | ਭਾਵੇਂ ਪੰਜਾਬ ਪੁਲਿਸ ਵੱਲੋਂ ਇਸ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਇਸ ਪਿੱਛੇ ਦੀ ਗਹਿਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦੀ ਮੰਗ ਕੀਤੀ। ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰੇ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਅਤੇ ਕਾਨੂੰਨ ਵਿਵਸਥਾ ਦੀ ਹਾਲਾਤ ਲਗਾਤਾਰ ਵਿਗੜ ਦੇ ਬਾਵਜੂਦ ਮੁੱਖ ਮੰਤਰੀ ਜੋ ਕਿ ਗ੍ਰਹਿ ਮੰਤਰੀ ਵੀ ਹਨ ਵੱਲੋਂ ਧਾਰੀ ਹੋਈ ਖ਼ਾਮੋਸ਼ੀ ’ਤੇ ਸਵਾਲ ਉਠਾਏ ਗਏ। ਬੇਅਦਬੀ ਦੀਆਂ ਘਟਨਾਵਾਂ ’ਤੇ ਭਾਜਪਾ ਗਹਿਰੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ।
ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਲਗਾਤਾਰ ਵਿਗੜਦੀ ਹਾਲਾਤ ’ਤੇ ਚਿੰਤਾ ਜਤਾਈ ਗਈ। ਪ੍ਰਸਿੱਧ ਸ਼ਖ਼ਸੀਅਤਾਂ ਸਮੇਤ ਅਨੇਕਾਂ ਪੰਜਾਬੀਆਂ ਦਾ ਗੈਂਗਸਟਰਾਂ ਅਤੇ ਲੁਟੇਰਿਆਂ ਹੱਥੋਂ ਮਾਰੇ ਜਾਣ ਅਤੇ ਵੱਡੀ ਗਿਣਤੀ ਵਪਾਰੀਆਂ ਤੋਂ ਫਿਰੌਤੀ ਦੀ ਮੰਗ ’ਤੇ ਵੀ ਰਾਜ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਨ ’ਚ ਨਾਕਾਮ ਹੋਣ ਪ੍ਰਤੀ ਰੋਸ ਦਿਖਾਈ ਦਿੱਤੀ। ਦੇਸ਼ ਵਿਰੋਧੀ ਤਾਕਤਾਂ ਅਤੇ ਗੈਂਗਸਟਰਾਂ ਦੇ ਨਾਪਾਕ ਗੱਠਜੋੜ, ਮੋਹਾਲੀ ਅਤੇ ਤਰਨਤਾਰਨ ਵਿੱਚ ਪੁਲਿਸ ਇਮਾਰਤ ਉੱਤੇ ਪੈਂਦੇ ਆਰਪੀਜੀ ਹਮਲਿਆਂ, ਸਰਹੱਦ ਪਾਰ ਤੋਂ ਹਥਿਆਰ ਅਤੇ ਡਰੱਗ ਤਸਕਰੀ ਦੀਆਂ ਵਧਦੀਆਂ ਘਟਨਾਵਾਂ, ਪੰਜਾਬ ’ਚ ਲਿਖੇ ਜਾ ਰਹੇ ਵੱਖਵਾਦੀ ਨਾਅਰੇ ਅਤੇ ਭਾਸ਼ਣਾਂ ਨੂੰ ਭਾਜਪਾ ਦੀ ਕਾਰਜਕਾਰਨੀ ਨੇ ਗੰਭੀਰਤਾ ਨਾਲ ਲਿਆ ਅਤੇ ਅਤਿਵਾਦ ਖ਼ਿਲਾਫ਼ ਜ਼ੀਰੋ ਟਾਲਰੈਸ ’ਤੇ ਚਲਦਿਆਂ ਦੇਸ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਕਰਨ ਦੀ ਵਚਨਬੱਧਤਾ ਦੁਹਰਾਈ ਗਈ । ਸੂਬਾ ਸਰਕਾਰ ਨੂੰ ਵੀ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤੀ ਵਰਤਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਬੈਠਕ ਵਿਚ ਪੰਜਾਬ ਦੀ ਨਾਜ਼ੁਕ ਅਤੇ ਚਿੰਤਾਜਨਕ ਦੌਰ, ਅਮਨ ਕਾਨੂੰਨ ਦੀ ਸਥਿਤੀ, ਅਤਿਵਾਦ, ਗੈਂਗਵਾਦ, ਲੁੱਟਾਂ ਖੋਹਾਂ, ਨਿਸੰਗ ਹੱਤਿਆਵਾਂ, ਨਸ਼ਿਆਂ ਦੀ ਮਾਰ, ਮਾਫ਼ੀਆ ਰਾਜ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨੌਜਵਾਨੀ ਦਾ ਵਿਦੇਸ਼ਾਂ ਨੂੰ ਪਲਾਇਨ ਕਰਨਾ, ਉਦਯੋਗਿਕ ਪਲਾਇਨ, ਵਾਤਾਵਰਣ ਤਬਦੀਲੀ ਅਤੇ ਕੁਸ਼ਾਸਨ ’ਤੇ ਮੰਥਨ ਕੀਤਾ ਗਿਆ।
ਪੰਜਾਬ ਦੀ ਆਰਥਿਕ ਹਾਲਤ ਲਗਾਤਾਰ ਨਿਘਾਰ ਵੱਲ ਜਾ ਰਹੇ ਹੋਣ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਪੰਜਾਬ ਵਿੱਚ ਨਸ਼ਿਆਂ ਨੂੰ ਖ਼ਤਮ ਕਰਨ ’ਚ ਨਾਕਾਮ ਰਹਿਣ ਲਈ ਮਾਨ ਸਰਕਾਰ ਨੂੰ ਕੋਸਿਆ ਗਿਆ। ਮੁਹੱਲਾ ਕਲੀਨਿਕ ਖੋਲ੍ਹਣ ਦੀ ਡਰਾਮੇਬਾਜ਼ੀ ਅਤੇ ਲੋਕ ਭਲਾਈ ਦੀਆਂ ਸਕੀਮਾਂ ਠੱਪ ਕਰ ਦੇਣ ਨੂੰ ਲੋਕਾਂ ਨਾਲ ਧੋਖਾ ਕਰਾਰ ਦਿੱਤਾ ।
ਬੈਠਕ ਨੇ ਪੰਜਾਬ ਦੀ ਜਨਤਾ ਨੂੰ ਭਾਜਪਾ ਨਾਲ ਜੋੜਨ ਅਤੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਹਰ ਨਿੱਕੀ ਤੋਂ ਨਿੱਕੀ ਚੋਣ ’ਚ ਵੀ ਹਿੱਸਾ ਲੈਣ, ਬੂਥ ਪੱਧਰ ਤਕ ਪਹੁੰਚ ਕਰਨ, ਮੀਡੀਆ ਅਤੇ ਸੋਸ਼ਲ ਮੀਡੀਆ ਵਿੰਗਾਂ ਨੂੰ ਮਜ਼ਬੂਤ ਕਰਨ, ਦਲਿਤ ਭਾਈਚਾਰਾ ਅਤੇ ਪ੍ਰਵਾਸੀਆਂ ਨੂੰ ਵੀ ਪਾਰਟੀ ਨਾਲ ਜੋੜਨ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਵੀ ਸਰਹੱਦੀ ਖੇਤਰ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਨੂੰ ਜ਼ਰੂਰੀ ਸਮਝਿਆ ਗਿਆ। ਵੰਸ਼ਵਾਦੀ ਰਾਜਨੀਤੀ ਦੀ ਥਾਂ ਅਟੁੱਟ ਰਾਸ਼ਟਰਵਾਦ, ਲੋਕਤੰਤਰ ’ਚ ਅਟੁੱਟ ਵਿਸ਼ਵਾਸ ਅਤੇ ਸਤਾ ਲਈ ਨਾ ਹੋ ਕੇ ਵਿਚਾਰਾਂ ਦੀ ਸਾਂਝ ਪਾਉਣ ਲਈ ਕੰਮ ਕਰਨ ਦੀ ਪ੍ਰੇਰਣਾ ਨਾਲ ਪੰਜਾਬ ਭਾਜਪਾ ਨੇ ਪੰਜਾਬ ਦੀ ਜਨਤਾ ਨੂੰ ਨਾਲ ਚੱਲਣ ਅਤੇ ਸਾਥ ਦੇਣ ਦਾ ਸਦਾ ਦਿੱਤਾ ਹੈ। ਹਰ ਲਿਹਾਜ਼ ਨਾਲ ਕਾਰਜਕਾਰਨੀ ਦੀ 7 ਘੰਟੇ ਚਲੀ ਬੈਠਕ ਪੰਜਾਬ ਦੇ ਸਰੋਕਾਰਾਂ ਨੂੰ ਲੈ ਕੇ ਪੰਜਾਬ ਭਾਜਪਾ ਦੀ ਸਪਸ਼ਟਤਾ ਨਾਲ ਸੰਪੰਨ ਹੋਈ।

LEAVE A REPLY

Please enter your comment!
Please enter your name here