ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਵਿਸ਼ਾਲ ਰੈਲੀ ਤੇ ਰੋਸ ਮੁਜ਼ਾਹਰਾ

0
38
ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਵਿਸ਼ਾਲ ਰੈਲੀ ਤੇ ਰੋਸ ਮੁਜ਼ਾਹਰਾ ਬਰਨਾਲਾ ਸ਼ਹਿਰ ਦੀਆਂ ਸੜਕਾਂ ਉੱਤੇ ਗੂੰਜੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਹਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਟਿੰਗਾਂ ਦਾ ਸਮਾਂ ਦੇ ਕੇ ਮੁੱਕਰਨ ਦਾ ਰਿਕਾਰਡ ਬਣਾਇਆ: ਸਾਂਝਾ ਫਰੰਟ ਸਮੁੱਚੀਆਂ ਮੰਗਾਂ ਦੇ ਹੱਲ ਹੋਣ ਤੱਕ …

ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਵਿਸ਼ਾਲ ਰੈਲੀ ਤੇ ਰੋਸ ਮੁਜ਼ਾਹਰਾ
ਬਰਨਾਲਾ ਸ਼ਹਿਰ ਦੀਆਂ ਸੜਕਾਂ ਉੱਤੇ ਗੂੰਜੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਹਰੇ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਟਿੰਗਾਂ ਦਾ ਸਮਾਂ ਦੇ ਕੇ ਮੁੱਕਰਨ ਦਾ ਰਿਕਾਰਡ ਬਣਾਇਆ: ਸਾਂਝਾ ਫਰੰਟ
ਸਮੁੱਚੀਆਂ ਮੰਗਾਂ ਦੇ ਹੱਲ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਦਲਜੀਤ ਕੌਰ
ਬਰਨਾਲਾ, 19 ਅਗਸਤ, 2024: ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ-ਭੱਤਾ ਵਰਕਰਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਮੀਟਿੰਗਾਂ ਦਾ ਸਮਾਂ ਦੇ ਕੇ ਮੁੱਕਰਨ ਦੇ ਰੋਸ ਵਜੋਂ ‘ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ’ ਵੱਲੋਂ ਅੱਜ ਸਥਾਨਕ ਦਾਣਾ ਮੰਡੀ ਵਿੱਚ ਵਿਸ਼ਾਲ ਰੈਲੀ ਕਰਨ ਉਪਰੰਤ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਮਾਲਵੇ ਦੇ ਵੱਖ-ਵੱਖ ਜ਼ਿਲਿਆਂ ਵਿੱਚੋਂ ਪੁੱਜੇ ਹਜਾਰਾਂ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ-ਭੱਤਾ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਕਨਵੀਨਰਾਂ ਭਜਨ ਸਿੰਘ ਗਿੱਲ, ਰਣਜੀਤ ਸਿੰਘ ਰਾਣਵਾਂ, ਡਾ. ਐੱਨ. ਕੇ. ਕਲਸੀ, ਗਗਨਦੀਪ ਭੁੱਲਰ ਬਠਿੰਡਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਦੀਪ ਟੋਡਰਪੁਰ, ਸੁਖਵਿੰਦਰ ਸਿੰਘ ਚਾਹਲ, ਬਲਦੇਵ ਸਿੰਘ ਮੰਢਾਲੀ, ਅਵਿਨਾਸ਼ ਚੰਦਰ ਸ਼ਰਮਾ, ਮਾਸਟਰ ਬਖਸ਼ੀਸ਼ ਸਿੰਘ ਬਰਨਾਲਾ, ਅਮਰੀਕ ਸਿੰਘ ਮਸੀਤਾਂ, ਕਸ਼ਮੀਰ ਸਿੰਘ ਥਿੰਦ, ਅਵਤਾਰ ਸਿੰਘ ਗਗੜਾ,  ਦਰਸ਼ਨ ਅਲੀਸ਼ੇਰ, ਪਰਮਿੰਦਰ ਸਿੰਘ ਬਰਨਾਲਾ, ਸਤਨਾਮ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਮਾਣ-ਭੱਤਾ ਵਰਕਰਾਂ ਉੱਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਛੇਵੇਂ ਤਨਖਾਹ ਕਮਿਸ਼ਨ ਤਹਿਤ ਪੈਨਸ਼ਨਰਾਂ ਉੱਤੇ 2.59 ਦਾ ਗੁਣਾਂਕ ਲਾਗੂ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ‘ਤੇ ਪੰਜਾਬ ਦੇ ਸਕੇਲ ਲਾਗੂ ਕਰਨ, ਪਰਖ ਕਾਲ ਦੌਰਾਨ ਮੁੱਢਲੀ ਤਨਖਾਹ ਦੇਣ ਸੰਬੰਧੀ 15-01-2015 ਅਤੇ 05-09-2016 ਦੇ ਪੱਤਰਾਂ ਨੂੰ ਰੱਦ ਕਰਨ, ਬੰਦ ਕੀਤੇ ਗਏ ਪੇਂਡੂ ਤੇ ਬਾਰਡਰ ਏਰੀਆ ਸਮੇਤ ਸਮੁੱਚੇ ਭੱਤੇ ‘ਤੇ ਏ.ਸੀ.ਪੀ. ਬਹਾਲ ਕਰਨ, ਰੋਕੇ ਗਏ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੇ ਬਕਾਏ ਜਾਰੀ ਕਰਨ ਅਤੇ ਥੋਪੇ ਗਏ ਜ਼ਜੀਆ ਰੂਪੀ ਡਿਵੈਲਪਮੈਂਟ ਟੈਕਸ ਨੂੰ ਬੰਦ ਕਰਨ ਤੋਂ ਲਗਾਤਾਰ ਟਾਲ-ਮਟੋਲ ਕਰ ਰਹੀ ਹੈ। ਆਗੂਆਂ ਨੇ ਆਖਿਆ ਕਿ ਇਹ ਸਾਰੀਆਂ ਉਹ ਮੰਗਾਂ ਹਨ ਜਿਹਨਾਂ ਸੰਬੰਧੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਗਰੰਟੀਆ ਤੇ ਵਾਅਦੇ ਕੀਤੇ ਗਏ ਸਨ।
ਸਾਂਝੇ ਫਰੰਟ ਦੇ ਆਗੂਆਂ ਵਿਕਰਮ ਦੇਵ ਸਿੰਘ, ਦਰਸ਼ਨ ਸਿੰਘ ਲੁਬਾਣਾ, ਅਵਤਾਰ ਸਿੰਘ ਗਗੜਾ, ਸੁਰਿੰਦਰ ਰਾਮ ਕੁੱਸਾ, ਗੁਲਜ਼ਾਰ ਖਾਨ, ਅਸ਼ੋਕ ਸ਼ਾਰਵਾਨ, ਚਮਕੌਰ ਸਿੰਘ, ਧਨਵੰਤ ਸਿੰਘ ਭੱਠਲ, ਦਰਸ਼ਨ ਸਿੰਘ ਬੇਲੂਮਾਜਰਾ, ਜਗਦੀਸ਼ ਚੰਦਰ ਸ਼ਰਮਾ, ਦਵਿੰਦਰ ਸਿੰਘ ਪਿਸ਼ੋਰ, ਪ੍ਰੇਮ ਚਾਵਲਾ, ਨਾਹਰ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਦੁਆਰਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਕੁੱਝ ਫੈਸਲੇ ਕਰਕੇ ਕਰੋੜਾਂ ਰੁਪਏ ਇਸ਼ਤਿਹਾਰਬਾਜੀ ਵਿੱਚ ਬਰਬਾਦ ਕਰਕੇ ਪੰਜਾਬ ਅਤੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਬੁੱਧੂ ਬਣਾਉਣ ਦਾ ਕੰਮ ਕੀਤਾ ਹੈ ਜਦਕਿ ਹਕੀਕੀ ਰੂਪ ਵਿੱਚ ਨਾ ਕਿਸੇ ਮੁਲਾਜ਼ਮ ਨੂੰ ਪੱਕਾ ਕੀਤਾ ਗਿਆ ਹੈ ਅਤੇ ਨਾ ਹੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਹੈ।
ਸੁਬੇਗ ਸਿੰਘ ਫਿਰੋਜ਼ਪੁਰ, ਮਹਿਮਾ ਸਿੰਘ ਧਨੌਲਾ, ਨਿਰਮਲ ਸਿੰਘ ਪੱਖੋਂ, ਸਿਕੰਦਰ ਸਿੰਘ, ਦਰਸ਼ਨ ਕੁਮਾਰ ਚੀਮਾ, ਗੁਰਧਿਆਨ ਸਿੰਘ, ਜਰਨੈਲ ਸਿੰਘ ਸਿੱਧੂ, ਸਰਬਜੀਤ ਕੌਰ ਮਚਾਕੀ, ਰਾਣੋ ਖੇੜਗਿੱਲਾਂ, ਅਮਰਜੀਤ ਕੌਰ ਰਣਸਿੰਘਵਾਲਾ, ਕਰਤਾਰ ਸਿੰਘ ਪਾਲ, ਸੁਖਵਿੰਦਰ ਸਿੰਘ ਦੋਦਾ, ਇੰਦਰਜੀਤ ਖੀਵਾ, ਰਾਮ ਸਰੂਪ ਢੈਪਈ, ਰਾਜ ਕੁਮਾਰ ਅਰੋੜਾ, ਹਰਪਾਲ ਸਿੰਘ ਦਰਾਜ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੀਟਿੰਗ ਦਾ ਸਮਾਂ ਦੇ ਕੇ ਮੁੱਕਰਨ ਦਾ ਰਿਕਾਰਡ ਕਾਇਮ ਕਰ ਚੁੱਕੇ ਹਨ ਇਸ ਲਈ ਹੁਣ ਸਰਕਾਰ ਦੁਆਰਾ ਦਿੱਤੀਆਂ ਮੀਟਿੰਗਾਂ ਤੇ ਭਰੋਸਾ ਨਾ ਕਰਕੇ ਸੰਘਰਸ਼ ਜਾਰੀ ਰੱਖਿਆ ਜਾਵੇਗਾ ਜਿਸਦੀ ਅਗਲੀ ਕੜੀ ਤਹਿਤ 8 ਸਤੰਬਰ ਨੂੰ ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਵਿਖੇ ਰੈਲੀਆਂ ਕੀਤੀਆਂ ਜਾਣਗੀਆਂ।
ਇਸ ਮੌਕੇ ਰਾਜੀਵ ਬਰਨਾਲਾ, ਬੂਟਾ ਸਿੰਘ, ਸ਼ਿੰਦਰ ਧੌਲਾ ਫਾਜ਼ਿਲਕਾ, ਹਰਿੰਦਰ ਮੱਲੀਆਂ, ਦਰਸ਼ਨ ਲਾਲ, ਗੁਰਬਖਸ਼ ਸਿੰਘ, ਰਮੇਸ਼ ਕੁਮਾਰ ਹਮਦਰਦ, ਬਲਵਿੰਦਰ ਧਨੇਰ, ਬਿਕਰ ਸਿੰਘ ਮਾਨਸਾ, ਕੈਲਾਸ਼ ਕੁਮਾਰ, ਬਲਜੀਤ ਸਿੰਘ ਬਰਾੜ, ਰਛਪਾਲ ਸਿੰਘ ਪਾਲੀ, ਖੁਸ਼ਮਿੰਦਰਪਾਲ ਸਿੰਘ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here