NAYYAR CHOHLA SAHIB
ਪੰਜਾਬ ਵਾਸੀਆਂ ਦੀ ਕਲਪਨਾ ਦੇ ਮਿਆਰ ‘ਤੇ ਖਰੀ ਨਹੀਂ ਉਤਰੀ ‘ਆਪ’ ਸਰਕਾਰ- ਪ੍ਰਧਾਨ ਦੇਵਗਨ
ਕਿਹਾ;ਕੇਂਦਰ ਵਿੱਚ ਲਗਾਤਾਰ ਤੀਜੀ ਵਾਰ ਫਿਰ ਬਣੇਗੀ ਭਾਜਪਾ ਦੀ ਸਰਕਾਰ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,11 ਅਪ੍ਰੈਲ
ਸਾਲ 2022 ਚ ਵੱਡੇ ਫਤਵੇ ਨਾਲ ਹੋਂਦ ਵਿਚ ਆਈ ‘ਆਪ’ ਸਰਕਾਰ ਪੰਜਾਬ ਵਾਸੀਆਂ ਦੀ ਕਲਪਨਾ ਦੇ ਮਿਆਰ ‘ਤੇ ਖਰੀ ਨਹੀਂ ਉਤਰ ਸਕੀ। ਨਿਜਾਮ ਬਦਲਣ,ਸਿਹਤ ਤੇ ਸਿੱਖਿਆ ਦੇ ਖੇਤਰ ‘ਚ ਲਾਮਿਸਾਲ ਤਬਦੀਲੀ ਦੇ ਵਾਅਦੇ ਵੀ ਵਫਾ ਹੋਣ ਦੀ ਬਜਾਏ ਅਜੋਕੇ ਹਾਲਾਤ ਸਿੱਕਿਆਂ ਦੀ ਖਨਕਾਰ ਵੇਖ ਕੇ ਖੁਦ ਮੁਜਰਾ ਕਰਨ ਵਾਲੇ ਬਣੇ ਹੋਏ ਹਨ।ਰਾਜ ਅੰਦਰ ਛੋਟੇ ਤੋਂ ਛੋਟੇ ਕੰਮ ਲਈ ਵੀ ਅਸਮਾਨੀ ਚੜੇ ਰਿਸ਼ਵਤ ਦੇ ਰੇਟ ਸਿਆਸੀ ਬਦਲਾਅ ਦਾ ਘੋਗਾ ਚਿੱਤ ਕਰਦੇ ਦਿਖਾਈ ਦੇ ਰਹੇ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਯੁਵਾ ਮੋਰਚਾ ਦੇ ਪਧਾਨ ਲਵਦੀਪ ਦੇਵਗਨ ਨੇ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਪਾਰਟੀ ਪ੍ਰਚਾਰ ਤੋਂ ਬਾਅਦ ਇਹ ਵਿਚਾਰ ਸਾਂਝੇ ਕੀਤੇ।ਉਹਨਾਂ ਦੱਸਿਆ ਕਿ ਹਲਕਾ ਪੱਟੀ ਦੇ ਇਤਿਹਾਸਿਕ ਪਿੰਡ ਸਰਹਾਲੀ ਕਲਾਂ ਦੇ ਵਿਕਾਸ ਦੀ ਗੱਲ ਕਰੀਏ ਤਾਂ ਬੰਦ ਪਿਆ ਸੇਵਾ ਕੇਂਦਰ,ਸਟਾਫ ਵਿਹੁਣਾ ਹਸਪਤਾਲ,ਪਟਵਾਰਖਾਨੇ ਇਮਾਰਤ,ਗੰਦਗੀ ਨਾਲ ਭਰੇ ਛੱਪੜ,ਗਲੀਆਂ ਦਾ ਘੁੱਪ ਹਨੇਰਾ,ਬੱਸ ਸਟੈਂਡ ਦੀ ਘਾਟ ਅਤੇ ਖੇਡ ਸਟੇਡੀਅਮ ਦਾ ਮਾਮਲਾ ਠੰਡੇ ਬਸਤੇ ਹੋਣਾ ਸਰਕਾਰ ਵੱਲੋਂ ਬਣਾਏ ਵਿਕਾਸ ਦੇ ਨਕਸ਼ੇ ਦੀ ਪੋਲ ਖੋਲ੍ਹ ਰਿਹਾ ਹੈ।ਸਭ ਤੋਂ ਵੱਡੀ ਕਮੀ ਜਿਓਂ ਦੀ ਤਿਓਂ ਖੜੀ ਹੈ ਕਿ ਪਿੰਡ ਵਿਚੋਂ ਗੁਜਰਦੇ ਹਾਈਵੇ ਨੂੰ ਪਾਰ ਕਰਨ ਲਈ ਲੋਕਾਂ ਨੂੰ ਜਾਨ ਤਲੀ ‘ਤੇ ਰੱਖਣੀ ਪੈਂਦੀ ਹੈ।ਜਦੋਂ ਕਿ ਪਿਛਲੀ ਸਰਕਾਰ ਨੇ ਅੰਡਰਬਰਿਜ ਬਣਾਉਣ ਦੇ ਦਾਅਵਿਆਂ ਨਾਲ ਸਿਆਸੀ ਵਾਹ-ਵਾਹ ਤਾਂ ਖੱਟ ਲਈ ਪਰ ਜਮੀਨੀ ਪੱਧਰ ਤੋਂ ਕੰਮ ਸ਼ੁਰੂ ਕਰਵਾਉਣ ਨੂੰ ਤਵੱਜੋ ਨਹੀਂ ਦਿੱਤੀ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿਚ ਬਹੁਤਾਤ ਦਫਤਰਾਂ ‘ਚ ਦਲਾਲੀ ਕਲਚਰ ਭਾਰੂ ਹੈ।ਦੇਵਗਨ ਨੇ ਕਿਹਾ ਕਿ ਇਹਨਾਂ ਲੋਕ ਸਭਾ ਚੋਣਾਂ ਵਿਚ ਹੀ ਦੇਸ਼ ਵਾਸੀ ਆਮ ਆਦਮੀ ਪਾਰਟੀ ਨੂੰ ਸਬਕ ਸਿਖਾ ਦੇਣਗੇ ਅਤੇ ਬੀਤੇ ਦਹਾਕੇ ਦੌਰਾਨ ਲਾਮਿਸਾਲੀ ਕੰਮਾਂ ਨੂੰ ਵੇਖਦੇ ਹੋਏ ਲਗਾਤਾਰ ਤੀਸਰੀ ਵਾਰ ਫਿਰ ਵਾਗਡੋਰ ਕਮਲ ਦੇ ਹੱਥ ਸੌਂਪਣਗੇ।