ਅੰਮਿ੍ਤਸਰ,ਰਾਜਿੰਦਰ ਰਿਖੀ -ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੀ ਜਵਾਨੀ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਵਾਲੇ ਪਾਸੇ ਜੋੜਨ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਤਾਰੀਫ਼ ਕਰਦੇ ਕਿਹਾ ਕਿ ਇਹ ਖੇਡਾਂ ਜਵਾਨੀ ’ਚ ਨਵਾਂ ਜੋਸ਼ ਭਰਨਗੀਆਂ ਤੇ ਇਸ ਨਾਲ ਸੂਬੇ ’ਚ ਖੇਡ ਇਨਕਲਾਬ ਆਏਗਾ। ਅੱਜ ਬੰਡਾਲਾ ਅਤੇ ਤਰਸਿੱਕਾ ਵਿਖੇ ਖੇਡਾਂ ਦੀ ਸ਼ੁਰੂਆਤ ਮੌਕੇ ਸੰਬੋਧਨ ਕਰਦੇ ਹਰਭਜਨ ਸਿੰਘ ਈ ਟੀ ਓ ਨੇ ਕਿਹਾ ਕਿ ਕਰੀਬ ਦੋ ਮਹੀਨੇ ਚੱਲਣ ਵਾਲੇ ਇਸ ਖੇਡ ਮਹਾਂਕੁੰਭ ਵਿੱਚ ਸੂਬੇ ਦੇ 5 ਲੱਖ ਤੋਂ ਵੱਧ ਉੱਭਰਦੇ ਖਿਡਾਰੀ ਭਾਗ ਲੈ ਰਹੇ ਹਨ ਅਤੇ ਭਗਵੰਤ ਮਾਨ ਸਰਕਾਰ ਨੇ ਵੀ ਦਿਲ ਖੋਲ੍ਹ ਕੇ ਜੇਤੂਆਂ ਲਈ 6 ਕਰੋੜ ਰੁਪਏ ਦੇ ਇਨਾਮ ਰੱਖੇ ਹਨ। ਇਸ ਤੋਂ ਇਲਾਵਾ ਜੇਤੂ ਖਿਡਾਰੀ ਸੂਬੇ ਦੀ ਗ੍ਰੇਡੇਸ਼ਨ ਨੀਤੀ ਵਿੱਚ ਕਵਰ ਹੋਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਹੈ ਕਿ ਕਿਸੇ ਵੇਲੇ ਖੇਡਾਂ ਵਿੱਚ ਪਹਿਲੇ ਨੰਬਰ ’ਤੇ ਰਹੇ ਪੰਜਾਬ ਨੂੰ ਮੁੜ ਖੇਡਾਂ ਵਿੱਚ ਮੋਹਰੀ ਸੂਬਾ ਬਣਾਇਆ ਜਾਵੇੇ। ਇਸ ਨੀਤੀ ਉਤੇ ਚੱਲਦੇ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਖਿਡਾਰੀਆਂ ਦਾ ਬਣਦਾ ਮਾਣ-ਸਤਿਕਾਰ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਪਿਛਲੇ ਦਿਨੀਂ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਵਾਲੇ 23 ਖਿਡਾਰੀਆਂ ਨੂੰ 9.30 ਕਰੋੜ ਰੁਪਏ ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਖੇਡਾਂ ਵਿੱਚ ਸੂਬੇ ਦੀ ਪੁਰਾਤਨ ਸ਼ਾਨ ਬਹਾਲੀ ਲਈ ਵਚਨਬੱਧ ਹਨ ਅਤੇ ਖਿਡਾਰੀਆਂ ਲਈ ਵਿਸ਼ਵ ਪੱਧਰੀ ਖੇਡ ਢਾਂਚਾ ਮੁਹੱਈਆ ਕਰਵਾਉਣ ਦੀ ਹਰ ਕੋਸ਼ਿਸ਼ ਕਰ ਰਹੇ ਹਨ। ਇਸ ਮੌਕੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਖਿਡਾਰੀਆਂ ਲਈ ਰਿਫਰੈਸਮੈਂਟ ਦੇ ਵਧੀਆ ਪ੍ਰਬੰਧ ਵੀ ਕੀਤੇ ਗਏ।