ਖੰਨਾ, 16 ਜਨਵਰੀ () : ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸੱਤਾ ਸੰਭਾਲੀ ਹੈ, ਅਪਰਾਧੀਆਂ ਵੱਲੋਂ ਪੁਲਿਸ ਬਲਾਂ ‘ਤੇ ਜਾਨਲੇਵਾ ਹਮਲੇ, ਜਨਤਕ ਥਾਵਾਂ ‘ਤੇ ਲੋਕਾਂ ਨੂੰ ਮਾਰਨ ਦੀਆਂ ਘਟਨਾਵਾਂ ਵੱਧ ਗਈਆਂ ਹਨ। ਕਤਲ ਅਤੇ ਫਿਰੌਤੀ ਆਦਿ ਦੀਆਂ ਘਟਨਾਵਾਂ ਰੋਜ਼ਾਨਾ ਅਖ਼ਬਾਰਾਂ ਰਾਹੀਂ ਸਾਹਮਣੇ ਆਉਂਦੀਆਂ ਹਨ। ਅੱਜ ਸ਼ਹਿਰਾਂ ਨਾਲੋਂ ਪਿੰਡਾਂ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਦਤਰ ਹੋ ਗਈ ਹੈ। ਸ਼ਹਿਰਾਂ ਅਤੇ ਪਿੰਡਾਂ ਵਿੱਚ ਲੋਕ ਅਪਰਾਧੀਆਂ, ਲੁਟੇਰਿਆਂ ਅਤੇ ਖੋਹ ਕਰਨ ਵਾਲਿਆਂ ਤੋਂ ਡਰਦੇ ਹਨ। ਜਿਹੜੇ ਸੂਬੇ ਵਿੱਚ ਪੁਲਿਸ ਸੁਰੱਖਿਅਤ ਨਹੀਂ ਹੈ, ਉੱਥੇ ਲੋਕਾਂ ਦੀ ਕੀ ਹਾਲਤ ਹੋ ਸਕਦੀ ਹੈ ਇਹ ਸੋਚਕੇ ਵੀ ਡਰ ਪੈਦਾ ਹੁੰਦਾ ਹੈ। ਭਾਜਪਾ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਬਦਲਾਅ ਦੇ ਨਾਮ ‘ਤੇ ਲੋਕਾਂ ਨੇ ਆਮ ਆਦਮੀ ਪਾਰਟੀ ‘ਤੇ ਭਰੋਸਾ ਕੀਤਾ ਸੀ ਅਤੇ ਉਸਨੂੰ ਪੂਰਨ ਬਹੁਮਤ ਦਿੱਤਾ ਸੀ, ਪਰ ‘ਆਪ’ ਦੀ ਸਰਕਾਰ ਨੇ ਉਨ੍ਹਾਂ ਦਾ ਭਰੋਸਾ ਤੋੜ ਦਿੱਤਾ। ਲੋਕਾਂ ਨੂੰ ਅਜਿਹੇ ਬਦਲਾਅ ਦੀ ਉਮੀਦ ਨਹੀਂ ਸੀ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਸੁਧਾਰਨ ਵਿੱਚ ਅਸਫਲ ਰਹੇ ਹਨ। ਗਰਚਾ ਨੇ ਕਿਹਾ ਕਿ ਲੋਕਾਂ ਨੂੰ ਜਨਤਕ ਤੌਰ ‘ਤੇ ਗੋਲੀਆਂ ਮਾਰੀਆਂ ਜਾ ਰਹੀਆਂ ਹਨ, ਅਪਰਾਧੀਆਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਉਨ੍ਹਾਂ ਨੇ ਗ੍ਰਨੇਡਾਂ ਨਾਲ ਹਮਲੇ ਕਰਨਾ ਸ਼ੁਰੂ ਕਰ ਦਿੱਤਾ ਹੈ, ਅੰਮ੍ਰਿਤਸਰ ਦੇ ਪਿੰਡ ਜੈਤੀਂਪੁਰ ਵਿੱਚ ਸ਼ਰਾਬ ਕਾਰੋਬਾਰੀ ਅਮਨਦੀਪ ਕੁਮਾਰ ਜੈਤੀਂਪੁਰ ਦੇ ਘਰ ਦੇਰ ਰਾਤ ਧਮਾਕੇ ਦੀ ਘਟਨਾ ਸਾਮ੍ਹਣੇ ਆਈ ਹੈ। ਅੱਜ ਜਲੰਧਰ ਵਿੱਚ ਦਿਨ-ਦਿਹਾੜੇ ਲੁੱਟ-ਖੋਹ ਨੂੰ ਅੰਜਾਮ ਦੇਣ ਲਈ ਸਰੇਆਮ ਗੋਲੀਆਂ ਚਲਾਈਆਂ ਗਈਆਂ। ਹਰ ਦਿਨ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਲੋਕ ਡਰਨ ਲੱਗੇ ਹਨ ਅਤੇ ਆਪਣੇ ਆਪ ਨੂੰ ਅਸੁਰੱਖਿਅਤ ਸਮਝਣ ਲੱਗ ਪਏ ਹਨ।
Boota Singh Basi
President & Chief Editor