ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ
ਪੰਜਾਬ ਸਰਕਾਰ ਦੇ ਲੋਕ ਪੱਖੀ ਬਜਟ ਨੇ ਸਾਰੇ ਵਰਗਾਂ ਨੂੰ ਖੁਸ਼ ਕੀਤਾ – ਧਾਲੀਵਾਲ
ਧਾਲੀਵਾਲ ਨੇ ਲੋਕ ਦਰਬਾਰ ਲਗਾ ਕੇ ਮੌਕੇ ਉੱਤੇ ਕੀਤੇ ਲੋਕਾਂ ਦੇ ਮਸਲੇ ਹੱਲ
ਅਜਨਾਲਾ, 29 ਮਾਰਚ —
ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਵੱਲੋਂ ਐਲਾਨੇ ਗਏ ਬਜਟ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਰਕਾਰ ਦੇ ਲੋਕ ਪੱਖੀ ਬਜਟ ਨੇ ਸਾਰਿਆਂ ਵਰਗਾਂ ਦਾ ਖਿਆਲ ਰੱਖਿਆ ਹੈ। ਉਹਨਾਂ ਕਿਹਾ ਕਿ ਸਾਡੀ ਸਰਕਾਰ ਨੇ ਕਿਸੇ ਵੀ ਵਰਗ ਉੱਤੇ ਟੈਕਸ ਨਹੀਂ ਲਾਇਆ ਬਲਕਿ ਹਰੇਕ ਖੇਤਰ ਲਈ ਪੈਸੇ ਦਾ ਪ੍ਰਬੰਧ ਕੀਤਾ ਹੈ। ਉਹਨਾਂ ਵਿਧਾਨ ਸਭਾ ਸੈਸ਼ਨ ਵਿੱਚ ਸਮਾਜ ਸੇਵੀ ਬਾਬਾ ਸੀਚੇਵਾਲ ਉੱਤੇ ਵਿਰੋਧੀ ਧਿਰ ਵੱਲੋਂ ਕੀਤੇ ਕਿੰਤੂ ਪ੍ਰੰਤੂ ਨੂੰ ਬੁਖਲਾਹਟ ਦੀ ਨਿਸ਼ਾਨੀ ਦੱਸਿਆ ਅਤੇ ਕਿਹਾ ਕਿ ਉਹਨਾਂ ਵੱਲੋਂ ਵਾਤਾਵਰਨ ਅਤੇ ਪਾਣੀ ਦੀ ਸੰਭਾਲ ਲਈ ਕੀਤੇ ਗਏ ਉਪਰਾਲਿਆਂ ਨੂੰ ਸਾਰਾ ਜੱਗ ਜਾਣਦਾ ਹੈ।
ਅੱਜ ਅਜਨਾਲਾ ਵਿਖੇ ਲੋਕ ਦਰਬਾਰ ਲਗਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ਉੱਤੇ ਹੀ ਬਹੁਤੇ ਮਸਲੇ ਹੱਲ ਕੀਤੇ। ਉਹਨਾਂ ਨੇ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਸਾਡੀ ਇਹ ਨਿੱਜੀ ਜਿੰਮੇਵਾਰੀ ਹੈ ਕਿ ਅਸੀਂ ਆਪਣੇ ਆਪਣੇ ਵਿਭਾਗਾਂ ਅਤੇ ਹਲਕਿਆਂ ਦੇ ਕੰਮ ਕਰਵਾਈਏ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਉਹਨਾਂ ਦੱਸਿਆ ਕਿ ਅੱਜ ਵੀ ਲੋਕਾਂ ਦੇ ਇਸ ਦਰਬਾਰ ਵਿੱਚ ਵੱਖ ਵੱਖ ਵਿਭਾਗਾਂ ਦੇ ਮਸਲੇ ਆਏ ਸਨ, ਜਿਨਾਂ ਨੂੰ ਮੌਕੇ ਉੱਤੇ ਹਾਜ਼ਰ ਅਧਿਕਾਰੀਆਂ ਨੇ ਹੱਲ ਕੀਤਾ।
ਉਹਨਾਂ ਨੇ ਕਿਹਾ ਕਿ ਇਹ ਲੋਕ ਦਰਬਾਰ ਇਸੇ ਤਰ੍ਹਾਂ ਨਿਰੰਤਰ ਲੱਗਣਗੇ ਅਤੇ ਲੋਕਾਂ ਦੇ ਮਸਲੇ ਹੱਲ ਕਰਨ ਦੇ ਯਤਨ ਨਿਰੰਤਰ ਹੁੰਦੇ ਰਹਿਣਗੇ।
ਇਸ ਮੌਕੇ ਸ੍ਰੀ ਖੁਸ਼ਪਾਲ ਸਿੰਘ ਧਾਲੀਵਾਲ, ਓ.ਐਸ.ਡੀ ਗੁਰਜੰਟ ਸਿੰਘ ਸੋਹੀ, ਬੀ.ਡੀ.ਪੀ.ਓ ਸਿਤਾਰਾ ਸਿੰਘ ਵਿਰਕ, ਡੀ.ਐਸ.ਪੀ ਗੁਰਵਿੰਦਰ ਸਿੰਘ ਔਲਖ, ਬੀ.ਡੀ.ਪੀ ਓ ਰਮਦਾਸ ਜਸਬੀਰ ਕੌਰ, ਨਗਰ ਪੰਚਾਇਤ ਪ੍ਰਧਾਨ ਜਸਪਾਲ ਸਿੰਘ ਢਿੱਲੋ, ਆਪ ਸ਼ਹਿਰੀ ਪ੍ਰਧਾਨ ਅਮਿਤ ਔਲ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਕੈਪਸ਼ਨ
ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਵਿਖੇ ਲੋਕ ਦਰਬਾਰ ਵਿੱਚ ਲੋਕਾਂ ਦੇ ਮਸਲੇ ਸੁਣਦੇ ਹੋਏ।