ਪੰਜਾਬ ਸਰਕਾਰ ਵਿੱਚ ਦਿੱਲੀ ਦਰਬਾਰ ਵੱਲੋਂ ਕਰਵਾਈਆਂ ਜਾ ਰਹੀਆਂ ਨਿਯੁਕਤੀਆਂ ਸੂਬੇ ਦੇ ਹਿੱਤ ਵਿੱਚ ਨਹੀਂ-ਗਰਚਾ

0
93
ਪੰਜਾਬ ਸਰਕਾਰ ਵਿੱਚ ਦਿੱਲੀ ਦਰਬਾਰ ਵੱਲੋਂ ਕਰਵਾਈਆਂ ਜਾ ਰਹੀਆਂ ਨਿਯੁਕਤੀਆਂ ਸੂਬੇ ਦੇ ਹਿੱਤ ਵਿੱਚ ਨਹੀਂ-ਗਰਚਾ
ਲੁਧਿਆਣਾ (13 Oct 2024 ) :
ਹਾਲ ਦੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਲੀਡਰਸ਼ਿਪ ਦੀ ਪੰਜਾਬ ਦੇ ਕੰਮਕਾਜ ਵਿੱਚ ਲਗਾਤਾਰ ਵਧਦੀ ਜਾ ਰਹੀ ਦਖਲਅੰਦਾਜ਼ੀ ਨਾਲ ਇਹ ਪੂਰੀ ਤਰ੍ਹਾਂ ਸਾਫ਼ ਹੋ ਗਿਆ ਕਿ ਪੰਜਾਬ ਸਰਕਾਰ ਨੂੰ ਦਿੱਲੀ ਦਰਬਾਰ ਵੱਲੋਂ ਰਿਮੋਟ ਨਾਲ ਚਲਾਇਆ ਜਾ ਰਿਹਾ ਹੈ ਅਤੇ ਭਗਵੰਤ ਮਾਨ ਸਿਰਫ਼ ਇੱਕ ਨਾਮ ਦੇ ਮੁੱਖ ਮੰਤਰੀ ਹਨ। ਦਿੱਲੀ ਲੀਡਰਸ਼ਿਪ ਵੱਲੋਂ ਪੰਜਾਬ ਸਰਕਾਰ ਤੇ ਆਪਣਾ ਪ੍ਰਭਾਵ ਵਧਾਇਆ ਜਾ ਰਿਹਾ ਹੈ ਅਤੇ ਲਗਭਗ ਪੂਰੀ ਤਰ੍ਹਾਂ ਨਾਲ ਕੰਟਰੋਲ ਉਨ੍ਹਾਂ ਕੋਲ ਹੈ, ਇਸ ਵਜ੍ਹਾ ਕਰਕੇ ਪੰਜਾਬ ਵਿੱਚ ਅਸੰਤੁਸ਼ਟੀ ਲਗਾਤਾਰ ਵੱਧ ਰਹੀ ਹੈ। ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਇਸ ਨੂੰ ਲੈਕੇ ਗੱਲਬਾਤ ਕਰਦੇ ਹੋਏ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਰ ਵਾਰ ਆਪਣੇ ਵਿਰੋਧੀਆਂ ਦਾ ਮਜ਼ਾਕ ਉਡਾਉਂਦੇ ਚੁਟਕਲਿਆਂ ਨਾਲ ਜਿਹੜੇ ਭਗਵੰਤ ਮਾਨ ਨਿਸ਼ਾਨੇਬਾਜ਼ੀ ਕਰਦੇ ਰਹਿੰਦੇ ਹਨ ਹੁਣ ਇਸ ਗੰਭੀਰ ਮਾਮਲੇ ਵਿੱਚ ਬਿਲਕੁਲ ਚੁੱਪੀ ਧਾਰੀ ਬੈਠੇ ਹਨ। ਆਮ ਆਦਮੀ ਪਾਰਟੀ ਦੀ ਦਿੱਲੀ ਹਾਈਕਮਾਂਡ ਪੰਜਾਬ ਵਿੱਚ ਚਹੇਤਿਆਂ ਨੂੰ ਸਿੱਧੀ ਦਖਲਅੰਦਾਜ਼ੀ ਨਾਲ ਅਹਿਮ ਔਹੁਦਿਆਂ ਤੇ ਨਿਯੁਕਤ ਕਰਵਾ ਰਹੀ ਹੈ। ਪੰਜਾਬ ਸਰਕਾਰ ਵਿੱਚ ਅਹਿਮ ਔਹੁਦਿਆਂ ਤੇ ਨਿਯੁਕਤੀਆਂ ਕਰਨ ਵੇਲੇ ਸੂਬੇ ਦੇ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਦਿੱਲੀ ਦੇ ਸਾਬਕਾ ਅਧਿਕਾਰੀਆਂ ਅਤੇ ਪਾਰਟੀ ਦੇ ਕਰੀਬੀਆਂ ਨੂੰ ਕੁਰਸੀਆਂ ਤੇ ਬਿਠਾਇਆ ਜਾ ਰਿਹਾ ਹੈ, ਅਜਿਹਾ ਕਰਨਾ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਹੈ। ਦਿੱਲੀ ਦੀਆਂ ਨੀਤੀਆਂ ਵਿੱਚ ਪੰਜਾਬ ਦੇ ਸਥਾਨਕ ਲੋਕ ਮੁੱਦਿਆਂ ਨੂੰ ਲੋੜੀਂਦੀ ਅਹਿਮੀਅਤ ਨਹੀਂ ਦਿੱਤੀ ਜਾ ਰਹੀ ਹੈ ਅਜਿਹੇ ਨਾਲ ਸੂਬੇ ਦੇ ਵਿਕਾਸ ਵਿੱਚ ਰੁਕਾਵਟ ਬਣਦੀ ਜਾ ਰਹੀ ਹੈ ਜੋਕਿ ਚਿੰਤਾ ਦਾ ਵਿਸ਼ਾ ਹੈ। ਭਾਜਪਾ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਇਹ ਦਖ਼ਲਅੰਦਾਜ਼ੀ ਵੱਡੇ ਨਿੱਜੀ ਸਿਆਸੀ ਸਵਾਰਥੀ ਹਿੱਤਾਂ ਲਈ ਕੀਤੀ ਜਾ ਰਹੀ ਹੈ, ਦਿੱਲੀ ਲੀਡਰਸ਼ਿਪ ਆਪਣੇ ਸਮਰਥਕਾਂ ਅਤੇ ਚਹੇਤਿਆਂ ਨੂੰ ਪੰਜਾਬ ਵਿੱਚ ਅਹਿਮ ਔਹੁਦਿਆਂ ’ਤੇ ਬਿਠਾਉਣਾ ਚਾਹੁੰਦੀ ਹੈ। ਅਜਿਹੀਆਂ ਨਿਯੁਕਤੀਆਂ ਕਾਰਨ ਜਿੱਥੇ ਸਥਾਨਕ ਆਗੂਆਂ ਵਿੱਚ ਨਿਰਾਸ਼ਾ ਅਤੇ ਅਸੰਤੁਸ਼ਟੀ ਵਧ ਰਹੀ ਹੈ, ਉੱਥੇ ਹੀ ਹੁਣ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਆਪਣੀਆਂ ਨੀਤੀਆਂ ਅਤੇ ਵਾਅਦਿਆਂ ਤੋਂ ਭਟਕ ਗਏ ਹਨ। ਗਰਚਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਨਾਂ ‘ਤੇ ‘ਆਪ’ ਨੂੰ ਬਹੁਤ ਵੱਡਾ ਬਹੁਮਤ ਦਿੱਤਾ ਸੀ ਪਰ ਪੰਜਾਬੀਆਂ ਦੇ ਵੋਟ ਸ਼ਕਤੀ ਨਾਲ ਵਿਧਾਇਕ ਬਣੇ ਆਗੂ ਦਿੱਲੀ ਦੀ ਕਚਹਿਰੀ ‘ਚ ਹਾਜ਼ਰੀ ਭਰ ਪੰਜਾਬ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।

LEAVE A REPLY

Please enter your comment!
Please enter your name here