ਅੰਤਰਰਾਸ਼ਟਰੀ ਦਿਵਿਆਂਗਤਾਂ ਦਿਵਸ ਸਬੰਧੀ ਰਾਜ ਪੱਧਰੀ ਸਮਾਰੋਹ 5 ਦਸੰਬਰ ਨੂੰ ਆਯੋਜਿਤ
ਵੱਧ ਤੋਂ ਵੱਧ ਦਿਵਿਆਗਜਨਾਂ ਨੂੰ ਇਹਨਾਂ ਸਮਾਰੋਹ ਵਿੱਚ ਸ਼ਾਮਿਲ ਹੋਣ ਦੀ ਕੀਤੀ ਅਪੀਲ
ਚੰਡੀਗੜ੍ਹ, 3 ਦਸੰਬਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਸਬੰਧੀ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਮੌਕੇ 5 ਦਸੰਬਰ ਨੂੰ ਚੰਡੀਗੜ੍ਹ ਵਿਖੇ ਵੱਖ- ਵੱਖ ਸ਼ਖ਼ਸ਼ੀਅਤਾਂ ਦਾ ਸਟੇਟ ਅਵਾਰਡ ਨਾਲ ਸਨਮਾਨ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਇਥੇ ਕੀਤਾ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ 3 ਦਸੰਬਰ ਤੋਂ 10 ਦਸੰਬਰ ਤੱਕ ਅੰਤਰਾਸ਼ਟਰੀ ਦਿਵਿਆਂਗਤਾਂ ਹਫਤਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਤਰਾਸ਼ਟਰੀ ਦਿਵਿਆਂਗਤਾਂ ਦਿਵਸ ਸਬੰਧੀ ਰਾਜ ਪੱਧਰੀ ਸਮਾਰੋਹ 5 ਦਸੰਬਰ ਨੂੰ ਆਡੀਟੋਰੀਅਮ, ਸਥਾਨਕ ਸਰਕਾਰਾਂ ਵਿਭਾਗ, ਪੰਜਾਬ, ਸੈਕਟਰ-35 ਵਿਖੇ ਹੋਵੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਰਾਜ ਪੱਧਰ ਦੇ ਇਸ ਸਮਾਗਮ ਵਿੱਚ ਉੱਤਮ ਕੰਮ ਕਰਨ ਵਾਲੇ ਕਰਮਚਾਰੀਆਂ, ਵਿਅਕਤੀਆਂ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਵੱਖ-ਵੱਖ ਸ਼੍ਰੇਣੀਆਂ ਅਧੀਨ ਸਨਮਾਨਿਤ ਕੀਤਾ ਜਾਵੇਗਾ।
ਡਾ. ਬਲਜੀਤ ਕੌਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਪੱਧਰ ‘ਤੇ ਦਿਵਿਆਂਗਜਨਾਂ ਨੂੰ ਉਹਨਾਂ ਵੱਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਲਈ ਵੀ ਇਸ ਵਾਰ ਸਨਮਾਨਿਤ ਕੀਤਾ ਜਾਵੇਗਾ।
ਉਹਨਾਂ ਵੱਲੋਂ ਸਮੂਹ ਦਿਵਿਆਂਗਜਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਹਨਾਂ ਸਮਾਰੋਹਾਂ ਵਿੱਚ ਸ਼ਾਮਿਲ ਹੋ ਕੇ ਉਹਨਾਂ ਦੀ ਭਲਾਈ ਲਈ ਚੱਲ ਰਹੀਆਂ ਵੱਖ ਵੱਖ ਸਕੀਮਾਂ ਦਾ ਲਾਭ ਲੈਣ ਸਬੰਧੀ ਜਾਣਕਾਰੀ ਪ੍ਰਾਪਤ ਕਰਨ।